ਚਰਨਜੀਤ ਚੰਨੀ, ਨਵਜੋਤ ਸਿੱਧੂ ਤੇ ਸੁਨੀਲ ਜਾਖੜ ਵੀ ਮੁੱਖ ਮੰਤਰੀ ਬਣਨ ਦੇ ਚਾਹਵਾਨ
ਵੁਆਇਸ ਕਾਲ ‘ਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਤੋਂ ਲਈ ਜਾ ਰਹੀ ਹੈ ਰਾਏ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ‘ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਫਿਲਹਾਲ ਖਤਮ ਤਾਂ ਨਹੀਂ ਹੋਈ, ਪ੍ਰੰਤੂ ਕਾਂਗਰਸ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਲਈ ਦੌੜ ਲੱਗੀ ਸੀ ਪ੍ਰੰਤੂ ਕਾਂਗਰਸ ਹਾਈਕਮਾਂਡ ਨੇ ਅਚਾਨਕ ਹੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿਧੂ ਵਿਚਾਲੇ ਜੰਗ ਚੱਲ ਰਹੀ ਹੈ। ਪਰ ਸੁਨੀਲ ਜਾਖੜ ਵਲੋਂ ਦਿੱਤੇ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਸੀ। ਜਾਖੜ ਨੇ ਦਾਅਵਾ ਕੀਤਾ ਸੀ ਕਿ ਹਾਈਕਮਾਂਡ ਵਲੋਂ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ 79 ਕਾਂਗਰਸੀ ਵਿਧਾਇਕਾਂ ਦੀ ਵੋਟਿੰਗ ਕਰਵਾਈ ਗਈ ਸੀ ਤਾਂ 42 ਵਿਧਾਇਕਾਂ ਨੇ ਉਨ੍ਹਾਂ ਦੇ ਹੱਕ ਵਿਚ ਵੋਟ ਪਾਈ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ 2 ਵਿਧਾਇਕਾਂ ਨੇ ਹੀ ਹਮਾਇਤ ਦਿੱਤੀ ਸੀ।
ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਲਈ ਵਿੱਢੀ ‘ਫੀਡ ਬੈਕ ਮੁਹਿੰਮ’ ਦੌਰਾਨ ਹੀ ਸਿਆਸੀ ਸਰਗਰਮੀਆਂ ਵੀ ਵਧ ਗਈਆਂ ਹਨ। ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਹੀ ਪਾਰਟੀ ਆਗੂਆਂ ਦਰਮਿਆਨ ਇੱਕ ਦੂਜੇ ਨੂੰ ਸਿਆਸੀ ਠਿੱਬੀ ਲਾਉਣ ਦੀ ਜੰਗ ਤੇਜ਼ ਹੋ ਗਈ ਹੈ। ਹੁਣ ਜਦੋਂ ਵੋਟਾਂ ਪੈਣ ਵਿਚ ਤਿੰਨ ਹਫ਼ਤੇ ਤੋਂ ਘੱਟ ਸਮਾਂ ਰਹਿ ਗਿਆ ਹੈ, ਚੋਣ ਪ੍ਰਚਾਰ ਦੇ ਸਿਖਰ ਵੱਲ ਵਧਣ ਨਾਲ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਜ਼ੋਰ ਫੜ ਗਈ ਹੈ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਚੁੱਕੀ ਹੈ।
ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਨ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਪਿਛਲੇ ਦਿਨਾਂ ਤੋਂ ਫੀਡ ਬੈਕ ਲੈਣ ਲਈ ਟੈਲੀ ਕਾਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਤਿੰਨ ਸੁਆਲ ਪੁੱਛੇ ਜਾ ਰਹੇ ਹਨ ਕਿ ਕੀ ਤੁਸੀਂ ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ। ਕੀ ਤੁਸੀਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਵੇਖਣਾ ਚਾਹੁੰਦੇ ਹੋ। ਤੀਜਾ ਸੁਆਲ ਇਹ ਕਿ ਕੀ ਤੁਸੀਂ ਸਾਂਝੀ ਅਗਵਾਈ ‘ਚ ਚੋਣ ਲੜੇ ਜਾਣ ਦੇ ਪੱਖ ਵਿਚ ਹੋ। ਇਸ ਫੀਡ ਬੈਕ ਦੌਰਾਨ ਹੀ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੇ ਸਰਗਰਮੀ ਫੜ ਲਈ ਹੈ। ਇਸੇ ਦੌਰਾਨ ਕਾਂਗਰਸ ਨੇ ਡਿਜੀਟਲ ਮੁਹਿੰਮ ਤਹਿਤ ਪੰਜਾਬ ਚੋਣਾਂ ਲਈ ਇੱਕ ਗਾਣਾ ਰਿਲੀਜ਼ ਕੀਤਾ ਹੈ ਜਿਸ ਵਿਚ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ।
ਚੰਨੀ 2 ਵਿਧਾਇਕਾਂ ਦੇ ਸਮਰਥਨ ਨਾਲ ਬਣੇ ਸੀਐਮ : ਜਾਖੜ
