ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬੀ ਦੇ ਨਾਵਲਕਾਰ ਨਛੱਤਰ ਦੇ ਨਾਵਲ ‘ਸਲੋਅ ਡਾਊਨ’ ਨੂੰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਲਈ ਚੋਣ ਕੀਤੀ ਗਈ ਹੈ। ਸਾਹਿਤ ਅਕਾਦਮੀ ਵੱਲੋਂ ਜਿੰਦਰ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਕਿਤਾਬ ‘ਰਾਮ ਦਰਸ਼ ਮਿਸ਼ਰ ਦੀਆਂ ਚੋਣਵੀਆਂ ਕਹਾਣੀਆਂ’ ਦੀ ਵੀ ਇਨਾਮ ਲਈ ਚੋਣ ਕੀਤੀ ਗਈ ਹੈ। ਦੇਸ਼ ਦੀਆਂ 24 ਭਾਸ਼ਾਵਾਂ ਦੇ ਕੁੱਲ 24 ਲੇਖਕਾਂ ਨਾਲ ਦੋਹਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ । ਨਛੱਤਰ ਨੂੰ ਇਸ ਤੋਂ ਪਹਿਲਾਂ ਪੰਜਾਬੀ ਅਕਾਦਮੀ ਦਿੱਲੀ ਦੇ ਕਈ ਸਨਮਾਨ ਵੀ ਮਿਲ ਚੁੱਕੇ ਹਨ। ਇਸ ਵਾਰ ਐਲਾਨੇ ਗਏ ਇਨਾਮਾਂ ਵਿੱਚ 7 ਨਾਵਲ, ਕਵਿਤਾ ਦੀਆਂ 5 ਕਿਤਾਬਾਂ, ਛੋਟੀਆਂ ਕਹਾਣੀਆਂ ਦੀਆਂ 5, ਆਲੋਚਨਾ ਦੀਆਂ 5 ਅਤੇ ਇੱਕ-ਇੱਕ ਕਿਤਾਬ ਨਾਟਕ ਤੇ ਲੇਖਾਂ ਲਈ ਚੁਣੀ ਗਈ ਹੈ। ਇਹ ਇਨਾਮ 12 ਫਰਵਰੀ 2018 ਨੂੰ ਤਕਸੀਮ ਕੀਤੇ ਜਾਣਗੇ। ਪੰਜਾਬੀ ਅਕਾਦਮੀ ਦੇ ਕਨਵੀਨਰ ਪ੍ਰੋ. ਰਵੇਲ ਸਿੰਘ ਨੇ ਦੱਸਿਆ ਕਿ ਪੰਜਾਬੀ ਇਨਾਮ ਲਈ ਜਿਊਰੀ ਵਿੱਚ ਪ੍ਰੋ. ਦਵਿੰਦਰ ਸਿੰਘ, ਜਸਬੀਰ ਸਿੰਘ ਸੰਧੂ ਤੇ ਕੇਵਲ ਧਾਲੀਵਾਲ ਸ਼ਾਮਲ ਸਨ। ਅੰਗਰੇਜ਼ੀ ਦੇ ਨਾਵਲ ‘ਦਿ ਬਲੈਕ ਹਿੱਲ’ ਲਈ ਮਮਾਂਗ ਦਾਈ ਅਤੇ ਹਿੰਦੀ ‘ਚ ਸਾਹਿਤਕ ਆਲੋਚਨਾ ਦੀ ਕਿਤਾਬ ‘ਵਿਸ਼ਵ ਮਿੱਥਕ ਸਰਿਤ ਸਾਗਰ’ ਲਈ ਰਮੇਸ਼ ਕੁੰਤਲ ਮੇਘ ਨੂੰ ਇਨਾਮ ਲਈ ਚੁਣਿਆ ਗਿਆ ਹੈ। ਸੰਸਕ੍ਰਿਤ ਨਾਵਲ ‘ਗੰਗਾ ਪੁੱਤਰਾ ਵਾਦਨਮ’ ਲਈ ਨਰਿੰਜਨ ਮਿਸ਼ਰਾ, ਬੰਗਲਾ ਵਿੱਚ ‘ਮੇਈ ਨਿਖੋਨਜ ਮਨੂਸਤਾ’ ਲਈ ਅਫਸਾਰ ਅਹਿਮਦ, ਡੋਗਰੀ ਲਈ ਸ਼ਿਵ ਮਹਿਤਾ (ਬਾਨਾ-ਕਹਾਣੀ ਸੰਗ੍ਰਹਿ), ਰਾਜਸਥਾਨੀ ਲਈ ਨੀਰਜ ਦਹੀਆ (ਬਿਨ੍ਹਾ ਹਾਸਲ ਪਾਏ- ਆਲੋਚਨਾ), ਸਿੰਧੀ ਲਈ ਜਗਦੀਸ਼ ਲਛਾਨੀ (ਆਛੀਨਿੰਦੇ ਲਾਜਾ ਮਹਾਨ-ਲੇਖ), ਉਰਦੂ ਲਈ ਬੇਗ ਅਹਿਸਾਸ (ਦਾਖ਼ਮਾ-ਕਹਾਣੀ) ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਕਸ਼ਮੀਰੀ ਲਈ ਔਤਾਰ ਕ੍ਰਿਸ਼ਨ ਰਹਿਬਰ (ਯਹੀ ਪਰਦਾ-ਕਹਾਣੀ) ਤੇ ਕਵਿਤਾ ਲਈ ਉਦੈ ਨਰਾਇਣ ਸਿੰਘ (ਮੈਥਿਲੀ), ਸ੍ਰੀਕਾਂਤ ਦੇਸ਼ਮੁਖ (ਮਰਾਠੀ), ਭੁਜੰਗਾ ਤੁਡੂ (ਸੰਥਾਲੀ) ਤੇ ਇਨਕਲਾਬ (ਤਾਮਿਲ) ਅਤੇ ਦੇਵੀਪ੍ਰਿਆ (ਤੇਲਗੂ) ਨੂੰ ਚੁਣਿਆ ਗਿਆ ਹੈ। ਚੁਣੀਆਂ ਗਈਆਂ ਕਿਤਾਬਾਂ 1 ਜਨਵਰੀ 2011 ਤੋਂ 31 ਦਸੰਬਰ 2015 ‘ਚ ਛਪੀਆਂ ਸਨ। ਇਨਾਮ ਵਿੱਚ ਇੱਕ ਲੱਖ ਰੁਪਏ, ਸ਼ਾਲ ਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਸਾਹਿਤ ਅਕਾਦਮੀ ਵੱਲੋਂ 70ਵੇਂ ਅਜ਼ਾਦੀ ਦਿਵਸ ਮੌਕੇ ਫੈਸਟੀਵਲ ਆਫ ਲੈਟਰ ਸੈਮੀਨਾਰ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …