ਇਕ ਮਿਲੀਅਨ ਮਾਸਕ ਬਰੈਂਪਟਨ ਖੇਤਰ ‘ਚ ਵੰਡੇ ਜਾਣਗੇ
ਧਾਰਮਿਕ ਅਸਥਾਨਾਂ, ਗਰੌਸਰੀ ਸਟੋਰਾਂ ਤੇ ਕਾਰੋਬਾਰੀ ਥਾਵਾਂ ‘ਤੇ ਵੀ ਮਾਸਕ ਪਾਉਣ ਹੋਇਆ ਲਾਜ਼ਮੀ
ਪੈਟ੍ਰਿਕ ਬਰਾਊਨ ਨੇ ਆਖਿਆ ਕਰੋਨਾ ਦਾ ਪ੍ਰਸਾਰ ਰੋਕਣ ਲਈ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਜ਼ਰੂਰੀ
ਬਰੈਂਪਟਨ ਦੇ ਹਰ ਘਰ ‘ਚ ਡਾਕ ਰਾਹੀਂ ਤਿੰਨ-ਤਿੰਨ ਮਾਸਕ ਤੁਰੰਤ ਪਹੁੰਚਾਉਣ ਦੀ ਹੋਈ ਤਿਆਰੀ
ਬਰੈਂਪਟਨ : ਕਰੋਨਾ ਦੇ ਖਿਲਾਫ ਜਾਰੀ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਕਿ ਹੁਣ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਫਰੀ ਫੇਸ ਮਾਸਕ ਦਿੱਤੇ ਜਾਣਗੇ। ਇਸ ਨੂੰ ਬਰੈਂਪਟਨ ਨਿਊ ਮੈਂਡੇਟਰੀ ਮਾਸਕ ਕੰਪੇਨ ਨਾਮ ਦਿੱਤਾ ਗਿਆ ਹੈ। ਪੈਟ੍ਰਿਕ ਬਰਾਊਨ ਦਾ ਕਹਿਣਾ ਹੈ ਕਿ ਇਕ ਨਵਾਂ ਅਸਥਾਈ ਕਾਨੂੰਨ ਵੀ ਲਾਗੂ ਕੀਤਾ ਗਿਆ ਹੈ ਤਾਂਕਿ ਲੋਕ ਬਰੈਂਪਟਨ ਦੇ ਸਾਰੇ ਇੰਡੋਰ ਪਬਲਿਕ ਥਾਵਾਂ ‘ਤੇ ਇਕ ਨਾਨ-ਮੈਡੀਕਲ ਮਾਸਕ ਜਾਂ ਫੇਸ ਮਾਸਕ ਪਹਿਨਣ। ਇਸ ਨਾਲ ਇਸ ਦਾ ਪ੍ਰਸਾਰ ਰੋਕਣ ‘ਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਪਤਾ ਹੈ ਕਿ ਇਹ ਲੋਕਾਂ ਦੇ ਲਈ ਇਕ ਜ਼ਰੂਰੀ ਕੰਮ ਹੈ ਕਿੳਂਕਿ ਇਸ ਨਾਲ ਹੀ ਉਹ ਕਰੋਨਾ ਤੋਂ ਬਚ ਸਕਦੇ ਹਨ। ਅਸੀਂ ਲੋਕਾਂ ਨੂੰ ਆਪਣਾ ਵਿਵਹਾਰ, ਆਪਣੀਆਂ ਆਦਤਾਂ ਬਦਲਣ ਦੇ ਲਈ ਕਹਿ ਰਹੇ ਹਾਂ ਤਾਂਕਿ ਮਾਸਕ ਉਨ੍ਹਾਂ ਦੀ ਸੁਰੱਖਿਆ ਕਰੇ। ਬਰਾਊਨ ਨੇ ਦੱਸਿਆ ਕਿ ਇਸ ਨਵੀਂ ਮੁਹਿੰਮ ਦੇ ਤਹਿਤ ਬਰੈਂਪਟਨ ਨਿਵਾਸੀਆਂ ‘ਚ 1 ਮਿਲੀਅਨ ਤੋਂ ਜ਼ਿਆਦਾ ਮਾਸਕ ਵੰਡੇ ਜਾਣਗੇ। ਅਸੀਂ ਬਰੈਂਪਟਨ ਦੇ ਹਰ ਘਰ ‘ਚ ਡਾਕ ਰਾਹੀਂ ਮਾਸਕ ਭੇਜਣ ਜਾ ਰਹੇ ਹਾਂ। ਬਰੈਂਪਟਨ ਦੇ ਹਰੇਕ ਪਰਿਵਾਰ ਨੂੰ ਆਉਣ ਵਾਲੇ ਹਫ਼ਤੇ ਦੇ ਦੌਰਾਨ ਤਿੰਨ-ਤਿੰਨ ਮਾਸਕ ਮਿਲਣਗੇ। ਇਸ ਮੁਹਿੰਮ ਦੇ ਨਾਲ ਹੀ ਸਟੇਜ 3 ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਰੋਨਾ ਦਾ ਪ੍ਰਸਾਰ ਰੋਕਣ ਦੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਬਰਾਊਨ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਪਹਿਲਾਂ ਹੀ ਬਰੈਂਪਟਨ ‘ਚ ਲੋਕਾਂ ਨੂੰ ਇਕ ਲੱਖ ਤੋਂ ਜ਼ਿਆਦਾ ਮਾਸਕ ਫਰੀ ਵੰਡੇ ਜਾ ਚੁੱਕੇ ਹਨ। ਸਾਰੇ ਕਾਰੋਬਾਰੀ ਥਾਵਾਂ, ਰੈਸਟੋਰੈਂਟਾਂ, ਸੁਪਰਮਾਰਕੀਟ, ਗਰੌਸਰੀ ਸਟੋਰਜ਼, ਬੇਕਰੀਜ਼ ਤੋਂ ਲੈ ਕੇ ਚਰਚ ਅਤੇ ਹੋਰ ਧਾਰਮਿਕ ਅਸਥਾਨਾਂ ‘ਤੇ ਮਾਸਕ ਪਹਿਨਣਾ ਚਾਹੀਦਾ ਹੈ। ਉਥੇ ਹੀ ਪਰਸਨਲ ਕੇਅਰ ਹਸਪਤਾਲਾਂ, ਹੋਟਲਾਂ, ਮੋਟਲਜ਼ ਅਤੇ ਹੋਰ ਥਾਵਾਂ ‘ਤੇ ਵੀ ਇਸ ਨੂੰ ਪਹਿਨਿਆ ਜਾਵੇ ਅਤੇ ਨਾਲ ਹੀ ਲਾਇਬਰੇਰੀ, ਮਿਊਜ਼ੀਅਮ ਗੈਲਰੀਜ਼, ਬੈਂਕੁਇਟ ਹਾਲ, ਸਟੇਡੀਅਮ, ਥੀਏਟਰ, ਕੈਸੀਨੋ ਆਦਿ ਥਾਵਾਂ ‘ਤੇ ਮਾਸਕ ਲਾਜ਼ਮੀ ਪਹਿਨਿਆ ਜਾਵੇ।
ਟੋਰਾਂਟੋ ‘ਚ ਪਹਿਲਾਂ ਹੀ, ਹੁਣ ਮਿਸੀਸਾਗਾ ਤੇ ਬਰੈਂਪਟਨ ‘ਚ ਵੀ ਜਨਤਕ ਥਾਵਾਂ ‘ਤੇ ਪਾਉਣ ਪਵੇਗਾ ਮਾਸਕ
ਬਰੈਂਪਟਨ : ਕਰੋਨਾ ਵਾਇਰਸ ਦੇ ਖਿਲਾਫ਼ ਆਪਣੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਹੁਣ ਟੋਰਾਂਟੋ ਤੋਂ ਬਾਅਦ ਪੀਲ ਰੀਜ਼ਨ ‘ਚ ਵੀ ਪਬਲਿਕ ਇੰਡੋਰ ਥਾਵਾਂ ‘ਤੇ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਿਯਮ ਸ਼ੁੱਕਰਵਾਰ ਤੋਂ ਲਾਗੂ ਕਰ ਦਿੱਤੇ ਗਏ ਹਨ। ਮਿਸੀਸਾਗਾ ਸਿਟੀ ਕੌਂਸਲ ਪਹਿਲਾਂ ਹੀ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰਨ ਦੇ ਲਈ ਇਕ ਬਾਇਲਾਅ ਪਾਸ ਕਰ ਚੁੱਕੀ ਹੈ। ਹੁਣ ਬਰੈਂਪਟਨ ‘ਚ ਵੀ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। 10 ਜੁਲਾਈ ਤੋਂ ਸਾਰੀਆਂ ਜਨਤਕ ਇੰਡੋਰ ਥਾਵਾਂ ‘ਤੇ ਫੇਸ ਮਾਸਕ ਪਹਿਨਣਾ ਲਾਜ਼ਮੀ ਹੈ। ਦੋਵੇਂ ਸ਼ਹਿਰਾਂ ਨੇ ਆਪਣੀ ਆਪਣੀ ਸਿਟੀ ਵੈਬਸਾਈਟ ‘ਤੇ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਹਨ।
Check Also
ਸਮੇਂ ਤੋਂ ਪਹਿਲਾਂ ਡਿੱਗ ਸਕਦੀ ਹੈ ਟਰੂਡੋ ਸਰਕਾਰ
ਕੰਸਰਵੇਟਿਵ ਲਿਆਉਣਗੇ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਹਿਯੋਗੀ ਦਲ ਐਨਡੀਪੀ ਨੇ ਸਮਰਥਨ ਲਿਆ ਵਾਪਸ …