Breaking News
Home / ਪੰਜਾਬ / ਪਰੇਡ ਦੀ ਤਿਆਰੀ : ਜੱਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਸ਼ਤਾਬਦੀ ਮੌਕੇ ਪੰਜਾਬ ਤੇ ਕੇਂਦਰ ਦਾ ਸਾਂਝਾ ਯਤਨ

ਪਰੇਡ ਦੀ ਤਿਆਰੀ : ਜੱਲ੍ਹਿਆਂਵਾਲੇ ਬਾਗ ਦੇ ਸਾਕੇ ਦੀ ਸ਼ਤਾਬਦੀ ਮੌਕੇ ਪੰਜਾਬ ਤੇ ਕੇਂਦਰ ਦਾ ਸਾਂਝਾ ਯਤਨ

ਪਰੇਡ ‘ਚ ਮਹਿਸੂਸ ਹੋਵੇਗਾ ਸਾਕੇ ਦਾ ਦਰਦ
ਚੰਡੀਗੜ੍ਹ : ਗਣਤੰਤਰ ਦਿਵਸ ‘ਤੇ ਰਾਜਪਥ ‘ਤੇ ਹੋਣ ਵਾਲੀ ਪਰੇਡ ਦੌਰਾਨ ਇਸ ਵਾਰ ਦੇਸ਼ ਵਾਸੀ ਜੱਲ੍ਹਿਆਂਵਾਲਾ ਬਾਗ ਸਾਕੇ ਦਾ ਦਰਦ ਮਹਿਸੂਸ ਕਰਨਗੇ। ਇਸ ਸਾਲ ਅਪ੍ਰੈਲ ਵਿਚ ਅਜ਼ਾਦੀ ਦੀ ਲੜਾਈ ਦੇ ਸਭ ਤੋਂ ਵੱਡੇ ਸਾਕੇ ਦੇ ਸੌ ਸਾਲ ਪੂਰੇ ਹੋ ਰਹੇ ਹਨ। ਕੇਂਦਰ ਸਰਕਾਰ ਨੇ ਪਰੇਡ ਲਈ ਪੰਜਾਬ ਦੀ ਇਸ ਝਾਕੀ ਨੂੰ ਮਨਜੂਰੀ ਦੇ ਦਿੱਤੀ ਹੈ। ਸੂਬਾ ਸਰਕਾਰ ਵਲੋਂ ਝਾਕੀ ਤਿਆਰ ਕਰਵਾਈ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਜੱਲਿਆਂਵਾਲਾ ਬਾਗ ਸਾਕੇ ਦੇ ਆਉਂਦੀ 13 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਸੌ ਸਾਲਾ ਦਿਵਸ ਨੂੰ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਸਦੀ ਪਹਿਲੀ ਕੜੀ ਵਿਚ ਗਣਤੰਤਰ ਦਿਵਸ ਦੀ ਪਰੇਡ ਵਿਚ ਝਾਕੀ ਸ਼ਾਮਲ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਅਨੰਦਿਤਾ ਮਿੱਤਰਾ ਨੇ ਪੰਜਾਬ ਦੀ ਝਾਕੀ ਨੂੰ ਮਨਜੂਰੀ ਮਿਲਣ ਦੀ ਪੁਸ਼ਟੀ ਕੀਤੀ ਹੈ। ਜੱਲ੍ਹਿਆਂਵਾਲਾ ਬਾਗ ਸਾਕਾ ਇਤਿਹਾਸ ਦਾ ਸਭ ਤੋਂ ਕਰੂਰ ਕਾਰਾ ਮੰਨਿਆ ਜਾਂਦਾ ਹੈ, ਜਿਸ ਵਿਚ ਸੈਂਕੜੇ ਨਿਰਦੋਸ਼ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਜੱਲ੍ਹਿਆਂਵਾਲਾ ਬਾਗ ਵਿਚ 13 ਅਪ੍ਰੈਲ 1919 (ਵਿਸਾਖੀ ਵਾਲੇ ਦਿਨ) ਨੂੰ ਰੋਲੇਟ ਐਕਟ ਦਾ ਵਿਰੋਧ ਕਰਨ ਲਈ ਸਭਾ ਬੁਲਾਈ ਗਈ ਸੀ। ਇਸ ਸਭਾ ਵਿਚ ਅੰਗਰੇਜ਼ ਅਧਿਕਾਰੀ ਜਨਰਲ ਡਾਇਰ ਨੇ ਗੋਲੀਆਂ ਚਲਵਾ ਦਿੱਤੀਆਂ, ਜਿਸ ਵਿਚ 400 ਤੋਂ ਵੱਧ ਲੋਕ ਸ਼ਹੀਦ ਹੋ ਗਏ ਤੇ 2000 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫਤਰ ਵਿਚ 484 ਸ਼ਹੀਦਾਂ ਦੀ ਸੂਚੀ ਹੈ, ਜਦਕਿ ਜੱਲ੍ਹਿਆਂਵਾਲਾ ਬਾਗ ਵਿਚ ਕੁੱਲ 388 ਸ਼ਹੀਦਾਂ ਦੀ ਸੂਚੀ ਹੈ। ਗੈਰ ਅਧਿਕਾਰੀ ਅੰਕੜਿਆਂ ਮੁਤਾਬਕ ਇਕ ਹਜ਼ਾਰ ਤੋਂ ਵੱਧ ਲੋਕ ਸ਼ਹੀਦ ਹੋਏ ਸਨ ਤੇ ਦੋ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।
ਪੰਜਾਬ ਨੂੰ ਲਗਾਤਾਰ ਤੀਜੇ ਸਾਲ ਮਿਲੀ ਝਾਕੀ ਦੀ ਮਨਜੂਰੀ
ਇਹ ਲਗਾਤਾਰ ਤੀਜਾ ਸਾਲ ਹੈ, ਜਦੋਂ ਪੰਜਾਬ ਦੀ ਝਾਕੀ ਨੂੰ ਮਨਜੂਰੀ ਮਿਲੀ ਹੈ। ਆਮ ਤੌਰ ‘ਤੇ ਇਕ ਸਾਲ ਛੱਡ ਕੇ ਕਿਸੇ ਸੂਬੇ ਦਾ ਨੰਬਰ ਆਉਂਦਾ ਹੈ। ਪਿਛਲੇ ਸਾਲ ਲੰਗਰ ਪ੍ਰਥਾ ਨੂੰ ਸਮਰਪਿਤ ਪੰਜਾਬ ਦੀ ਝਾਕੀ ਤਿਆਰ ਕੀਤੀ ਗਈ ਸੀ, ਜਿਸ ਦੀ ਦੇਸ਼ ਭਰ ਵਿਚ ਕਾਫੀ ਸ਼ਲਾਘਾ ਹੋਈ ਸੀ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …