Breaking News
Home / ਹਫ਼ਤਾਵਾਰੀ ਫੇਰੀ / ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿ 25 ਨੂੰ ਕਰਨਗੇ ਗੱਲਬਾਤ

ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿ 25 ਨੂੰ ਕਰਨਗੇ ਗੱਲਬਾਤ

ਪਰ ਨਵਜੋਤ ਸਿੰਘ ਸਿੱਧੂ ਇਕੱਲਾ ਹੀ ਸਿਹਰਾ ਨਾ ਲੈ ਜਾਵੇ ਇਸ ਚੱਕਰ ‘ਚ ਪੰਜਾਬ ਤੇ ਕੇਂਦਰ ਦੀ ਸਿਆਸਤ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਕਰਵਾਉਣ ਦੇ ਰਾਹ ਪਈ
ਸਿੱਧੂ ਦਾ ਦਾਅਵਾ : ਸੁਸ਼ਮਾ ਪਾਕਿ ਨੂੰ ਚਿੱਠੀ ਲਿਖਣ ਲਈ ਤਿਆਰ, ਹਰਸਿਮਰਤ ਬੋਲੀ-ਸਭ ਝੂਠ
ਚੰਡੀਗੜ੍ਹ : ਇਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਪਾਕਿਸਤਾਨ ਸਰਕਾਰ ਤੋਂ ਲੈ ਕੇ ਭਾਰਤ ਦੀ ਕੇਂਦਰ ਸਰਕਾਰ ਵਿਚਕਾਰ ਪੁਲ ਵਜੋਂ ਕੰਮ ਕਰਦਿਆਂ ਲਾਂਘਾ ਖੁੱਲ੍ਹਵਾਉਣ ਪ੍ਰਤੀ ਸੰਜੀਦਾ ਦਿਖ ਰਹੇ ਹਨ ਪਰ ਦੂਜੇ ਪਾਸੇ ਭਾਰਤ ਦੇ ਸਿਆਸਤਦਾਨ ਸਿਰਫ਼ ਸਿੱਧੂ ਨੂੰ ਇਸ ਗੱਲ ਦਾ ਸਿਹਰਾ ਨਾ ਮਿਲ ਜਾਵੇ ਇਸ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਰਾਹ ਵਿਚ ਹੀ ਰੋੜਾ ਬਣਨ ਲੱਗ ਪਏ ਹਨ। ਇਸ ਸਭ ਦੇ ਦਰਮਿਆਨ ਇਕ ਉਮੀਦ ਜਾਗੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਬੈਠਕ ਦੌਰਾਨ ਗੱਲਬਾਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਪਹਿਲ ਕੀਤੇ ਜਾਣ ਦੇ ਬਾਵਜੂਦ ਨਾ ਤਾਂ ਭਾਰਤ ਦੀ ਕੇਂਦਰ ਸਰਕਾਰ ਨੇ ਕੋਈ ਬਿਆਨ ਜਾਰੀ ਕੀਤਾ, ਨਾ ਪਾਕਿਸਤਾਨ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂ ਵੀ ਇਹੋ ਆਖਦੇ ਰਹੇ ਕਿ ਸਿੱਧੂ ਝੂਠ ਬੋਲ ਰਿਹਾ ਹੈ। ਅੱਜ ਹਾਲਾਤ ਇਹ ਬਣ ਗਏ ਕਿ ਪਾਕਿਸਤਾਨ ਲਾਂਘਾ ਖੋਲ੍ਹਣਾ ਚਾਹੁੰਦਾ ਹੈ ਪਰ ਭਾਰਤੀ ਸਿਆਸਤ ਇਹ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਕਰਨ ਦੇ ਰਾਹ ਪੈ ਗਈ ਹੈ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਤੋਂ ਲੈ ਕੇ ਪਾਕਿਸਤਾਨ ਤੱਕ ਚੱਲ ਰਹੇ ਬਿਆਨਾਂ ਅਤੇ ਪ੍ਰਤੀਕਿਰਿਆਵਾਂ ਦੇ ਵਿਚਕਾਰ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਵਾਂ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖਣ ਦਾ ਭਰੋਸਾ ਦਿੱਤਾ ਹੈ ਅਤੇ ਇਸਦਾ ਡਰਾਫਟ ਤਿਆਰ ਹੋ ਗਿਆ ਹੈ। ਉਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਮਾਮਲੇ ਵਿਚ ਸਿੱਧੂ ਸ਼ੁਰੂ ਤੋਂ ਹੀ ਝੂਠ ਬੋਲ ਰਹੇ ਹਨ। ਹਾਲਾਂਕਿ ਇਸ ਸਬੰਧ ਵਿਚ ਵਿਦੇਸ਼ ਮੰਤਰਾਲੇ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਸੀ ਕਿ ਕੇਂਦਰ ਨੂੰ ਇਸ ਸਬੰਧ ਵਿਚ ਪਾਕਿ ਵਲੋਂ ਕੋਈ ਤਜਵੀਜ਼ ਨਹੀਂ ਮਿਲੀ।
ਆਪਣੇ ਸਰਕਾਰੀ ਨਿਵਾਸ ‘ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਉਹ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖਣਗੇ। ਸਿੱਧੂ ਨੇ ਕਿਹਾ ਕਿ ਪਿਆਸੇ ਨੂੰ ਹੀ ਖੂਹ ਦੇ ਕੋਲ ਜਾਣਾ ਪੈਂਦਾ ਹੈ। ਪਾਕਿਸਤਾਨ ਸਰਕਾਰ ਪਹਿਲਾਂ ਹੀ ਇਸ ਮਾਮਲੇ ਵਿਚ ਸਕਾਰਾਤਮਕ ਰਵੱਈਆ ਦਿਖਾ ਚੁੱਕੀ ਹੈ। ਹੁਣ ਪਹਿਲ ਭਾਰਤ ਸਰਕਾਰ ਨੂੰ ਕਰਨੀ ਚਾਹੀਦੀ ਹੈ।
ਕਰੀਬ 15 ਮਿੰਟ ਦੀ ਮੁਲਾਕਾਤ ਦੌਰਾਨ ਸਿੱਧੂ ਨੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਅਹਿਮੀਅਤ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਹੀ ਇਸ ਮੁੱਦੇ ‘ਤੇ ਉਥੋਂ ਦੇ ਸਾਰੇ ਸਟਾਕ-ਹੋਲਡਰਾਂ ਨਾਲ ਗੱਲ ਕਰ ਚੁੱਕੇ ਹਨ। ਪਾਕਿ ਦੇ ਮੰਤਰੀ ਚੌਧਰੀ ਫਵਾਦ ਵੀ ਕਹਿ ਚੁੱਕੇ ਹਨ ਕਿ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਬਿਨਾ ਵੀਜ਼ੇ ਦੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਲਈ ਤਿਆਰ ਹਨ। ਸਿੱਧੂ ਨੇ ਕਿਹਾ ਕਿ ਉਹ ਇਸ ਗੱਲ ਦਾ ਸਵਾਗਤ ਕਰਦੇ ਹਨ ਕਿ ਕੇਂਦਰ ਸਰਕਾਰ ਮੁਸਲਿਮ ਸ਼ਰਧਾਲੂਆਂ ਨੂੰ ਹੱਜ ਕਰਵਾਉਣ ‘ਤੇ ਸਾਲਾਨਾ 1200 ਕਰੋੜ ਰੁਪਏ ਖਰਚ ਕਰਦੀ ਹੈ, ਪਰ 1947 ਤੋਂ ਸਿੱਖ ਆਪਣੇ ਮੱਕਾ ਦੇ ਦਰਸ਼ਨਾਂ ਲਈ ਨਹੀਂ ਜਾ ਸਕੇ।
ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਤੋਂ ਸਿੱਧੂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਸੀ : ਰੱਖਿਆ ਮੰਤਰੀ : ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਨਵਜੋਤ ਸਿੱਧੂ ਨੂੰ ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤੀ ਜਵਾਨਾਂ ਦੇ ਮਨੋਬਲ ‘ਤੇ ਅਸਰ ਪਿਆ ਹੈ। ਸਿੱਧੂ ਦੇ ਬਹੁਤ ਸਾਰੇ ਪ੍ਰਸੰਸਕ ਹਨ, ਅਜਿਹੇ ਕੱਦ ਵਾਲੇ ਕਿਸੇ ਵਿਅਕਤੀ ਨੂੰ ਉਸ ਪਾਕਿ ਫੌਜ ਦੇ ਮੁਖੀ ਨੂੂੰ ਜੱਫੀ ਪਾਉਣ ਤੋਂ ਬਚਣਾ ਚਾਹੀਦਾ ਸੀ, ਜਿਸ ਬਾਰੇ ਭਾਰਤ ਦਾ ਨਜ਼ਰੀਆ ਸਾਫ ਹੈ।
ਸਿੱਧੂ ਨੂੰ ਵਿਦੇਸ਼ ਨੀਤੀ ਦੀ ਸਮਝ ਨਹੀਂ : ਵਿੱਜ : ਹਰਿਆਣਾ ਸਰਕਾਰ ਵਿਚ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਇਕ ਸੂਬੇ ਦੇ ਮੰਤਰੀ ਹਨ, ਕੋਈ ਵਿਦੇਸ਼ ਮੰਤਰੀ ਨਹੀਂ। ਇਸ ਲਈ ਉਨ੍ਹਾਂ ਨੂੰ ਵਿਦੇਸ਼ ਨੀਤੀ ਦੀ ਸਮਝ ਨਹੀਂ ਹੈ। ਵਿੱਜ ਨੇ ਦੋਸ਼ ਲਗਾਇਆ ਕਿ ਸਿੱਧੂ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ ਅਤੇ ਇਕ ਏਜੰਟ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਉਹ ਭਾਰਤ ਦੇ ਸਿਰ ਨੂੰ ਪਾਕਿ ਦੇ ਸਾਹਮਣੇ ਝੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਰਤਾਰਪੁਰ ਲਾਂਘੇ ਦੀ ਆੜ ਵਿਚ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
25 ਸਤੰਬਰ ਨੂੰ ਗੱਲਬਾਤ ਹੋਣ ਦੀ ਸੰਭਾਵਨਾ
ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰਾਲਾ ਪਾਕਿਸਤਾਨ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਮੰਤਰਾਲੇ ਨੇ ਕਿਹਾ ਕਿ 25 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਸੰਯੁਕਤ ਰਾਸ਼ਟਰ ਦੀ 73ਵੀਂ ਜਨਰਲ ਅਸੈਂਬਲੀ ‘ਚ ਭਾਰਤੀ ਵਿਦੇਸ਼ ਮੰਤਰੀ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੁਸ਼ਮਾ ਸਵਰਾਜ, ਸ਼ਾਹ ਮਹਿਮੂਦ ਕੁਰੈਸ਼ੀ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਚੁੱਕਣਗੇ।
ਇਮਰਾਨ ਨੇ ਲਿਖਿਆ ਮੋਦੀ ਨੂੰ ਖਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਲਿਖ ਕੇ ਦੋਵਾਂ ਮੁਲਕਾਂ ਵਿਚਕਾਰ ਅਮਨ ਤੇ ਸ਼ਾਂਤੀ ਦਾ ਰਿਸ਼ਤਾ ਕਾਇਮ ਕਰਨ ਦੀ ਖੁਆਇਸ਼ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਖਤ ਦਾ ਜਵਾਬ ਦਿੱਤਾ ਤੇ ਇਮਰਾਨ ਖਾਨ ਦੀ ਇੱਛਾ ਅਨੁਸਾਰ ਆਖਿਆ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ। ਜ਼ਿਕਰਯੋਗ ਹੈ ਕਿ ਦੋਵੇਂ ਮੁਲਕਾਂ ਦੇ ਵਿਦੇਸ਼ ਮੰਤਰੀ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਇਜਲਾਸ ਦੌਰਾਨ ਗੱਲਬਾਤ ਕਰਨਗੇ, ਜਿੱਥੇ ਦੇਸ਼ ਦੇ ਨਾਲ-ਨਾਲ ਲਾਂਘੇ ਦੀ ਗੱਲ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੀ ਸਿਆਸਤ ਕੋਈ ਲਾਫਟਰ ਚੈਲੰਜ ਨਹੀਂ : ਸੁਖਬੀਰ
ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਕਾਲ ਡਿਟੇਲ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਕੋਈ ਲਾਫਟਰ ਚੈਲੰਜ ਨਹੀਂ ਹੈ।
ਨਵਜੋਤ ਸਿੰਘ ਸਿੱਧੂ ਦੇ ਪੱਖ ‘ਚ ਆਏ ਸੁਖਪਾਲ ਸਿੰਘ ਖਹਿਰਾ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਸੀਂ ਸਿੱਧੂ ਦੀ ਪਹਿਲ ਦਾ ਸਵਾਗਤ ਕਰਦੇ ਹਾਂ ਕਿ ਉਨ੍ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਗੱਲ ਇਮਰਾਨ ਖਾਨ ਕੋਲ ਕੀਤੀ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …