Breaking News
Home / ਹਫ਼ਤਾਵਾਰੀ ਫੇਰੀ / ਡੰਡੇ ਦੇ ਜ਼ੋਰ ‘ਤੇ ਹੋਈਆਂ ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ

ਡੰਡੇ ਦੇ ਜ਼ੋਰ ‘ਤੇ ਹੋਈਆਂ ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ

ਮੁਕਤਸਰ ਦੇ ਪਿੰਡ ਲੰਬੀ ਢਾਬ ‘ਚ ਬੂਥ ਕੈਪਚਰਿੰਗ ਦੌਰਾਨ ਪੋਲਿੰਗ ਸਟਾਫ਼ ਨੇ ਭੱਜ ਕੇ ਬਚਾਈ ਜਾਨ
ਕਈ ਥਾਈਂ ਬੂਥਾਂ ‘ਤੇ ਕਬਜ਼ੇ, ਵੋਟ ਬਕਸੇ ਤੱਕ ਫੂਕੇ
ਮਾਲਵਾ ‘ਚ ਕਾਂਗਰਸੀ ਤੇ ਅਕਾਲੀ ਵਰਕਰਾਂ ‘ਚ ਝੜਪਾਂ, 54 ਬੂਥਾਂ ‘ਤੇ ਮੁੜ ਹੋਵੇਗੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੀਆਂ ਸਰਕਾਰਾਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਮੌਜੂਦਾ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਨੇ ਵੀ ਡੰਡੇ ਦੇ ਜ਼ੋਰ ‘ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤਣ ਲਈ ਵੋਟਾਂ ਪਵਾਈਆਂ। ਪੂਰੇ ਪੰਜਾਬ ਵਿਚ ਕਈ ਥਾਵਾਂ ‘ਤੇ ਅਕਾਲੀ ਅਤੇ ਕਾਂਗਰਸੀਆਂ ਵਿਚਕਾਰ ਖੂਨੀ ਝੜਪਾਂ ਵੀ ਹੋਈਆਂ। ਇਕ ਥਾਂ ‘ਤੇ ਸੁਖਬੀਰ ਵੀ ਉਸ ਵੀਡੀਓ ਵਿਚ ਨਜ਼ਰ ਆਏ ਜਿੱਥੇ ਅਕਾਲੀਆਂ ਨੇ ਇਕ ਅਜ਼ਾਦ ਉਮੀਦਵਾਰ ਨੂੰ ਕੁੱਟਿਆ। ਜਦੋਂ ਕਿ ਮੁਕਤਸਰ ਦੇ ਪਿੰਡ ਲੰਬੀ ਢਾਬ ਵਿਚ ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਹੋਈ ਝੜਪ ਦੌਰਾਨ ਪੋਲਿੰਗ ਸਟਾਫ਼ ਨੇ ਭੱਜ ਕੇ ਆਪਣੀ ਜਾਨ ਬਚਾਈ। ਬੂਥਾਂ ‘ਤੇ ਕਬਜ਼ਿਆਂ ਦੀਆਂ, ਵੋਟ ਬਕਸਿਆਂ ਨੂੰ ਫੂਕਣ ਦੀਆਂ, ਗੱਡੀਆਂ ਭੰਨਣ ਦੀਆਂ, ਪੂਰੇ ਪੰਜਾਬ ‘ਚੋਂ ਵੱਖੋ-ਵੱਖ ਥਾਵਾਂ ਤੋਂ ਖ਼ਬਰਾਂ ਮਿਲਦੀਆਂ ਰਹੀਆਂ। ਜ਼ਿਕਰਯੋਗ ਹੈ ਕਿ 54 ਬੂਥਾਂ ‘ਤੇ ਮੁੜ ਚੋਣ ਕਰਵਾਈ ਜਾ ਰਹੀ ਹੈ ਤੇ ਨਤੀਜੇ ਸ਼ਨੀਵਾਰ 22 ਸਤੰਬਰ ਨੂੰ ਐਲਾਨੇ ਜਾਣਗੇ।
ਪੰਜਾਬ ਵਿੱਚ ਬੁੱਧਵਾਰ ਨੂੰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀਆਂ ਲਈ ਪਈਆਂ ਵੋਟਾਂ ਦੌਰਾਨ ਲੋਕਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ। ਜਮਹੂਰੀਅਤ ਦੀ ਬੁਨਿਆਦ ਵਜੋਂ ਜਾਣੀਆਂ ਜਾਂਦੀਆਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਮਹਿਜ਼ 58.10 ਫੀਸਦੀ ਰਹੀ। ਅਕਾਲੀ ਦਲ ਨੇ ਚੋਣ ਗੜਬੜੀਆਂ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਸੂਬੇ ਵਿੱਚ ਕਈ ਥਾਵਾਂ ‘ਤੇ ਗੋਲੀਆਂ ਚੱਲੀਆਂ, ਬੈਲੇਟ ਬਾਕਸ ਲੁੱਟ ਲਏ ਗਏ, ਬੈਲੇਟ ਪੇਪਰ ਖੋਹੇ ਤੇ ਪਾੜੇ ਗਏ ਤੇ ਬੂਥਾਂ ‘ਤੇ ਕਬਜ਼ੇ ਹੋਣ ਦੀਆਂ ਖ਼ਬਰਾਂ ਹਨ। ਪੋਲਿੰਗ ਬੂਥਾਂ ‘ਤੇ ਚੋਣ ਅਮਲੇ ਨੂੰ ਡਰਾਇਆ ਧਮਕਾਇਆ ਗਿਆ ਤੇ ਸਮੱਗਰੀ ਤੱਕ ਲੁੱਟ ਲਈ। ਕੁੱਲ 50 ਤੋਂ ਵੱਧ ਥਾਵਾਂ ‘ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ 60 ਦੇ ਕਰੀਬ ਥਾਵਾਂ ‘ਤੇ ਬੂਥਾਂ ‘ਤੇ ਕਬਜ਼ੇ ਕਰਨ ਅਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਦੂਲੇਵਾਲਾ ਵਿੱਚ ਗੋਲੀ ਚੱਲਣ ਕਾਰਨ ਇੱਕ ਲੜਕੀ ਦੇ ਜ਼ਖ਼ਮੀ ਹੋਣ ਬਾਰੇ ਪਤਾ ਲੱਗਾ ਹੈ। ਇਸੇ ਤਰ੍ਹਾਂ ਮੁਕਤਸਰ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਵੀ ਗੋਲੀਆਂ ਚੱਲੀਆਂ। ਪਟਿਆਲਾ ਜ਼ਿਲ੍ਹੇ ਵਿਚਲੇ ਪਿੰਡ ਥੂਹੀ ਦੇ ਪੋਲਿੰਗ ਬੂਥ ਉੱਤੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਨੇ ‘ਕਬਜ਼ਾ’ ਜਮਾਈ ਰੱਖਿਆ ਪਰ ਪ੍ਰਸ਼ਾਸਨ ਨੂੰ ਸਭ ਅੱਛਾ ਹੋਣ ਦਾ ਸੰਕੇਤ ਹੀ ਮਿਲਿਆ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਵਾਪਰੀ।
ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਤਾਜ਼ਾ ਚੋਣਾਂ ਦੌਰਾਨ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਤਣਾਅਪੂਰਨ ਰਹੀ ਉਨ੍ਹਾਂ ਵਿੱਚ ਬਠਿੰਡਾ ਜ਼ਿਲ੍ਹੇ ਦਾ ਰਾਮਪੁਰਾ ਫੂਲ ਵਿਧਾਨ ਸਭਾ ਹਲਕਾ, ਮਜੀਠਾ ਹਲਕਾ, ਮੁਕਤਸਰ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡ, ਫਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਮੁਕਤਸਰ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਉਮੀਦਵਾਰ ਦੀ ਗੱਡੀ ਭੰਨ ਦਿੱਤੀ ਗਈ। ਸਿਆਸੀ ਪਾਰਟੀਆਂ ਦਰਮਿਆਨ ਪੰਚਾਇਤੀ ਸੰਸਥਾਵਾਂ ‘ਤੇ ਚੱਲ ਰਹੀ ਲੜਾਈ ਦੌਰਾਨ ਹਿੰਸਾ ਦੀਆਂ ਘਟਨਾਵਾਂ ਨੂੰ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਮੂਕ ਦਰਸ਼ਕ ਬਣ ਕੇ ਦੇਖਿਆ। ਚੋਣ ਹਿੰਸਾ ਕਰਕੇ ਲੋਕਾਂ ਵਿੱਚ ਵੋਟਾਂ ਪਾਉਣ ਦਾ ਰੁਝਾਨ ਵੀ ਬਹੁਤ ਘੱਟ ਰਿਹਾ। ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਆਮ ਤੌਰ ‘ਤੇ ਇਸ ਵਾਰ ਨਾਲੋਂ ਜ਼ਿਆਦਾ ਮੱਤਦਾਨ ਹੁੰਦਾ ਰਿਹਾ ਹੈ ਪਰ ਇਸ ਵਾਰ ਲੋਕਾਂ ਨੇ ਦਿਲਚਸਪੀ ਨਹੀਂ ਦਿਖਾਈ। ਸਵੇਰੇ ਤੋਂ ਹੀ ਲੋਕ ਵੋਟਾਂ ਪਾਉਣ ਲਈ ਘਰਾਂ ਵਿੱਚੋਂ ਨਿੱਕਲਣ ਲਈ ਉਤਸ਼ਾਹਤ ਨਹੀਂ ਸਨ। ਸੂਬੇ ਵਿੱਚ ਹਿੰਸਾ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਹੌਸਲਾ ਅਫ਼ਜਾਈ ਕਰਦਿਆਂ ‘ਟੱਕਰ’ ਲੈਣ ਦੀਆਂ ਗੁੱਝੀਆਂ ਹਦਾਇਤਾਂ ਵੀ ਦਿੱਤੀਆਂ। ਸੁਖਬੀਰ ਸਿੰਘ ਬਾਦਲ ਨੇ ਇੱਕ ਬੂਥ ‘ਤੇ ਪੁਲਿਸ ਦੇ ਮੁਲਾਜ਼ਮਾਂ ਨਾਲ ਵੀ ਟੱਕਰ ਲਈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇਨ੍ਹਾਂ ਚੋਣਾਂ ਦੌਰਾਨ ਤਾਕਤ ਦਾ ਡਟਵਾਂ ਮੁਜ਼ਾਹਰਾ ਕੀਤਾ ਜਦੋਂ ਕਿ ਤੀਜੀ ਧਿਰ ‘ਆਮ ਆਦਮੀ ਪਾਰਟੀ’ ਦੇ ਵਰਕਰਾਂ ਸਬੰਧੀ ਕੋਈ ਉਘੜਵੀਆਂ ਰਿਪੋਰਟਾਂ ਨਹੀਂ ਮਿਲੀਆਂ। ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਕਾਇਮ ਕਰਨ ਦੀ ਲੜਾਈ ਲੜੀ।
ਸੁਖਬੀਰ ਬਾਦਲ ਖਿਲਾਫ ਫ਼ੌਜਦਾਰੀ ਕੇਸ ਦਰਜ
ਲੰਬੀ : ਮੰਡੀ ਕਿੱਲਿਆਂਵਾਲੀ ‘ਚ ਇਕ ਉਮੀਦਵਾਰ ਦੇ ਸਮਰਥਕ ਦੀ ਮਾਰ-ਕੁੱਟ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਣਗਿਣਤ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲੰਬੀ ਪੁਲਿਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ ‘ਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ। ਸੁਖਬੀਰ ਖਿਲਾਫ਼ ਕੇਸ ਦਰਜ ਹੋਣ ‘ਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦਾ ਅਹਿਮ ਰੋਲ ਰਿਹਾ।

Check Also

ਕਿਸਾਨ ਅੰਦੋਲਨ ਨੇ ਕੇਂਦਰ ਤੇ ਪੰਜਾਬ ਨੂੰ ਲਿਆਂਦਾ ਆਹਮੋ-ਸਾਹਮਣੇ

ਪੰਜਾਬ ਦੇ ਕਈ ਖੇਤਰਾਂ ‘ਚ ਇੰਟਰਨੈੱਟ ਬੰਦ ਕਰਨ ‘ਤੇ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ …