Breaking News
Home / ਹਫ਼ਤਾਵਾਰੀ ਫੇਰੀ / ਅਮਰਿੰਦਰ ਨੇ ਕਾਂਗਰਸ ਛੱਡ ਬਣਾਈ ‘ਪੰਜਾਬ ਲੋਕ ਕਾਂਗਰਸ’ ਪਾਰਟੀ

ਅਮਰਿੰਦਰ ਨੇ ਕਾਂਗਰਸ ਛੱਡ ਬਣਾਈ ‘ਪੰਜਾਬ ਲੋਕ ਕਾਂਗਰਸ’ ਪਾਰਟੀ

ਕੈਪਟਨ ਦੀ ਨਵੀਂ ਕਾਂਗਰਸ
ਸੋਨੀਆ ਨੇ ਕੈਪਟਨ ਦਾ ਅਸਤੀਫ਼ਾ ਕੀਤਾ ਮਨਜ਼ੂਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦੇ 45ਵੇਂ ਦਿਨ ਪਾਰਟੀ ਨਾਲ ਨਰਾਜ਼ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕੀਤਾ। ਕੈਪਟਨ ਨੇ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਰੱਖਿਆ ਹੈ। ਧਿਆਨ ਰਹੇ ਕਿ ਪਾਰਟੀ ਦਾ ਚੋਣ ਨਿਸ਼ਾਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ 7 ਸਫਿਆਂ ਦੇ ਅਸਤੀਫੇ ਵਿਚ ਕੈਪਟਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦਾ ਵਿਰੋਧ ਕੀਤਾ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਹੈ।
ਕੈਪਟਨ ਨੇ ਅਸਤੀਫ਼ੇ ‘ਚ ਲਿਖਿਆ ਸੀ ਕਿ ਮੇਰੇ ਅਤੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦਾ ਵਿਰੋਧ ਦਰਕਿਨਾਰ ਕਰਕੇ ਹਾਈਕਮਾਨ ਨੇ ਪਾਕਿ ਦੇ ਜਨਰਲ ਬਾਜਵਾ ਨੂੰ ਗਲ ਲਗਾਉਣ ਵਾਲੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਕੈਪਟਨ ਨੇ ਕਿਹਾ ਕਿ ਸਿੱਧੂ ਦਾ ਯੋਗਦਾਨ ਸਿਰਫ ਏਨਾ ਸੀ ਕਿ ਉਸ ਨੇ ਆਪਣੀ ਸਰਕਾਰ ਨੂੰ ਬਦਨਾਮ ਕੀਤਾ। ਕੈਪਟਨ ਨੇ ਪੱਤਰ ਵਿਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ‘ਤੇ ਪਾਕਿਸਤਾਨ ਦੇ ਪ੍ਰਤੀ ਸਾਫਟ ਕਾਰਨਰ ਰੱਖਣ ਵਾਲੇ ਸਿੱਧੂ ‘ਤੇ ਲਗਾਮ ਲਗਾਉਣ ਦੀ ਬਜਾਏ, ਉਸ ਨੂੰ ਸ਼ਹਿ ਦਿੱਤੀ। ਕੈਪਟਨ ਨੇ ਕਿਹਾ ਕਿ ਮੈਂ ਸਿੱਧੂ ਦੇ ਪਿਤਾ ਦੀ ਉਮਰ ਦਾ ਹਾਂ, ਇਸ ਦੇ ਬਾਵਜੂਦ ਵੀ ਉਸ ਨੇ ਮੇਰੇ ਖਿਲਾਫ ਹਲਕੀ ਸ਼ਬਦਾਵਲੀ ਦੀ ਵਰਤੋਂ ਕੀਤੀ। ਰਾਹੁਲ ਉਸ ਨੂੰ ਉਕਸਾਉਂਦੇ ਰਹੇ ਅਤੇ ਸੋਨੀਆ ਗਾਂਧੀ ਨੇ ਵੀ ਕੋਈ ਧਿਆਨ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਪਹਿਲੀ ਵਾਰ ਕਾਂਗਰਸ ਤੋਂ ਟੁੱਟ ਕੇ ਨਵੀਂ ਪਾਰਟੀ ਬਣੀ ਹੈ ਅਤੇ ਕੁਝ ਮਹੀਨਿਆਂ ‘ਚ ਹੀ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਧਿਆਨ ਰਹੇ ਕਿ ਕੈਪਟਨ ਨੇ ਅਸਤੀਫਾ ਦੇਣ ਤੋਂ ਬਾਅਦ ਕਿਹਾ ਕਿ ਪੰਜਾਬ ‘ਚ ਗੈਰਕਾਨੂੰਨੀ ਰੇਤ ਮਾਈਨਿੰਗ ਵਿਚ ਕਈ ਕਾਂਗਰਸੀ ਵਿਧਾਇਕ ਅਤੇ ਮੰਤਰੀ ਸ਼ਾਮਲ ਹਨ। ਇੱਥੋਂ ਤੱਕ ਕਿ ਇਹ ਵਿਅਕਤੀ ਮੌਜੂਦਾ ਸਰਕਾਰ ਵਿਚ ਵੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ ਕਿ ਉਹ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਸਕੇ।
ਕੈਪਟਨ ਨੇ 29 ਸਾਲ ਪਹਿਲਾਂ ਵੀ ਬਣਾਈ ਸੀ ਪਾਰਟੀ
1984 ਵਿਚ ਅਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿਚ ਕੈਪਟਨ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। 1992 ਵਿਚ ਅਕਾਲੀ ਦਲ ਛੱਡ ਕੇ ਕੈਪਟਨ ਨੇ ਆਪਣੀ ਸ਼੍ਰੋਮਣੀ ਅਕਾਲੀ ਦਲ (ਪੰਥਕ) ਪਾਰਟੀ ਬਣਾਈ ਅਤੇ 1998 ਵਿਚ ਇਸਦਾ ਕਾਂਗਰਸ ਵਿਚ ਰਲੇਵਾਂ ਕਰ ਦਿੱਤਾ ਸੀ।