ਕਿਹਾ : ਮੇਰੇ ਹੱਕ ‘ਚ 42 ਤੇ ਸਿੱਧੂ ਦੇ ਹੱਕ ‘ਚ 6 ਵਿਧਾਇਕਾਂ ਨੇ ਪਾਈ ਸੀ ਵੋਟ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੱਡਾ ਖੁਲਾਸਾ ਕੀਤਾ ਹੈ। ਜਾਖੜ ਨੇ ਕਿਹਾ ਕਿ ਸਤੰਬਰ 2021 ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਵੋਟਿੰਗ ਕਰਵਾਈ ਸੀ। ਜਿਸ ਵਿਚ 79 ਵਿਧਾਇਕਾਂ ਵਿਚੋਂ 42 ਵਿਧਾਇਕ ਉਨ੍ਹਾਂ ਦੇ ਹੱਕ ਸਨ। ਜਾਖੜ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦਾ ਸਿਰਫ ਦੋ ਵਿਧਾਇਕਾਂ ਨੇ ਹੀ ਸਮਰਥਨ ਕੀਤਾ ਸੀ ਅਤੇ ਇਸਦੇ ਬਾਵਜੂਦ ਵੀ ਚੰਨੀ ਸੀਐਮ ਬਣੇ ਗਏ। ਸੁਨੀਲ ਜਾਖੜ ਨੇ ਪਹਿਲੀ ਵਾਰ ਇਹ ਗੱਲ ਕਾਂਗਰਸੀ ਉਮੀਦਵਾਰ ਦੇ ਚੋਣ ਪ੍ਰਚਾਰ ਦੌਰਾਨ ਕਹੀ। ਜਾਖੜ ਨੇ ਕਿਹਾ ਕਿ ਹਾਈਕਮਾਂਡ ਵਲੋਂ ਕਰਵਾਈ ਗਈ ਵੋਟਿੰਗ ਦੌਰਾਨ 16 ਵਿਧਾਇਕਾਂ ਨੇ ਸੁਖਜਿੰਦਰ ਰੰਧਾਵਾ ਅਤੇ 12 ਵਿਧਾਇਕਾਂ ਨੇ ਪਰਨੀਤ ਕੌਰ ਨੂੰ ਵੋਟ ਪਾਈ ਸੀ।ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਨਾਮ ਨੂੰ ਸਿਰਫ 6 ਵਿਧਾਇਕਾਂ ਨੇ ਸਹਿਮਤੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਾਂਗਰਸ ਦਾ ਸੀਐਮ ਚਿਹਰਾ ਐਲਾਨ ਹੋਣ ਤੋਂ ਪਹਿਲਾਂ ਜਾਖੜ ਦੇ ਇਸ ਬਿਆਨ ਨਾਲ ਕਾਂਗਰਸ ‘ਚ ਖਲਬਲੀ ਮਚ ਗਈ ਹੈ। ਜਾਖੜ ਨੇ ਇਹ ਵੀ ਕਿਹਾ ਕਿ ਸੀਐਮ ਨਾ ਬਣ ਸਕਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਡਿਪਟੀ ਸੀਐਮ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਹਾਲਾਂਕਿ ਜਾਖੜ ਵਿਧਾਇਕ ਵੀ ਨਹੀਂ ਹਨ। ਹੁਣ ਸਿਆਸੀ ਹਲਕਿਆਂ ਵਿਚ ਚਰਚਾ ਚੱਲ ਰਹੀ ਕਿ ਭਾਵੇਂ ਜਾਖੜ ਇਸ ਵਾਰ ਚੋਣ ਨਹੀਂ ਲੜ ਰਹੇ, ਫਿਰ ਵੀ ਉਹ ਪੰਜਾਬ ਵਿਚ ਕਾਂਗਰਸ ਪਾਰਟੀ ਦਾ ਸੀਐਮ ਚਿਹਰਾ ਹੋ ਸਕਦੇ ਹਨ।
ਮੁੱਖ ਮੰਤਰੀ ਚਿਹਰੇ ਦਾ ਐਲਾਨ 6 ਫਰਵਰੀ ਨੂੰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਨਾਮ ਦਾ ਐਲਾਨ 6 ਫਰਵਰੀ ਨੂੰ ਹੋ ਸਕਦਾ ਹੈ। ਪੰਜਾਬ ਵਿਚ 117 ਵਿਧਾਨ ਸਭਾ ਸੀਟਾਂ ‘ਤੇ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ 4 ਫਰਵਰੀ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਹਰ ਸੀਟ ‘ਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦੇਵੇਗਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਵਿਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਰਾਹੁਲ ਗਾਂਧੀ 6 ਫਰਵਰੀ ਨੂੰ ਪੰਜਾਬ ‘ਚ ਕਾਂਗਰਸ ਦੇ ਸੀਐਮ ਚਿਹਰੇ ਦੇ ਨਾਮ ਦਾ ਐਲਾਨ ਕਰ ਦੇਣਗੇ। ਧਿਆਨ ਰਹੇ ਕਿ ਕਾਂਗਰਸ ਦੇ ਸੀਐਮ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ, ਜਿਸ ਨੂੰ ਕਾਂਗਰਸ ਹੁਣ ਰਾਸ਼ਟਰੀ ਪੱਧਰ ‘ਤੇ ਵੱਡਾ ਦਲਿਤ ਚਿਹਰਾ ਬਣਾਉਣ ਵਿਚ ਜੁਟੀ ਹੋਈ ਹੈ। ਜ਼ਿਕਰਯੋਗ ਹੈ ਕਿ ਉਤਰਾਖੰਡ ਵਿਚ ਕਾਂਗਰਸ ਦੇ ਸਟਾਰ ਚੋਣ ਪ੍ਰਚਾਰਕਾਂ ਦੀ ਸੂਚੀ ਵਿਚ ਨਵਜੋਤ ਸਿੰਘ ਸਿੱਧੂ ਨੂੰ ਜਗ੍ਹਾ ਨਹੀਂ ਦਿੱਤੀ ਗਈ, ਪਰ ਚਰਨਜੀਤ ਸਿੰਘ ਚੰਨੀ ਨੂੰ ਸਟਾਰ ਚੋਣ ਪ੍ਰਚਾਰਕ ਬਣਾਇਆ ਗਿਆ ਹੈ।