ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਸਹਿਕਾਰਤਾ ਲਹਿਰ ਨੂੰ ਸੱਟ ਮਾਰਨ ਵਿੱਚ ਜਿੱਥੇ ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਨਾਲ ਹੀ ਅਫ਼ਸਰਸ਼ਾਹੀ ਦੀ ਭੂਮਿਕਾ ਸਮੇਂ-ਸਮੇਂ ਉਜਾਗਰ ਹੁੰਦੀ ਰਹੀ, ਉੱਥੇ ਹੁਣ ਇਸ ਸੂਚੀ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਨਾਂ ਵੀ ਜੁੜ ਗਿਆ ਹੈ। ਕਰਜ਼ਾ ਨਾ ਮੋੜਣ ਦੇ ਮਾਮਲੇ ਵਿੱਚ ‘ਆਪ’ ਆਗੂ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਬੈਂਕ ਅਧਿਕਾਰੀਆਂ ਨੇ ਇਸ ਸਬੰਧੀ ਸੂਚੀ ਤਿਆਰ ਕਰ ਲਈ ਹੈ ਤੇ ਉਗਰਾਹੀ ਲਈ ਯਤਨ ਆਰੰਭ ਦਿੱਤੇ ਹਨ।
ਸਹਿਕਾਰੀ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਵਿੱਚ ਫਾਜ਼ਿਲਕਾ-ਅਬੋਹਰ ਖੇਤਰ ਤੋਂ ‘ਆਪ’ ਆਗੂ ਗੁਰਮੀਤ ਸਿੰਘ ਬਰਾੜ ਸਭ ਤੋਂ ਅੱਗੇ ਹਨ। ਉਨ੍ਹਾਂ ਵੱਖ-ਵੱਖ ਮੌਕਿਆਂ ‘ਤੇ 78 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਇਹ ਹੁਣ ਵੱਧ ਕੇ ਇਕ ਕਰੋੜ ਚਾਲੀ ਲੱਖ ਤੱਕ ਅੱਪੜ ਚੁੱਕਾ ਹੈ। ਕਪੂਰਥਲਾ ਜ਼ਿਲ੍ਹੇ ਦੇ ਜਟੀਕੇ ਪਿੰਡ ਨਾਲ ਸਬੰਧਤ ਇਕ ਹੋਰ ‘ਆਪ’ ਆਗੂ ਅਮਰੀਕ ਸਿੰਘ ਨੇ ਸਾਲ 2006 ਵਿੱਚ ਸਤਾਰਾਂ ਲੱਖ ਤੋਂ ਵੱਧ ਦਾ ਕਰਜ਼ਾ ਖੇਤੀ ਕੰਮਾਂ ਲਈ ਲਿਆ ਪਰ ਮੋੜਿਆ ਨਹੀਂ ਗਿਆ। ਇਸ ਸੂਚੀ ਵਿੱਚ ਸਮਾਣਾ ਤੋਂ ‘ਆਪ’ ਆਗੂ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਦਾ ਵੀ ਨਾਂ ਹੈ, ਜਿਨ੍ਹਾਂ ਤੀਹ ਲੱਖ ਰੁਪਏ ਬੈਂਕ ਦੇ ਨਹੀਂ ਮੋੜੇ। ਇਸੇ ਪਿੰਡ ਦੇ ਇਕ ਹੋਰ ‘ਆਪ’ ਆਗੂ ਦੇ ਰਿਸ਼ਤੇਦਾਰ ਜਰਨੈਲ ਸਿੰਘ ਨੇ ਵੀ 2009 ਵਿੱਚ ਗਿਆਰਾਂ ਲੱਖ ਰੁਪਏ ਕਰਜ਼ਾ ਨਹੀਂ ਮੋੜਿਆ ਜੋ ਕਿ ਹੁਣ ਵੱਧ ਚੁੱਕਾ ਹੈ। ‘ਆਪ’ ਦੇ ਮੁਹਾਲੀ ਤੋਂ ਆਗੂ ਨਰਿੰਦਰ ਸਿੰਘ ਦੀ ਪਤਨੀ ਜਸਕਿਰਨ ਕੌਰ ਸਿਰ ਵੀ ਬੈਂਕ ਦੀ ਕਰੀਬ ਚੌਦਾਂ ਲੱਖ ਦੀ ਦੇਣਦਾਰੀ ਹੈ। ਇਸ ਤੋਂ ਇਲਾਵਾ ਰਾਜਪੁਰਾ ਦੇ ਪਿੰਡ ਜਲਾਲਪੁਰ ਤੋਂ ‘ਆਪ’ ਆਗੂ ਗੁਰਦਰਸ਼ਨ ਸਿੰਘ ਦੀ ਬੈਂਕ ਵੱਲ ਪੰਜ ਲੱਖ ਤੋਂ ਵੱਧ ਦੇਣਦਾਰੀ ਹੈ ਤੇ ਉਹ ਡਿਫ਼ਾਲਟਰ ਹੋ ਚੁੱਕੇ ਹਨ। ਹਰਿਆਊ ਖੁਰਦ ਤੋਂ ‘ਆਪ’ ਦੇ ਸਰਗਰਮ ਵਰਕਰ ਈਸ਼ਰ ਸਿੰਘ ਵੀ ਡਿਫ਼ਾਲਟਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਜਲੰਧਰ ਦੇ ਸਹਿਕਾਰੀ ਬੈਂਕਾਂ ਵਿੱਚ ਬੇਨਿਯਮੀਆਂ ਦੇ ਕਈ ਮਾਮਲੇ ਸਾਹਮਣੇ ਆਉਣ ‘ਤੇ ਅਧਿਕਾਰੀਆਂ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤੇ ਮਹੀਨੇ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਵੇਰਵਿਆਂ ਮੁਤਾਬਕ ਬੇਨੇਮੀਆਂ ਦੇ ਜ਼ਿਆਦਾਤਰ ਮਾਮਲੇ ਪਿੱਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਰਾਜ ਦੌਰਾਨ ਵਾਪਰੇ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …