Breaking News
Home / ਪੰਜਾਬ / ਖਹਿਰਾ ਨੂੰ ਫਸਾਉਣ ਲਈ 35 ਲੱਖ ‘ਚ ਹੋਇਆ ਸੌਦਾ!

ਖਹਿਰਾ ਨੂੰ ਫਸਾਉਣ ਲਈ 35 ਲੱਖ ‘ਚ ਹੋਇਆ ਸੌਦਾ!

ਗੱਲਬਾਤ ਦੀ ਆਡੀਓ ਜਾਰੀ ਕਰ ਸਿਮਰਜੀਤ ਬੈਂਸ ਨੇ ਸੌਦੇਬਾਜ਼ੀ ਦਾ ਪਰਦਾਫਾਸ਼ ਕਰਨ ਦਾ ਕੀਤਾ ਦਾਅਵਾ
ਚੰਡੀਗੜ੍ਹ/ਬਿਊਰੋੇ ਨਿਊਜ਼
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸੋਮਵਾਰ ਨੂੰ ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਤੋਂ ਢਾਈ ਘੰਟੇ ਪਹਿਲਾਂ ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਹੋ ਰਹੀ ਸਿਆਸਤ ਵਿਚ ਨਵਾਂ ਮੋੜ ਲਿਆ ਦਿੱਤਾ। ਬੈਂਸ ਭਰਾਵਾਂ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਇਕ ਆਡੀਓ ਰਿਕਾਰਡਿੰਗ ਜਾਰੀ ਕਰਕੇ ਦੋਸ਼ ਲਾਇਆ ਕਿ ਖਹਿਰਾ ਨੂੰ ਡਰੱਗਜ਼ ਮਾਮਲੇ ਵਿਚ ਫਸਾਉਣ ਲਈ 35 ਲੱਖ ਰੁਪਏ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨਾਲ ਸੌਦਾ ਕਰਕੇ ਕੇਸ ਪ੍ਰਭਾਵਿਤ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਰਿਕਾਰਡਿੰਗ ਵਿਚ ਜਿਹੜੀਆਂ ਗੱਲਾਂ ਹਨ, ਖਹਿਰਾ ਦੇ ਮਾਮਲੇ ਵਿਚ ਅਦਾਲਤ ਵਿਚ ਫੈਸਲਾ ਵੀ ਉਸੇ ਮੁਤਾਬਕ ਆਇਆ ਸੀ। ਇਸ ਲਈ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸਦੀ ਵੀਡੀਓ ਵੀ ਮੌਜੂਦ ਹੈ, ਜਿਸ ਨੂੰ ਉਹ ਸਮਾਂ ਆਉਣ ‘ਤੇ ਜਨਤਕ ਕਰਨਗੇ।
ਇਸ ਤੋਂ ਦੋ ਘੰਟੇ ਬਾਅਦ ਖਹਿਰਾ ਨੇ ਵਿਧਾਨ ਸਭਾ ਦੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਨੂੰ ਫਸਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 35 ਲੱਖ ਰੁਪਏ ਮੁਹੱਈਆ ਕਰਵਾਏ ਹੋ ਸਕਦੇ ਹਨ। ਇਸ ਨਾਲ ਮਾਮਲੇ ਨੂੰ ਗਲਤ ਰੂਪ ਦਿੱਤਾ ਗਿਆ। ਉਨ੍ਹਾਂ ਨੇ ਰਾਜਪਾਲ ਤੋਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਵਿਰੋਧੀ ਧਿਰ ਦੀ ਘੇਰਾਬੰਦੀ : ਅਕਾਲੀ ਦਲ ਅਤੇ ਭਾਜਪਾ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ। ਕਾਂਗਰਸ ਦੀ ਇਸੇ ਮੰਗ ਨੂੰ ਦੁਹਰਾ ਰਹੀ ਹੈ ਕਿ ਖਹਿਰਾ ‘ਤੇ ਨਸ਼ਾ ਸਮੱਗਲਰ ਦੀ ਮੱਦਦ ਦਾ ਕਾਨੂੰਨੀ ਦੋਸ਼ ਹੈ। ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਅਕਾਲੀ ਦਲ ਅਤੇ ਭਾਜਪਾ ਨੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀਂ ਰਾਜਪਾਲ ਨੂੰ ਯਾਦ ਪੱਤਰ ਦੇ ਕੇ ਖਹਿਰਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।
ਕੀ ਹੈ ਮਾਮਲਾ : ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਨੇ ਖਹਿਰਾ ਖਿਲਾਫ ਨਸ਼ਾ ਸਮੱਗਲਰਾਂ ਦੀ ਮੱਦਦ ਦੇ ਮਾਮਲੇ ਵਿਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਖਹਿਰਾ ਨੇ ਹਾਈਕੋਰਟ ਦੀ ਸ਼ਰਨ ਲਈ ਸੀ। ਇਸ ਮਾਮਲੇ ਵਿਚ ਹਾਈਕੋਰਟ ਨੇ ਖਹਿਰਾ ਨੂੰ ਰਾਹਤ ਦਿੰਦੇ ਹੋਏ ਗ੍ਰਿਫਤਾਰੀ ਵਾਰੰਟ ਰੱਦ ਕਰ ਦਿੱਤਾ ਸੀ, ਪਰ ਫਾਜ਼ਿਲਕਾ ਅਦਾਲਤ ਤੋਂ ਜਾਰੀ ਸੰਮਨ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ਨੂੰ ਫਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ‘ਤੇ ਛੱਡਿਆ ਜਾਂਦਾ ਹੈ। ਇਸ ਸਰਦ ਰੁੱਤ ਇਜਲਾਸ ਵਿਚ ਖਹਿਰਾ ਦੇ ਮਾਮਲੇ ਵਿਚ ਫੈਸਲਾ ਹੋਣਾ ਸੀ ਕਿ ਉਨ੍ਹਾਂ ਦੀ ਵਿਰੋਧੀ ਧਿਰ ਦੀ ਨੇਤਾ ਦੀ ਕੁਰਸੀ ਬਚੀ ਰਹਿੰਦੀ ਹੈ ਜਾਂ ਖੋਹੀ ਜਾਂਦੀ ਹੈ। ਆਪ ਦੇ ਕੁਝ ਵਿਧਾਇਕ ਵੀ ਇਸ ਮਾਮਲੇ ਵਿਚ ਅੰਦਰਖਾਤੇ ਖਹਿਰਾ ਦੇ ਖਿਲਾਫ ਹਨ, ਪਰ ਬੈਂਸ ਭਰਾ ਨੇ ਆਡੀਓ ਟੇਪ ਜਾਰੀ ਕਰਕੇ ਮਾਮਲਾ ਪਲਟ ਦਿੱਤਾ।
ਖਹਿਰਾ ਨੇ ਰਾਜਪਾਲ ਤੋਂ ਕੀਤੀ ਸੀਬੀਆਈ ਜਾਂਚ ਦੀ ਮੰਗ : ਖਹਿਰਾ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਨੇ ਵਿਧਾਇਕਾਂ ਨਾਲ ਸੋਮਵਾਰ ਨੂੰ ਰਾਜਪਾਲ ਨੂੰ ਮਿਲ ਕੇ ਯਾਦ ਪੱਤਰ ਦਿੱਤਾ ਹੈ ਕਿ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰੇਤ ਮਾਈਨਿੰਗ ਮਾਮਲੇ ਵਿਚ ਰਾਣਾ ਗੁਰਜੀਤ ਖਿਲਾਫ ਉਨ੍ਹਾਂ ਨੇ ਮੋਰਚਾ ਖੋਲ੍ਹਿਆ ਸੀ। ਇਸ ਲਈ ਰਾਣਾ ਵੀ ਰਕਮ ਦੇ ਸਕਦੇ ਹਨ ਜਾਂ ਫਿਰ ਸਰਕਾਰ ਖਿਲਾਫ ਵੱਖ-ਵੱਖ ਮਾਮਲਿਆਂ ਵਿਚ ਮੋਰਚਾ ਖੋਲ੍ਹਣ ਦੇ ਵਿਰੋਧ ਵਿਚ ਅੰਦਰਖਾਤੇ ਕੈਪਟਨ ਨੇ ਰਕਮ ਦਿੱਤੀ ਹੋਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਵੀ ਇਹ ਰਕਮ ਦੇ ਸਕਦੇ ਹਨ, ਕਿਉਂਕਿ ਉਨ੍ਹਾਂ ਦੇ ਸਾਲੇ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਨਸ਼ੇ ਨੂੰ ਲੈ ਕੇ ਕੇਸ ਚੱਲ ਰਿਹਾ ਹੈ। ਉਹ ਚਾਹੁੰਦੇ ਹਨ ਕਿ ਮੇਰੇ ਉਪਰ ਕੇਸ ਬਣ ਜਾਵੇ, ਜਿਸ ਨਾਲ ਮਜੀਠੀਆ ਦਾ ਕੇਸ ਹਲਕਾ ਹੋ ਜਾਵੇ।
ਅਦਾਲਤ ਜਾਣ ਖਹਿਰਾ : ਕੈਪਟਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਹਿਰਾ ਦੇ ਦੋਸ਼ਾਂ ‘ਤੇ ਕਿਹਾ ਕਿ ਉਹ ਇਸ ਮਾਮਲੇ ‘ਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਖਹਿਰਾ ਸੁਤੰਤਰ ਹਨ। ਆਪਣੀ ਮੰਗ ਲੈ ਕੇ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ।
ਖਹਿਰਾ ਕੁਝ ਵੀ ਦੋਸ਼ ਲਾ ਸਕਦੇ ਹਨ : ਰਾਣਾ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਹਿਰਾ ਕੁਝ ਵੀ ਦੋਸ਼ ਲਾ ਸਕਦੇ ਹਨ। ਉਨ੍ਹਾਂ ਦੇ ਕਿਸੇ ਵੀ ਦੋਸ਼ ‘ਤੇ ਉਨ੍ਹਾਂ ਨੇ ਕੁਮੈਂਟ ਨਹੀਂ ਕਰਨਾ।
ਜੱਜ ਰੱਬ ਦਾ ਰੂਪ : ਖਹਿਰਾ : ਖਹਿਰਾ ਨੇ ਕਿਹਾ ਕਿ ਜੱਜ ਰੱਬ ਦਾ ਰੂਪ ਹੁੰਦੇ ਹਨ, ਮੈਂ ਉਨ੍ਹਾਂ ਦਾ ਪੂਰਾ ਸਨਮਾਨ ਕਰਦਾ ਹਾਂ। ਇਸ ਤਰ੍ਹਾਂ ਦੀ ਘਟਨਾ ਨੇ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ। ਹੁਣ ਸੁਪਰੀਮ ਕੋਰਟ, ਹਾਈਕੋਰਟ ਅਤੇ ਮੀਡੀਆ ਹੀ ਸੱਚਾਈ ਸਾਹਮਣੇ ਲਿਆ ਸਕਦੇ ਹਨ।
ਖਹਿਰਾ ਨੇ ਆਪਣੇ ਉਤੇ ਲੱਗੇ ਦੋਸ਼ਾਂ ਦੀ ਮੰਗੀ ਸੀਬੀਆਈ ਜਾਂਚ
ਸਿਫਰ ਕਾਲ ਦੌਰਾਨ ਬੋਲਣ ਦਾ ਮੌਕਾ ਮਿਲਣ ‘ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਿਆਸੀ ਵਿਰੋਧੀਆਂ ‘ਤੇ ਸਾਜਿਸ਼ ਘੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਡੀਓ ਕਲਿੱਪ ਨੇ ਸਾਰੀ ਸਾਜ਼ਿਸ ਤੋਂ ਪਰਦਾ ਲਾਹ ਦਿੱਤਾ ਹੈ। ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ। ਖਹਿਰਾ ਨੇ ਸਾਜਿਸ਼ ਪਿੱਛੇ ਅਕਾਲੀ ਦਲ ਤੇ ਕਾਂਗਰਸ ਦੇ ਨੇਤਾਵਾਂ ਦਾ ਹੱਥ ਹੋਣ ਦੀ ਗੱਲ ਵੀ ਕਹੀ। ਜ਼ਿਕਰਯੋਗ ਹੈ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ‘ਆਪ’ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਖਹਿਰਾ ਦੇ ਮਾਮਲੇ ‘ਤੇ ਬਹਿਸ ਦੀ ਮੰਗ ਕਰਦਿਆਂ ਸਾਰੇ ਵਿਧਾਇਕ ਸਦਨ ਦੇ ਵਿਚਕਾਰ ਆ ਗਏ। ਸਪੀਕਰ ਨੇ ਵਿਧਾਇਕਾਂ ਨੂੰ ਵਾਰ-ਵਾਰ ਸੀਟਾਂ ‘ਤੇ ਜਾਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਰੌਲਾ ਜਾਰੀ ਰੱਖਿਆ। ਇਨ੍ਹਾਂ ਵਿਧਾਇਕਾਂ ਦਾ ਸਾਥ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਵੀ ਦਿੱਤਾ। ‘ਆਪ’ ਵਿਧਾਇਕਾਂ ਨੇ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਦੇ ਆਗੂਆਂ ਖਾਸ ਕਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲ ਹੀ ਨਿਸ਼ਾਨਾ ਸੇਧੀ ਰੱਖਿਆ ਜਦੋਂ ਕਿ ਅਕਾਲੀ ਵਿਧਾਇਕ ਕਿਸਾਨੀ ਮੰਗਾਂ ਅਤੇ ਕਰਜ਼ਾ ਮੁਆਫ਼ੀ ਦੇ ਨਾਅਰੇ ਲਾਉਂਦਿਆਂ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਰੌਲਾ ਪਾਉਂਦੇ ਰਹੇ। ਬਿਲ ਰੌਲੇ ਰੱਪੇ ਦੌਰਾਨ ਹੀ ਪਾਸ ઠਹੋਏ।
ਖਹਿਰਾ ਨੇ ਅਮਰਿੰਦਰ ਨੂੰ ਕੱਢੀਆਂ ਗਾਲ਼ਾਂ, ਨਿੱਜੀ ਜ਼ਿੰਦਗੀ ‘ਤੇ ਵੀ ਕੀਤੀ ਟਿੱਪਣੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਹਾਈਕੋਰਟ ਵਿਚ ਪਟੀਸ਼ਨ ਰੱਦ ਹੋਣ ਦੇ ਮਾਮਲੇ ਵਿਚ ਰਿਸ਼ਵਤ ਦੀ ਖੇਡ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬੈਂਸ ਭਰਾਵਾਂ ਵਲੋਂ ਜਾਰੀ ਕੀਤੀ ਗਈ ਆਡੀਓ ਸੀਡੀ ਦਾ ਨਿਚੋੜ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਬੈਠਕ ਵਿਚ ਬੈਂਸ ਭਰਾਵਾਂ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕਰਕੇ ਹੋਇਆ। ਸਦਨ ਵਿਚ ਇਸ ਨਿੰਦਾ ਪ੍ਰਸਤਾਵ ਵਿਚ ਹਾਈਕੋਰਟ ਦੇ ਮੁੱਖ ਜੱਜ ਨੂੰ ਮਾਮਲੇ ਵਿਚ ਸੂਓ ਮੋਟੋ ਨੋਟਿਸ ਲੈ ਕੇ ਨਿਆਂ ਪਾਲਿਕਾ ਤੇ ਜੱਜਾਂ ਦੀ ਮਰਿਆਦਾ ਬਚਾਉਣ ਲਈ ਕਾਨੂੰਨ ਅਨੁਸਾਰ ਕਾਰਵਾਈ ਦੀ ਅਪੀਲ ਕੀਤੀ ਗਈ ਹੈ।
ਵਿਧਾਨ ਸਭਾ ਵਿਚ ਇਹ ਨਿੰਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਖਹਿਰਾ ਇਸ ਹੱਦ ਤੱਕ ਭੜਕ ਗਏ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗਾਲ਼ਾਂ (ਕ੩੩… ਹ੩੩…) ਤੱਕ ਕੱਢ ਦਿੱਤੀਆਂ। ਹਾਲਾਂਕਿ ਇਸ ਲਈ ‘ਆਪ’ ਵਿਧਾਇਕ ਕੰਵਰ ਸੰਧੂ ਨੇ ਸਥਿਤੀ ਨੂੰ ਸੰਭਾਲਦੇ ਹੋਏ ਕਿਹਾ ਕਿ ਭਾਵਨਾਵਾਂ ਵਿਚ ਆ ਕੇ ਜੇ ਖਹਿਰਾ ਤੋਂ ਕੋਈ ਅਪਸ਼ਬਦ ਨਿਕਲ ਗਿਆ ਹੋਵੇ ਤਾਂ ਉਹ ਉਸ ਲਈ ਮੁਆਫੀ ਮੰਗਦੇ ਹਨ। ਪ੍ਰੈਸ ਕਾਨਫਰੰਸ ਦੌਰਾਨ ਖਹਿਰਾ ਭਾਵੁਕ ਵੀ ਹੋਏ।
ਖਹਿਰਾ ਨੇ ਕਿਹਾ ਕਿ ਇਸ ਨਿੰਦਾ ਪ੍ਰਸਤਾਵ ਤੋਂ ਇਹ ਸਾਬਤ ਹੋ ਗਿਆ ਕਿ ਉਨ੍ਹਾਂ ਵਿਰੁੱਧ ਰਚੀਆਂ ਜਾ ਰਹੀਆਂ ਸਾਜਿਸ਼ਾਂ ਪਿੱਛੇ ਕੈਪਟਨ ਅਮਰਿੰਦਰ ਸਿੰਘ ਦਾ ਹੀ ਹੱਥ ਹੈ ਜੋ ਆਪਣੇ ਦਾਗੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਲਈ ਇਹ ਖੇਡ, ਖੇਡ ਰਹੇ ਹਨ। ਖਹਿਰਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਉਨ੍ਹਾਂ ਨੂੰ ਵਿਧਾਇਕ ਤੇ ਵਿਰੋਧੀ ਦਲ ਦੇ ਆਗੂ ਦੇ ਅਹੁਦੇ ਤੋਂ ਹੀ ਨਹੀਂ, ਸਗੋਂ ਰਾਜਨੀਤਕ ਤੌਰ ‘ਤੇ ਵੀ ਖਤਮ ਕਰਨਾ ਚਾਹੁੰਦੇ ਹਨ ਤਾਂ ਕਿ ਸਰਕਾਰ ਦਾ ਵਿਰੋਧ ਰੁਕ ਸਕੇ। ਖਹਿਰਾ ਨੇ ਸ਼ੱਕ ਪ੍ਰਗਟ ਕੀਤਾ ਕਿ ਸੱਤਾਧਿਰ ਤੋਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ, ਇਸ ਲਈ ਸਬੰਧਤ ਅਥਾਰਟੀਜ਼ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਅਜਿਹੀਆਂ ਘਟੀਆ ਸਾਜਿਸ਼ਾਂ ਰਚਣ ਦੀ ਥਾਂ ਜੇ ਉਨ੍ਹਾਂ ਵਿਰੁੱਧ ਡਰੱਗਜ਼ ਮਾਮਲੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਲ ਹੋਣਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਸ਼ਰ੍ਹੇਆਮ ਗੋਲੀ ਮਾਰ ਦਿੱਤੀ ਜਾਵੇ ਜਾਂ ਫਿਰ ਫਾਂਸੀ ‘ਤੇ ਲਟਕਾ ਦਿੱਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧਾ ਰਾਜਨੀਤਕ ਵਾਰ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਸਰਕਾਰੀ ਨਿਵਾਸ ‘ਤੇ ਮਹੀਨਿਆਂ ਤੋਂ ਰਹਿ ਰਹੀ ਪਾਕਿਸਤਾਨੀ ਨਾਗਰਿਕ ਅਰੂਸਾ ਆਲਮ ਪਾਕਿਸਤਾਨੀ ਡਿਫੈਂਸ ਐਨਾਲਿਸਟ ਹੈ, ਜੋ ਉਨ੍ਹਾਂ ਦੇ ਨਿਵਾਸ ਤੋਂ ਪਾਕਿਸਤਾਨ ਲਈ ਜਾਸੂਸੀ ਦਾ ਕੰਮ ਕਰ ਰਹੀ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …