Breaking News
Home / ਹਫ਼ਤਾਵਾਰੀ ਫੇਰੀ / ਕੇਜਰੀਵਾਲ ਨੂੰ ਈਡੀ ਦਾ 7ਵਾਂ ਸੰਮਨ

ਕੇਜਰੀਵਾਲ ਨੂੰ ਈਡੀ ਦਾ 7ਵਾਂ ਸੰਮਨ

26 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਨੀਤੀ ਘੁਟਾਲਾ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 22 ਫਰਵਰੀ ਨੂੰ 7ਵਾਂ ਸੰਮਨ ਭੇਜ ਦਿੱਤਾ ਹੈ। ਈਡੀ ਨੇ ‘ਆਪ’ ਸੁਪਰੀਮੋ ਤੇ ਸੀਐਮ ਕੇਜਰੀਵਾਲ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਈਡੀ ਨੇ ਲੰਘੀ 17 ਫਰਵਰੀ, 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ 2023 ਅਤੇ 2 ਨਵੰਬਰ 2023 ਨੂੰ ਵੀ ਕੇਜਰੀਵਾਲ ਨੂੰ ਸੰਮਨ ਭੇਜਿਆ ਸੀ। ਪਰ ਹੁਣ ਤੱਕ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਆਮ ਆਦਮੀ ਪਾਰਟੀ, ਏਜੰਸੀ ਦੇ ਸੰਮਨਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੀ ਆਈ ਹੈ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਵਿਅਕਤੀ ਸ਼ਰਾਬ ਘੁਟਾਲਾ ਮਾਮਲੇ ਦੀ ਆੜ ਵਿਚ ਗ੍ਰਿਫਤਾਰੀ ਕਰਕੇ ਦਿੱਲੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ, ਪਰ ਸਾਡੇ ਵਿਧਾਇਕ ਇੱਕਜੁਟ ਹਨ।
ਹਰਿਆਣਾ ਤੇ ਚੰਡੀਗੜ੍ਹ ਵਿਚ ਕਾਂਗਰਸ-‘ਆਪ’ ਵਿਚਾਲੇ ਸੀਟਾਂ ਦਾ ਫਾਰਮੂਲਾ ਤੈਅ, ਪੰਜਾਬ ‘ਚ ਰਸਤੇ ਵੱਖ-ਵੱਖ
ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਹਰਿਆਣਾ ਅਤੇ ਚੰਡੀਗੜ੍ਹ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਮਝੌਤਾ ਤੈਅ ਹੋ ਗਿਆ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਹੋਣੀ ਬਾਕੀ ਹੈ। ਇਸ ਚੋਣ ਸਮਝੌਤੇ ਤਹਿਤ ਹਰਿਆਣਾ ਵਿਚ ਕਾਂਗਰਸ 9 ਅਤੇ ‘ਆਪ’ 1 ਸੀਟ ‘ਤੇ ਚੋਣ ਲੜ ਸਕਦੀ ਹੈ ਅਤੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਚੋਣ ਲੜ ਸਕਦੀ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਕਾਂਗਰਸ ਅਤੇ ‘ਆਪ’ ਵਿਚਾਲੇ ਚੋਣ ਗਠਜੋੜ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਅਤੇ ਦੋਵੇਂ ਪਾਰਟੀਆਂ ਦੇ ਰਸਤੇ ਵੱਖ-ਵੱਖ ਹਨ। ਦਰਅਸਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ‘ਇੰਡੀਆ’ ਗਠਜੋੜ ਦਾ ਹਿੱਸਾ ਹਨ। ਪਰ ਪੰਜਾਬ ਵਿਚ ਇਨ੍ਹਾਂ ਦੋਵੇਂ ਪਾਰਟੀਆਂ ਦੀ ਲੀਡਰਸ਼ਿਪ ਇਕੱਲਿਆਂ ਚੋਣ ਲੜਨ ਦੇ ਪੱਖ ਵਿਚ ਹਨ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਵਿਚ ਕਾਂਗਰਸ ਅਤੇ ‘ਆਪ’ ਦਾ ਚੋਣ ਗਠਜੋੜ ਤੈਅ ਹੀ ਹੈ। ਇਸੇ ਤਹਿਤ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿਚੋਂ 4 ਸੀਟਾਂ ‘ਤੇ ਆਮ ਆਦਮੀ ਪਾਰਟੀ ਅਤੇ 3 ਸੀਟਾਂ ‘ਤੇ ਕਾਂਗਰਸ ਚੋਣ ਲੜ ਸਕਦੀ ਹੈ। ਪਰ ਇਸ ਸਭ ਦੇ ਚੱਲਦਿਆਂ ਅਜੇ ਤੱਕ ਇਨ੍ਹਾ ਦੋਵਾਂ ਪਾਰਟੀਆਂ ਦੇ ਆਗੂਆਂ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੰਜਾਬ ਦਾ ਬਜਟ ਇਜਲਾਸ 1 ਤੋਂ 15 ਮਾਰਚ ਤੱਕ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ‘ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਬਜਟ ਇਜਲਾਸ ਸਬੰਧੀ ਫੈਸਲਾ ਲੈ ਲਿਆ ਗਿਆ ਹੈ। ਇਹ ਬਜਟ ਇਜਲਾਸ 1 ਮਾਰਚ ਤੋਂ 15 ਮਾਰਚ ਤੱਕ ਚੱਲੇਗਾ। ਜਿਸ ਦੌਰਾਨ 1 ਮਾਰਚ ਨੂੰ ਰਾਜਪਾਲ ਬੀ.ਐਲ. ਪੁਰੋਹਿਤ ਵਿਧਾਨ ਸਭਾ ‘ਚ ਇਜਲਾਸ ਨੂੰ ਸੰਬੋਧਨ ਕਰਨਗੇ ਅਤੇ ਰਾਜਪਾਲ ਦੇ ਭਾਸ਼ਣ ‘ਤੇ 4 ਮਾਰਚ ਨੂੰ ਬਹਿਸ ਹੋਵੇਗੀ। ਇਸ ਤੋਂ ਬਾਅਦ 5 ਮਾਰਚ ਨੂੰ ਪੰਜਾਬ ਦੇ ਅਗਲੇ ਵਰ੍ਹੇ ਦਾ ਬਜਟ ਪੇਸ਼ ਕੀਤਾ ਜਾਵੇਗਾ ਅਤੇ 6 ਮਾਰਚ ਨੂੰ ਇਸ ਬਜਟ ‘ਤੇ ਬਹਿਸ ਹੋਵੇਗੀ। ਇਸ ਤੋਂ ਇਲਾਵਾ 15 ਮਾਰਚ ਤੱਕ ਹੋਰ ਬਹੁਤ ਸਾਰੇ ਵਿਧਾਨਿਕ ਕੰਮਕਾਜ ਹੋਣਗੇ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਸਾਂਝੀ ਕੀਤੀ ਗਈ।

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …