Breaking News
Home / ਪੰਜਾਬ / ਨਵਾਂ ਸ਼ਹਿਰ ‘ਚ ਐਨ ਆਰ ਆਈ ਵਿਆਹ ਦੀ ਅਨੋਖੀ ਮਿਸਾਲ

ਨਵਾਂ ਸ਼ਹਿਰ ‘ਚ ਐਨ ਆਰ ਆਈ ਵਿਆਹ ਦੀ ਅਨੋਖੀ ਮਿਸਾਲ

ਰੋਡਵੇਜ਼ ਦੀ ਬੱਸ ‘ਚ ਗਈ ਬਰਾਤ, ਸਭ ਨੇ ਆਪੋ-ਆਪਣੀਆਂ ਲਈਆਂ ਟਿਕਟਾਂ
ਬਿਨਾ ਖਰਚ ਕੀਤੇ ਸਾਦੇ ਕੱਪੜਿਆਂ ‘ਚ ਹੋਇਆ ਵਿਆਹ
ਨਵਾਂ ਸ਼ਹਿਰ : ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਭੀਣ ਦਾ ਇਕ ਨੌਜਵਾਨ ਰੋਡਵੇਜ਼ ਦੀ ਬੱਸ ਵਿਚ ਬਰਾਤ ਲਿਜਾਣ ਕਾਰਨ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲਾੜੇ ਦੀ ਇਸ ਪਹਿਲਕਦਮੀ ਨੂੰ ਹੋਰ ਅੱਗੇ ਲਿਜਾਂਦਿਆਂ ਬਰਾਤੀਆਂ ਨੇ ਬੱਸ ਵਿਚ ਸਫ਼ਰ ਦੀਆਂ ਟਿਕਟਾਂ ਲੈ ਕੇ ਸਮਾਜ ਨੂੰ ਨਵੀਂ ਸੇਧ ਦਿੰਦਿਆਂ ਮਹਿੰਗਾਈ ਦੇ ਇਸ ਯੁੱਗ ਵਿਚ ਸੀਮਤ ਖਰਚੇ ਕਰਨ ਦਾ ਹੋਕਾ ਦਿੱਤਾ ਹੈ। ਇਹ ਬਰਾਤ ਨਵਾਂ ਸ਼ਹਿਰ ਬੱਸ ਅੱਡੇ ਤੋਂ ਲੁਧਿਆਣਾ ਲਈ ਰਵਾਨਾ ਹੋਈ ਅਤੇ ਮੁੜ ਸ਼ਾਮ ਨੂੰ ਨਵਾਂ ਸ਼ਹਿਰ ਪੁੱਜੀ। ਬਰਾਤੀਆਂ ਨੇ ਇਸ ਦੌਰਾਨ ਸਮਾਜ ਨੂੰ ਜਾਗਰੂਕਤਾ ਸੰਦੇਸ਼ ਦੇਣ ਵਾਲੀਆਂ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ। ਲਾੜੇ ਅਮਰਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਭੀਣ ਨੇ ਦੱਸਿਆ ਕਿ ਉਸ ਦੀ ਅਮਨ ਸਹੋਤਾ ਪੁੱਤਰੀ ਜਗਦੀਸ਼ ਸਿੰਘ ਪਿੰਡ ਮਾਣੂਕੇ ਲੁਧਿਆਣਾ ਜੋ ਕੈਨੇਡਾ ਦੀ ਵਸਨੀਕ ਹੈ ਨਾਲ ਦੋ ਸਾਲ ਪਹਿਲਾਂ ਮੰਗਣੀ ਹੋਈ ਸੀ। ਇਸ ਦੌਰਾਨ ਸਾਦਾ ਵਿਆਹ ਕਰਨ ਲਈ ਸਹਿਮਤੀ ਬਣੀ ਸੀ। ਉਸ ਨੇ ਕਿਹਾ ਕਿ ਅਮਨ ਹੁਣ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਲੈ ਕੇ ਪੰਜਾਬ ਆਈ ਹੈ। ਉਨ੍ਹਾਂ ਨੇ ਇਹ ਵਿਆਹ ਦਾਜ ਤੋਂ ਬਗੈਰ, ਬਿਨਾ ਕੋਈ ਹੋਰ ਖ਼ਰਚ ਕੀਤੇ ਅਤੇ ਸਾਦੇ ਕੱਪੜਿਆਂ ਵਿਚ ਕੀਤਾ ਹੈ। ਭਾਵੇਂ ਲੜਕੀ ਵਾਲਿਆਂ ਨੇ 5 ਵਿਅਕਤੀ ਬਰਾਤੀ ਬੁਲਾਏ ਸਨ ਪਰ ਉਹ 20 ਬਰਾਤੀ ਲੈ ਕੇ ਗਏ ਸਨ। ਉਸ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਲੋਂ ਘਰ ਦੇ 5 ਜੀਆਂ ਅਤੇ ਬਰਾਤੀਆਂ ਨੂੰ ਜਗਰਾਉਂ ਦੇ ਢਾਬੇ ‘ਤੇ ਖਾਣਾ ਖੁਆਇਆ ਗਿਆ। ਉਸ ਨੇ ਕਿਹਾ ਕਿ ਉਹ ਲੋਕਾਂ ਨੂੰ ਸਾਦਾ ਵਿਆਹ ਕਰਨ ਦਾ ਸੁਨੇਹਾ ਦੇ ਰਹੇ ਹਨ ਤਾਂ ਜੋ ਕਿਸੇ ਵੀ ਲੜਕੀ ਦੇ ਪਿਤਾ ਨੂੰ ਕਰਜ਼ੇ ਹੇਠ ਆ ਕੇ ਖੁਦਕੁਸ਼ੀ ਨਾ ਕਰਨੀ ਪਵੇ। ਬਰਾਤ ਦੇਰ ਰਾਤ ਨਵਾਂਸ਼ਹਿਰ ਬੱਸ ਅੱਡੇ ‘ਤੇ ਪੁੱਜੀ ਅਤੇ ਬਰਾਤੀ ਥ੍ਰੀ ਵੀਲ੍ਹਰ ਰਾਹੀਂ ਆਪਣੇ ਪਿੰਡ ਭੀਣ ਨੂੰ ਰਵਾਨਾ ਹੋ ਗਏ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …