ਯੁਵਰਾਜ ਸਿੰਘ ਨੂੰ ਵੀ ਗੁਰਦਾਸਪੁਰ ਤੋਂ ਚੋਣ ਲੜਾਉਣ ਦੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਕ ਪਾਸੇ ਜਿੱਥੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭਾਜਪਾ ‘ਚ ਮੁੜ ਵਾਪਸੀ ਦੀ ਚਰਚਾ ਹੋ ਰਹੀ ਹੈ, ਉੱਥੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ। ਦੋਵਾਂ ਨੂੰ ਹੀ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਬੇੱਸ਼ਕ ਨਵਜੋਤ ਸਿੱਧੂ ਦੇ ਰਾਹੁਲ ਗਾਂਧੀ ਨਾਲ ਗੂੜ੍ਹੇ ਸਬੰਧ ਹਨ ਪਰ ਖੇਤਰੀ ਭਾਜਪਾ ਆਗੂਆਂ ਨੂੰ ਲੱਗਦਾ ਹੈ ਕਿ ਉਹ ਮੂਲ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ ਤੇ ਪੰਜਾਬ ਤੋਂ ਸੰਸਦ ਮੈਂਬਰ ਉਮੀਦਵਾਰ ਬਣ ਸਕਦੇ ਹਨ। ਭਾਜਪਾ ਦੇ ਇਕ ਆਗੂ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਦੇ ਪੁਖ਼ਤਾ ਸਬੂਤ ਹਨ। ਇਸਦੇ ਨਾਲ ਹੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਭਾਜਪਾ ਗੁਰਦਾਸਪੁਰ ਤੋਂ ਮੌਜੂਦਾ ਐੱਮਪੀ ਸਨੀ ਦਿਓਲ ਦੀ ਜਗ੍ਹਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰ ਸਕਦੀ ਹੈ।