ਪਟਨਾ/ਬਿਊਰੋ ਨਿਊਜ਼ : ਬੀਤੇ 25 ਸਾਲਾਂ ਤੋਂ ਬਿਹਾਰ ਸਰਕਾਰ ਦੇ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐਮਸੀਐਚ) ਵਿਚਲੇ ਲਾਵਾਰਿਸ ਮਰੀਜ਼ਾਂ ਦੇ ਵਾਰਡ ਵਿੱਚ ਦਾਖ਼ਲ ਮਰੀਜ਼ਾਂ ਨੂੰ ਰੋਜ਼ਾਨਾ ਰਾਤ ਦਾ ਖਾਣਾ ਖਵਾਉਣ ਤੇ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਆ ਰਹੇ ਸਿੱਖ ਸ਼ਰਧਾਲੂ ਗੁਰਮੀਤ ਸਿੰਘ (58) ਨੂੰ ਲੰਡਨ ਆਧਾਰਿਤ ਸਮਾਜਕ ਸੰਸਥਾ ‘ਦਿ ਸਿੱਖ ਡਾਇਰੈਕਟਰੀ’ ਨੇ ਐਵਾਰਡ ਦੇਣ ਲਈ ਸੱਦਿਆ ਹੈ। ਸੰਸਥਾ ਨੇ ਉਨ੍ਹਾਂ ਦੀ ਆਪਣੇ ‘ਵਰਲਡ ਸਿੱਖ ਐਵਾਰਡਜ਼’ ਤਹਿਤ ਇਸ ਸਾਲ ਦਾ ‘ਸਿੱਖਸ ਇਨ ਸੇਵਾ’ ਪੁਰਸਕਾਰ ਦੇਣ ਲਈ ਚੋਣ ਕੀਤੀ ਹੈ। ਜ਼ਿਕਰਯੋਗ ਹੈ ਕਿ ਬਿਹਾਰ ਸਰਕਾਰ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਦਿਹਾੜੇ ਸਬੰਧੀ ਇਥੇ ਹੋਏ ਤਿੰਨ-ਰੋਜ਼ਾ ਸਮਾਗਮ ਵਿੱਚ ਗੁਰਮੀਤ ਸਿੰਘ ਨੂੰ ਸੱਦਾ ਤੱਕ ਦੇਣ ਵਿੱਚ ਨਾਕਾਮ ਰਹੀ ਸੀ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਗ਼ਰੀਬਾਂ ਤੇ ਬੇਸਹਾਰਿਆਂ ਦਾ ਢਿੱਡ ਭਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ। ਇਸੇ ਕਾਰਨ ਉਨ੍ਹਾਂ ਇਕ ਵਾਰ ਤਾਂ ਲੰਡਨ ਵਿੱਚ ਆਗਾਮੀ 19 ਨਵੰਬਰ ਨੂੰ ਹੋਣ ਵਾਲੇ ਐਵਾਰਡ ਵੰਡ ਸਮਾਗਮ ਵਿੱਚ ਜਾਣ ਤੋਂ ਵੀ ਨਾਂਹ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਇਨ੍ਹਾਂ ਮਰੀਜ਼ਾਂ ਦਾ ਖ਼ਿਆਲ ਕੌਣ ਰੱਖੇਗਾ। ਆਖ਼ਰ ਜਦੋਂ ਉਨ੍ਹਾਂ ਦੇ ਚਾਰ ਭਰਾਵਾਂ ਤੇ ਪੁੱਤਰ ਨੇ ਭਰੋਸਾ ਦਿੱਤਾ ਕਿ ਉਹ ਮਰੀਜ਼ਾਂ ਦੀ ਦੇਖਭਾਲ ਕਰਨਗੇ, ਤਾਂ ਹੀ ਗੁਰਮੀਤ ਸਿੰਘ ਨੇ ਲੰਡਨ ਜਾਣ ਦੀ ਹਾਮੀ ਭਰੀ। ਉਂਜ ਉਨ੍ਹਾਂ ਨੇ ਹਾਲੇ ਲੰਡਨ ਜਾਣ ਲਈ ਆਪਣਾ ਪਾਸਪੋਰਟ ਬਣਵਾਉਣਾ ਹੈ। ਉਨ੍ਹਾਂ ਹਾਲੇ ਪਾਸਪੋਰਟ ਲਈ ਅਰਜ਼ੀ ਤੱਕ ਨਹੀਂ ਦਿੱਤੀ। ਉਹ ਅੰਗਰੇਜ਼ੀ ਬੋਲਣ ਤੋਂ ਵੀ ਝਿਜਕ ਮਹਿਸੂਸ ਕਰਦੇ ਹਨ ਕਿਉਂਕਿ ਉਹ ਛੇਵੀਂ ਜਮਾਤ ਤੱਕ ਹੀ ਪੜ੍ਹੇ ਹੋਏ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …