ਗਰੀਬ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ ਘਰ, ਸੰਸਥਾ ਹੁਣ ਤੱਕ ਖਰਚ ਕਰ ਚੁੱਕੀ ਹੈ ਢਾਈ ਕਰੋੜ ਰੁਪਏ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਸਾਲ 2019 ਵਿਚ ਬਣਾਈ ਗਈ ਹੋਮ ਫਾਰ ਹੋਮਲੈਸ ਸੰਸਥਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਕਲੌਤੀ ਅਜਿਹੀ ਸਮਾਜ ਸੇਵੀ ਸੰਸਥਾ ਹੈ, ਜਿਸ ਵਲੋਂ ਹੁਣ ਤੱਕ ਜ਼ਿਲ੍ਹੇ ਦੇ 113 ਪਰਿਵਾਰਾਂ ਨੂੰ ਨਵੇਂ ਘਰ ਬਣਵਾ ਦੇ ਦਿੱਤੇ ਜਾ ਚੁੱਕੇ ਹਨ। ਹੁਣ ਤੱਕ ਇਹ ਸੰਸਥਾ 2 ਕਰੋੜ 50 ਲੱਖ ਰੁਪਏ ਦੇ ਕਰੀਬ ਖਰਚ ਕਰ ਚੁੱਕੀ ਹੈ। ਜਿਨ੍ਹਾਂ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ, ਇਨ੍ਹਾਂ ਵਿਚੋਂ 73 ਦੇ ਕਰੀਬ ਘਰ ਪਿੰਡ ਅੱਜੋਵਾਲ ਦੇ ਸਿਕਲੀਗਰ ਮੁਹੱਲੇ ਵਿਚ ਬਣਾਏ ਗਏ ਹਨ, ਜਦੋਂ ਕਿ 40 ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਹਨ। ਇਨ੍ਹਾਂ ਤੋਂ ਇਲਾਵਾ ਪਿੰਡ ਅੱਜੋਵਾਲ ਵਿਚ 60 ਲੱਖ ਰੁਪਏ ਖਰਚ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਸੰਸਥਾ ਦੇ ਪ੍ਰਧਾਨ ਬਰਿੰਦਰ ਸਿੰਘ ਪਰਹਾਰ ਦਾ ਕਹਿਣਾ ਹੈ ਕਿ ਪਿੰਡ ਅੱਜੋਵਾਲ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਸਰਕਾਰ ਸਮੇਂ 300 ਪਰਿਵਾਰਾਂ ਨੂੰ ਚਾਰ-ਚਾਰ ਮਰਲੇ ਦੇ ਪਲਾਂਟ ਵੰਡੇ ਸਨ, ਪਰ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਚੱਲਦਿਆਂ ਇਹ ਵਿਅਕਤੀ ਮਿਲੀ ਜ਼ਮੀਨ ਵਿਚ ਝੁੱਗੀ-ਝੌਂਪੜੀ ਬਣਾ ਕੇ ਹੀ ਰਹਿੰਦੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਇਨ੍ਹਾਂ ਸਾਰਿਆਂ 300 ਪਰਿਵਾਰਾਂ ਲਈ ਘਰਾਂ ਦਾ ਨਿਰਮਾਣ ਕਰਵਾਉਣਾ ਹੈ, ਜੋ ਇਕ ਦਿਨ ਸਫਲ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੇ ਨਾਲ 20 ਦਾਨੀ ਪਰਿਵਾਰ ਜੁੜ ਚੁੱਕੇ ਹਨ, ਜੋ ਸਮੇਂ-ਸਮੇਂ ‘ਤੇ ਆਰਥਿਕ ਰੂਪ ਵਿਚ ਮੱਦਦ ਕਰਦੇ ਹਨ। ਇਸ ਤੋਂ ਇਲਾਵਾ ਕਈ ਹੋਰ ਵਿਅਕਤੀ ਵੀ ਲੋੜਵੰਦਾਂ ਲਈ ਘਰ ਬਣਾਉਣ ਦੇ ਲਈ ਦਾਨ ਦੇ ਰਹੇ ਹਨ। ਬਰਿੰਦਰ ਪਰਹਾਰ ਨੇ ਦੱਸਿਆ ਕਿ ਜਦੋਂ ਸੰਸਥਾ ਦੀ ਸ਼ੁਰੂਆਤ ਕੀਤੀ ਸੀ, ਉਦੋਂ ਤੋਂ ਕਿਸੇ ਕੋਲੋਂ ਪੈਸੇ ਨਹੀਂ ਮੰਗੇ ਅਤੇ ਸ਼ੁਰੂਆਤੀ ਦੌਰ ਵਿਚ 10 ਘਰਾਂ ਦਾ ਨਿਰਮਾਣ ਆਪਣੀ ਜੇਬ੍ਹ ਵਿਚੋਂ ਪੈਸੇ ਖਰਚ ਕਰਕੇ ਕਰਵਾਇਆ। ਇਸ ਤੋਂ ਬਾਅਦ ਲੋਕ ਨਾਲ ਜੁੜਨ ਲੱਗੇ ਅਤੇ ਹੁਣ ਪੈਸੇ ਦੀ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਕ-ਇਕ ਘਰ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਂਦਾ ਸੀ, ਪਰ ਹੁਣ ਕੁਝ ਦਿਨ ਪਹਿਲਾਂ 6 ਘਰਾਂ ਦਾ ਨਿਰਮਾਣ ਇਕੋ ਸਮੇਂ ਸ਼ੁਰੂ ਕਰਵਾਇਆ ਗਿਆ ਹੈ।
ਖੁਸ਼ੀ-ਗਮੀ ਦੇ ਮੌਕਿਆਂ ‘ਤੇ ਘਰਾਂ ਲਈ ਦਿੱਤਾ ਜਾ ਰਿਹੈ ਦਾਨ
ਬਰਿੰਦਰ ਪਰਹਾਰ ਹੋਰਾਂ ਨੇ ਦੱਸਿਆ ਕਿ ਦਾਨ ਦੇਣ ਪ੍ਰਤੀ ਲੋਕਾਂ ਦੀ ਸੋਚ ਬਦਲਣ ਵਿਚ ਅਸੀਂ ਕੰਮ ਕਰ ਰਹੇ ਹਾਂ। ਹੁਣ ਲੋਕ ਜ਼ਰੂਰਤਮੰਦਾਂ ਵਾਸਤੇ ਘਰਾਂ ਦਾ ਨਿਰਮਾਣ ਕਰਨ ਦੇ ਲਈ ਦਾਨ ਕਰ ਰਹੇ ਹਨ। ਮਿਸਾਲ ਦੇ ਤੌਰ ‘ਤੇ ਅਮਰੀਕਾ ਵਿਚ ਰਹਿੰਦੇ ਇਕ ਪੰਜਾਬੀ ਵਿਅਕਤੀ ਨੇ ਆਪਣੇ ਪੋਤੇ ਦੀ ਲੋਹੜੀ ‘ਤੇ ਜੋ ਖਰਚ ਕਰਨਾ ਸੀ, ਉਹ ਪੈਸੇ ਉਸ ਵਿਅਕਤੀ ਨੇ ਹੋਮ ਫਾਰ ਹੋਮਲੈਸ ਸੰਸਥਾ ਨੂੰ ਦਾਨ ਦਿੱਤੇ ਤਾਂ ਕਿ ਕਿਸੇ ਗਰੀਬ ਪਰਿਵਾਰ ਦਾ ਘਰ ਬਣ ਸਕੇ। ਇਸੇ ਤਰ੍ਹਾਂ ਕਈ ਹੋਰ ਵਿਅਕਤੀ ਆਪਣੇ ਮਾਤਾ-ਪਿਤਾ ਦੀ ਬਰਸੀ ਦੇ ਮੌਕੇ ‘ਤੇ ਵੀ ਦਾਨ ਕਰ ਰਹੇ ਹਨ।