Breaking News
Home / ਪੰਜਾਬ / ਕੀ ਸਿਆਸਤ ’ਚ ਇਕੱਲੇ ਰਹਿ ਜਾਣਗੇ ਕੈਪਟਨ?

ਕੀ ਸਿਆਸਤ ’ਚ ਇਕੱਲੇ ਰਹਿ ਜਾਣਗੇ ਕੈਪਟਨ?

ਨਵਜੋਤ ਸਿੱਧੂ ਦਾ ਕਾਫਲਾ ਹੋਇਆ ਵੱਡਾ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ ਅਤੇ ਹੁਣ ਚਰਚਾਵਾਂ ਚੱਲ ਰਹੀਆਂ ਹਨ ਕਿ ਕੀ ਕੈਪਟਨ ਅਮਰਿੰਦਰ ਸਿਆਸਤ ਵਿਚ ਇਕੱਲੇ ਰਹਿ ਜਾਣਗੇ। ਉਹ ਇਸ ਕਰਕੇ ਹੈ ਕਿ ਸਿੱਧੂ ਦਾ ਪਲੜਾ ਭਾਰੀ ਹੁੰਦਾ ਜਾ ਰਿਹਾ ਹੈ ਅਤੇ ਬਹੁ ਗਿਣਤੀ ਵਿਧਾਇਕ ਤੇ ਮੰਤਰੀ ਸਿੱਧੂ ਨਾਲ ਆ ਗਏ ਹਨ। ਧਿਆਨ ਰਹੇ ਕਿ ਪ੍ਰਧਾਨ ਬਣਨ ਤੋਂ ਪਹਿਲਾਂ ਸਿੱਧੂ ਨੇ ਕਈ ਵਿਧਾਇਕਾਂ ਨਾਲ ਮੁਲਾਕਾਤ ਕਰ ਲਈ ਸੀ ਅਤੇ ਬਾਕੀ ਰਹਿੰਦਿਆਂ ਨਾਲ ਪ੍ਰਧਾਨ ਬਣਨ ਤੋਂ ਬਾਅਦ ਮੀਟਿੰਗਾਂ ਕਰ ਰਹੇ ਹਨ। ਲੰਘੇ ਕੱਲ੍ਹ ਵੀ ਸਿੱਧੂ ਨਾਲ 35 ਦੇ ਕਰੀਬ ਵਿਧਾਇਕਾਂ ਨੇ ਇਕਜੁੱਟਤਾ ਪ੍ਰਗਟਾਈ ਸੀ। ਕੈਪਟਨ ਅਮਰਿੰਦਰ ਦੇ ਅਤੀ ਨਜ਼ਦੀਗੀ ਸਾਾਥੀ ਵੀ ਹੁਣ ਸਿੱਧੂ ਖੇਮੇ ’ਚ ਵਿਖਾਈ ਦੇ ਰਹੇ ਹਨ। ਇਹ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਸਗੋਂ 1997 ਤੋਂ ਹੀ ਉਹ ਸੱਤਾ ਸੰਘਰਸ਼ ’ਚ ਅਜਿਹੇ ਹੀ ਸਮੇਂ ’ਚੋਂ ਲੰਘ ਰਹੇ ਹਨ ਪਰ ਕੈਪਟਨ ਦੀ ਜੋ ਸਥਿਤੀ ਅੱਜ ਹੋਈ ਹੈ, ਉਹ ਪਹਿਲਾਂ ਕਦੇ ਨਹੀਂ ਹੋਈ। ਮੰਨਿਆ ਜਾ ਰਿਹਾ ਹੈ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਲਈ ਜਾਣਗੇ, 80 ’ਚੋਂ 65 ਵਿਧਾਇਕ ਉਨ੍ਹਾਂ ਦੇ ਨਾਲ ਹੋਣਗੇ। ਜ਼ਿਕਰਯੋਗ ਹੈ ਕਿ 2007 ਦੀਆਂ ਚੋਣਾਂ ਦੌਰਾਨ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਕੈਪਟਨ ਅਮਰਿੰਦਰ ਵਿਚਕਾਰ ਟਿਕਟਾਂ ਨੂੰ ਲੈ ਕੇ ਟਕਰਾਅ ਹੋਇਆ, ਪਰ ਕੈਪਟਨ ਨੇ ਦੂਲੋ ਦੀ ਜ਼ਿਆਦਾ ਚੱਲਣ ਨਹੀਂ ਦਿੱਤੀ। 2017 ਦੀਆਂ ਚੋਣਾਂ ਤੋਂ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪ੍ਰਧਾਨਗੀ ਨੂੰ ਲੈ ਕੇ ਜੰਮ ਕੇ ਸੰਘਰਸ਼ ਹੋਇਆ ਸੀ। ਕਾਂਗਰਸ ਦਾ ਮੌਜੂਦਾ ਸਿਆਸੀ ਘਟਨਾਕ੍ਰਮ ਉਸੇ ਤਰ੍ਹਾਂ ਦਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪ੍ਰਧਾਨਗੀ ਖੋਹੀ ਸੀ। ਹੁਣ ਕੈਪਟਨ ਕੋਲ ਕੀ ਬਦਲ ਹਨ, ਇਹ ਸਵਾਲ ਸਿਆਸੀ ਗਲਿਆਰਿਆਂ ’ਚ ਉੱਠਣ ਲੱਗਿਆ ਹੈ।

 

Check Also

ਪੰਜਾਬ ’ਚ ਨਾਮਜ਼ਦਗੀਆਂ ਦੇ ਚੌਥੇ ਦਿਨ 18 ਤੋਂ ਵੱਧ ਉਮੀਦਵਾਰਾਂ ਨੇ ਕਾਗਜ਼ ਕੀਤੇ ਦਾਖਲ

ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਜੇਪੀ ਨੱਢਾ ਦੀ ਅਗਵਾਈ ’ਚ ਭਰੀ ਨਾਮਜ਼ਦਗੀ ਚੰਡੀਗੜ੍ਹ/ਬਿਊਰੋ …