ਕੈਪਟਨ ਅਮਰਿੰਦਰ ਨਿਕੰਮਾ ਆਦਮੀ : ਸਿੱਧੂ
ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸਿਆਸੀ ਹਮਲਾ ਕੀਤਾ। ਸਿੱਧੂ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਆਪਣੀ ਮਰਿਆਦਾ ਨੂੰ ਵੀ ਭੁੱਲ ਗਏ ਅਤੇ ਉਨ੍ਹਾਂ ਨੇ ਕੈਪਟਨ ਨੂੰ ਕਾਇਰ ਅਤੇ ਨਿਕੰਮਾ ਆਦਮੀ ਦੱਸਿਆ। ਸਿੱਧੂ ਨੇ ਕੈਪਟਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਜਦੋਂ ਆਦਮੀ ਦੀ ਉਮਰ ਵਧ ਜਾਂਦੀ ਹੈ ਤਾਂ ਉਹ ਰੋਂਦੂ ਹੋ ਜਾਂਦਾ ਹੈ ਅਤੇ ਉਨ੍ਹਾਂ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਫਰਾਡ ਆਦਮੀ ਅਤੇ ਚੱਲਿਆ ਹੋਇਆ ਕਾਰਤੂਸ ਵੀ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਉਨ੍ਹਾਂ ਦੇ ਨਾਲ ਨਹੀਂ ਹੈ। ਸਿੱਧੂ ਨੇ ਕੈਪਟਨ ਨੂੰ ਆੜੇ ਹੱਥੀਂ ਲੈਂਦਿਆਂ ਅੱਗੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਕੈਪਟਨ ਦਾ ਪਿਓ ਜਿਤਾਏਗਾ। ਇਥੇ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਉਸ ਮੌਕੇ ਉਨ੍ਹਾਂ ਨੇ ਸਿੱਧੂ ‘ਤੇ ਹਮਲਾ ਕਰਦਿਆਂ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸ ਦੇ ਲਈ ਕਾਂਗਰਸ ਨੂੰ ਇਕ ਦਿਨ ਪਛਤਾਉਣਾ ਪਵੇਗਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …