Breaking News
Home / ਪੰਜਾਬ / ‘ਸੰਯੁਕਤ ਸਮਾਜ ਮੋਰਚੇ’ ਨੇ ਮੁੜ ਫੜੀ ਸਰਗਰਮੀ

‘ਸੰਯੁਕਤ ਸਮਾਜ ਮੋਰਚੇ’ ਨੇ ਮੁੜ ਫੜੀ ਸਰਗਰਮੀ

ਕੋਰ ਕਮੇਟੀ ਕਾਇਮ ਕਰਕੇ ਭਵਿੱਖ ਦੀ ਰਣਨੀਤੀ ਉਲੀਕੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ ‘ਚ ਹੋਈਆਂ ਚੋਣਾਂ ਦੌਰਾਨ ਚੋਣ ਮੈਦਾਨ ‘ਚ ਨਿੱਤਰੇ ਕਿਸਾਨ ਜਥੇਬੰਦੀਆਂ ‘ਤੇ ਆਧਾਰਤ ‘ਸੰਯੁਕਤ ਸਮਾਜ ਮੋਰਚੇ’ ਨੇ ਮੁੜ ਸਰਗਰਮੀ ਫੜ ਲਈ ਹੈ। ਮੋਰਚੇ ਨੇ ਇੱਕ ਵੱਡੀ ਮੀਟਿੰਗ ਕਰਦਿਆਂ ਚੋਣਾਂ ਦੌਰਾਨ ਤੇ ਬਾਅਦ ‘ਚ ਬਣੇ ਮਾਹੌਲ ਦੀ ਸਮੀਖਿਆ ਕਰਕੇ ਭਵਿੱਖ ਦੀ ਰਣਨੀਤੀ ਵੀ ਉਲੀਕੀ।
ਮੋਰਚੇ ਦੇ ਆਗੂ ਪ੍ਰੋ. ਮਨਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕਮਲਪ੍ਰੀਤ ਸਿੰਘ ਪੰਨੂ ਤੇ ਬੋਘ ਸਿੰਘ ਮਾਨਸਾ ਨੇ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਉਮੀਦਵਾਰਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮੋਰਚੇ ਦੀ ਮਜ਼ਬੂਤੀ ਦਾ ਭਰੋਸਾ ਦਿੱਤਾ।
ਮੀਟਿੰਗ ਦੌਰਾਨ ਕੁਝ ਉਮੀਦਵਾਰਾਂ ਨੇ ਤਾਂ ਦਫ਼ਤਰ ਖੋਲ੍ਹ ਕੇ ਸਿਆਸੀ ਮੈਦਾਨ ਵਿੱਚ ਡਟਣ ਦੀ ਗੱਲ ਵੀ ਕਹੀ ਹੈ। ਕਿਸਾਨ ਆਗੂਆਂ ਨੇ ਸਮੇਂ ਦੀ ਰਫ਼ਤਾਰ ਅਨੁਸਾਰ ਚੱਲਦਿਆਂ ਆਈਟੀ ਸੈੱਲ ਨੂੰ ਮਜ਼ਬੂਤ ਕਰਨ ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੇ ਸੁਝਾਅ ਵੀ ਦਿੱਤੇ। ਪਾਰਟੀ ਲਈ ਫੰਡ ਜੁਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦੀ ਯੋਜਨਾ ਬਣਾਈ ਗਈ।
ਇਹ ਵੀ ਫੈਸਲਾ ਲਿਆ ਗਿਆ ਕਿ ਪਾਰਟੀ ਨੂੰ ਪੰਜਾਬੀ ਸਮਾਜ ਦਾ ਸੰਯੁਕਤ ਚਿਹਰਾ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ। ਚੋਣਾਂ ਦੌਰਾਨ ਸਿਆਸੀ ਪਾਰਟੀ ਵਜੋਂ ਉੱਭਰੇ ਸੰਯੁਕਤ ਸਮਾਜ ਮੋਰਚੇ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ ਬਾਰੇ ਵੀ ਵਿਚਾਰਾਂ ਹੋਈਆਂ। ਮੀਟਿੰਗ ਦੌਰਾਨ ਗਿਆਰਾਂ ਮੈਂਬਰੀ ਕੋਰ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਜਿਸ ਵਿੱਚ ਰਾਜਵੰਤ ਸਿੰਘ ਵਡਾਲਾ, ਐਡਵੋਕੇਟ ਵਿਪਨ ਕੁਮਾਰ, ਬਲਦੇਵ ਸਿੰਘ ਮੁੱਲਾਂਪੁਰ, ਅਮਰੀਕ ਸਿੰਘ ਭਾਗੋਵਾਲ, ਸਤਨਾਮ ਸਿੰਘ ਸੰਧੂ, ਮਨਜੀਤ ਸਿੰਘ, ਐਡਵੋਕੇਟ ਸਤਬੀਰ ਸਿੰਘ ਵਾਲੀਆ, ਐਡਵੋਕੇਟ ਹਰਿੰਦਰ ਸਿੰਘ ਈਸਰ, ਉਗਰ ਸਿੰਘ ਮਾਨਸਾ, ਡਾ. ਹਰਜਿੰਦਰ ਸਿੰਘ ਚੀਮਾ ਤੇ ਰਾਜ ਕੁਮਾਰ ਮਹਿਲ ਖੁਰਦ ਨੂੰ ਸ਼ਾਮਲ ਕੀਤਾ ਗਿਆ ਹੈ।

Check Also

ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਮੁਖੀ ਨੂੰ ਮਿਲੀ ਪੈਰੋਲ ਦਾ ਕੀਤਾ ਵਿਰੋਧ

ਭਾਜਪਾ ਰਾਮ ਰਹੀਮ ਨੂੰ ਪੈਰੋਲ ਦੇ ਕੇ ਸਿੱਖ ਜਜ਼ਬਾਤਾਂ ਨਾਲ ਖੇਡ ਰਹੀ ਹੈ : ਧਾਲੀਵਾਲ …