Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਸਾਬਕਾ ਮੰਤਰੀ ਉੱਜਲ ਦੁਸਾਂਝ ਦੀ ਸਵੈ-ਜੀਵਨੀ ਰਿਲੀਜ਼

ਕੈਨੇਡਾ ਦੇ ਸਾਬਕਾ ਮੰਤਰੀ ਉੱਜਲ ਦੁਸਾਂਝ ਦੀ ਸਵੈ-ਜੀਵਨੀ ਰਿਲੀਜ਼

Ujjal1 copy copyਮਿਸੀਸਾਗਾ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਰਹੇ ਉੱਜਲ ਦੁਸਾਂਝ (70) ਨੇ ਆਪਣੀ ਜੀਵਨ ਗਾਥਾ ਲਿਖੀ ਹੈ ਜਿਸ ਨੂੰ ਰਿਲੀਜ਼ ਕਰਨ ਲਈ ਟੋਰਾਂਟੋ ਲਾਗੇ ਮਿਸੀਸਾਗਾ ਵਿਖੇ ਪਰਲ ਬੈਂਕੁਅਟ ਹਾਲ ਅੰਦਰ ਸਮਾਰੋਹ ਹੋਇਆ ਅਤੇ ਲੋਕ ਹੁਮਹੁਮਾ ਕੇ ਪੁੱਜੇ। ਇਹ ਸਮਾਰੋਹ ਨੈਸ਼ਨਲ ਕੌਂਸਲ ਆਫ ਇੰਡੋ ਕੈਨੇਡੀਅਨਜ਼ ਅਤੇ ਕੈਨੇਡੀਅਨ ਥਿੰਕਰਜ਼ ਫੋਰਮ ਵਲੋਂ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸ. ਦੁਸਾਂਝ ਆਪਣੀ ਕਿਤਾਬ ‘ਤੇ ਦਸਤਖਤ ਕਰਕੇ ਖੁਦ ਲੋਕਾਂ ਨੂੰ ਸੌਂਪਦੇ ਦੇਖੇ ਗਏ।  446 ਸਫਿਆਂ ਦੀ ਅੰਗਰੇਜ਼ੀ ‘ਚ ਲਿਖੀ ਕਿਤਾਬ ਦਾ ਨਾਂ ‘ਜਰਨੀ ਆਫਟਰ ਮਿਡਨਾਈਟ: ਇੰਡੀਆ, ਕੈਨੇਡਾ ਐਂਡ ਰੋਡ ਬਯੋਂਡ’ ਹੈ। ਸ. ਦੁਸਾਂਝ ਨੇ ਭਾਰਤ ਵਿੱਚ (ਵਿਸ਼ੇਸ਼ ਕਰਕੇ 1964 ਤੱਕ ਦੁਸਾਂਝ ਕਲਾਂ ‘ਚ ਬਿਤਾਏ) ਆਪਣੇ ਪਰਿਵਾਰਕ/ਸਕੂਲੀ ਜੀਵਨ ਅਤੇ ਬਰਤਾਨੀਆ ਵਿੱਚ ਠਾਹਰ ਤੋਂ ਬਾਅਦ ਕੈਨੇਡਾ ਵਿੱਚ ਪਰਵਾਸ ਕਰਨ ਅਤੇ ਓਥੇ ਰਾਜਨੀਤਕ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ ਹੈ। ਇਹ ਵੀ ਕਿ ਇਸ ਕਿਤਾਬ ਦੀ ਕੈਨੇਡਾ ਦੇ ਮੁੱਖ ਧਾਰਾ ਮੀਡੀਆ ਵਿੱਚ ਚੋਖੀ ਚਰਚਾ ਚੱਲੀ ਹੈ। ਸ. ਦੁਸਾਂਝ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਮਿੰਦਰ ਦੁਸਾਂਝ ਵਲੋਂ ਉਤਸ਼ਾਹਿਤ ਕੀਤੇ ਜਾਣ ਤੋਂ ਬਾਅਦ ਸਾਰੀ ਸਵੈ-ਜੀਵਨੀ ਉਨ੍ਹਾਂ ਨੇ ਆਪ ਲਿਖੀ ਹੈ। ਕਮਾਲ ਦੀ ਗੱਲ ਇਹ ਹੈ ਕਿ ਦੁਸਾਂਝ ਕਲਾਂ ਅਤੇ ਫਗਵਾੜਾ ਏਰੀਆ ਵਿੱਚ ਆਪਣੇ ਬਚਪਨ ਅਤੇ ਚੜ੍ਹਦੀ ਜਵਾਨੀ ਦੇ ਸਮੇਂ (18 ਸਾਲ ਦੀ ਉਮਰ ਤੱਕ) ਦਾ ਵਰਨਣ ਕਰਦਿਆਂ ਸ. ਦੁਸਾਂਝ ਨੇ ਵੇੜ੍ਹਾ, ਖੂਹ, ਕੁੱਪ, ਚਲ਼੍ਹਾ, ਅੱਧ-ਰਿੜਕਾ, ਸ਼ੱਕਰ, ਵੇਲਣਾ, ਭੱਠੀ, ਗੱਡਾ, ਫਲ਼੍ਹਾ, ਨਾਨਾ ਜੀ, ਨਾਨੀ ਜੀ, ਚਾਚਾ ਜੀ, ਮਾਸੜ ਜੀ, ਬੀਰਾ ਜੀ, ਪੇਂਡੂ ਜਹੇ ਕਈ ਠੇਠ ਪੰਜਾਬੀ ਸ਼ਬਦਾਂ ਨੂੰ ਲਿਖਿਆ ਅਤੇ ਪਾਠਕਾਂ ਨੂੰ ਅੰਗਰੇਜ਼ੀ ਵਿੱਚ ਅਰਥ ਦੱਸੇ ਹਨ। ਸ. ਦੁਸਾਂਝ ਨੇ ਮੌਕੇ ‘ਤੇ ਕਿਤਾਬ ਦੇ ਕੁਝ ਅੰਸ਼ ਪੜ੍ਹ ਕੇ ਵੀ ਸੁਣਾਏ ਅਤੇ ਹਾਜ਼ਿਰ ਪ੍ਰਸੰਸਕਾਂ ਨੇ ਵਾਰ-ਵਾਰ ਤਾੜੀਆਂ ਨਾਲ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ‘ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਡਾ. ਤਾਹਿਰ ਅਸਲਮ ਗੋਰਾ, ਬਲਰਾਜ ਦਿਓਲ, ਪਰਮਜੀਤ ਸਿੰਘ ਜੌਹਲ, ਸਾਥੀ ਲੁਧਿਆਣਵੀ (ਯੂ.ਕੇ.), ਪੂਰਨ ਸਿੰਘ ਪਾਂਧੀ, ਵਰਿਆਮ ਸਿੰਘ ਸੰਧੂ, ਬਲਬੀਰ ਮੋਮੀ, ਇੰਦਰਜੀਤ ਸਿੰਘ ਬੱਲ, ਪ੍ਰਿੰ. ਸਰਵਣ ਸਿੰਘ, ਡਾ. ਸੁਖਦੇਵ ਸਿੰਘ ਝੰਡ, ਰਜਿੰਦਰ ਸਿੰਘ ਸੈਣੀ, ਪ੍ਰਿੰ.ਬਲਕਾਰ ਸਿੰਘ ਬਾਜਵਾ, ਜਗੀਰ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਖਹਿਰਾ, ਡਾ. ਸੋਹਣ ਸਿੰਘ, ਸੁਧੀਰ ਆਨੰਦ, ਮਨਜੀਤ ਸਿੰਘ ਜੌਹਲ, ਸਰਬਜੀਤ ਸਿੰਘ ਸਰਾਂ, ਹਰਜੀਤ ਸਿੰਘ ਬਾਜਵਾ ਅਤੇ ਮਲੂਕ ਸਿੰਘ ਕਾਹਲੋਂ ਵੀ ਮੌਜੂਦ ਸਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …