ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿੱਚ ਸਿਫ਼ਰ ਕਾਲ ਮੌਕੇ ਕਾਂਗਰਸੀ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨਾਲ ਤਿੱਖੀਆਂ ਝੜਪਾਂ ਹੋਈਆਂ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਮੈਂਬਰਾਂ ਨਾਲ ਤਿੱਖੀ ਬਹਿਸ ਹੋਈ। ਹਾਕਮ ਧਿਰ ਦੇ ਬਹੁਗਿਣਤੀ ਮੈਂਬਰਾਂ ਵੱਲੋਂ ਸਿੱਧੂ ਦੇ ਹੱਕ ਵਿੱਚ ਸ਼ੋਰ-ਸ਼ਰਾਬਾ ਕਰਨ ਤੋਂ ਬਾਅਦ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਦਨ ਦੀ ਕਾਰਵਾਈ ਪਹਿਲਾਂ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਜਦਕਿ ਬਾਅਦ ਵਿਚ ਵੀ ਸਥਿਤੀ ਤਣਾਅਪੂਰਨ ਰਹਿਣ ਕਾਰਨ ਸਦਨ ਦੋ ਵਾਰੀ ਉਠਾਉਣਾ ਪਿਆ। ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ‘ਤੇ ਕਾਰਵਾਈ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੁਫ਼ਨਮਈ ਪ੍ਰਾਜੈਕਟ ‘ਪਾਣੀ ਵਾਲੀ ਬੱਸ’ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਉਣ ਦਾ ਮੁੱਦਾ ਵੀ ਭਾਰੂ ਰਿਹਾ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ‘ਆਪ’ ਦੇ ਅਮਨ ਅਰੋੜਾ ਨਾਲ ਤਕਰਾਰ ਹੋਈ। ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਬੈਂਸ ਦੀ ਮੁਅੱਤਲੀ ਗੈਰ-ਵਿਧਾਨਕ ਕਰਾਰ ਦਿੰਦਿਆਂ ਬਹਾਲ ਕਰਨ ਦੀ ਮੰਗ ਕੀਤੀ ਅਤੇ ਰੋਸ ਵਜੋਂ ਸਦਨ ਵਿਚੋਂ ਵਾਕਆਊਟ ਕੀਤਾ। ‘ਆਪ’ ਦੇ ਬਾਕੀ ਮੈਂਬਰ ਆਪਣੇ ਮੋਢਿਆਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਦਨ ਵਿਚ ਆਪਣੀਆਂ ਸੀਟਾਂ ‘ਤੇ ਹੀ ਬੈਠੇ ਰਹੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …