ਨਵਦੀਪ ਬੈਂਸ ਨੇ ਦਿੱਤਾ ਅਸਤੀਫ਼ਾ, ਮਾਰਕ ਗਾਰਨਿਊ ਨੂੰ ਮਿਲਿਆ ਵਾਧੂ ਚਾਰਜ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ‘ਚੋਂ ਭਾਰਤੀ ਮੂਲ ਦੇ ਮੰਤਰੀ ਨਵਦੀਪ ਬੈਂਸ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ। ਬੈਂਸ ਕੋਲ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਵਿਭਾਗ ਦਾ ਮੰਤਰਾਲਾ ਸੀ। ਜਸਟਿਨ ਟਰੂਡੋ ਨੇ ਨਵਦੀਪ ਬੈਂਸ ਦੇ ਅਸਤੀਫ਼ੇ ਤੋਂ ਬਾਅਦ ਆਪਣੇ ਮੰਤਰੀ ਮੰਡਲ ‘ਚ ਫੇਰਬਦਲ ਕਰਦੇ ਹੋਏ ਪਹਿਲਾਂ ਟਰਾਂਸਪੋਰਟ ਮੰਤਰੀ ਰਹੇ ਮਾਰਕ ਗਾਰਨਿਊ ਨੂੰ ਬੈਂਸ ਵਾਲੇ ਵਿਭਾਗ ਦਾ ਵਾਧੂ ਚਾਰਜ ਦਿੱਤਾ ਹੈ। ਟੋਰਾਂਟੋ ਤੋਂ ਐਮਪੀ ਓਮਰ ਅਲਘਬਰਾ ਨੂੰ ਟਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ। ਪਿਛਲੇ ਦਸ ਮਹੀਨਿਆਂ ਤੋਂ ਮਹਾਂਮਾਰੀ ਕਾਰਨ ਟਰੈਵਲ ਇੰਡਸਟਰੀ ਜਿੱਥੇ ਪ੍ਰਭਾਵਿਤ ਹੋਈ ਹੈ ਉੱਥੇ ਹੀ ਉਡਾਨਾਂ ਰੱਦ ਹੋਣ ਤੋਂ ਬਾਅਦ ਰੀਫੰਡ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਹੈ।
ਜਿੰਮ ਕਾਰ ਨੂੰ ਭਾਵੇਂ ਕੋਈ ਮੰਤਰਾਲਾ ਨਹੀਂ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਮੁੜ ਕੈਬਨਿਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਉਹ ਵਿਸ਼ਸ਼ ਤੌਰ ਉੱਤੇ ਪ੍ਰੇਰੀਜ਼ ਦੀ ਨੁਮਾਇੰਦਗੀ ਕਰਨਗੇ। ਇੰਟਰਨੈਸ਼ਨਲ ਟਰੇਡ ਡਾਇਵਰਸੀਫਿਕੇਸ਼ਨ ਲਈ ਸਾਬਕਾ ਮੰਤਰੀ ਰਹਿ ਚੁੱਕੇ ਜਿੰਮ ਕਾਰ ਨੇ ਬਲੱਡ ਕੈਂਸਰ ਕਾਰਨ ਅਕਤੂਬਰ 2019 ਵਿੱਚ ਆਪਣਾ ਅਹੁਦਾ ਛੱਡ ਦਿੱਤਾ ਸੀ।
ਮੰਗਲਵਾਰ ਸਵੇਰੇ ਪੋਸਟ ਕੀਤੇ ਗਏ ਇੱਕ ਵੀਡੀਓ ਮੈਸੇਜ ਵਿੱਚ ਬੈਂਸ ਨੇ ਆਖਿਆ ਕਿ ਛੇ ਚੋਣਾਂ ਤੋਂ ਬਾਅਦ, ਉਹ ਆਪਣਾ ਬਹੁਤਾ ਸਮਾਂ ਹੁਣ ਪਰਿਵਾਰ ਨਾਲ ਬਿਤਾਉਣਾ ਚਾਹੁੰਦੇ ਹਨ। ਮਿਸੀਸਾਗਾ, ਓਨਟਾਰੀਓ ਤੋਂ ਐਮਪੀ ਬੈਂਸ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਪਿਛਲੇ 17 ਸਾਲਾਂ ਵਿੱਚ ਕਈ ਬਲੀਦਾਨ ਦਿੱਤੇ ਹਨ। ਪਿਛਲਾ ਸਾਲ ਪਰਿਵਾਰਾਂ ਲਈ ਕਾਫੀ ਸਖ਼ਤ ਰਿਹਾ। ਉਨ੍ਹਾਂ ਆਖਿਆ ਕਿ 5ਵੀਂ ਤੇ 8ਵੀਂ ਕਲਾਸ ਵਿੱਚ ਪੜ੍ਹਨ ਵਾਲੀਆਂ ਉਨ੍ਹਾਂ ਦੀਆਂ ਧੀਆਂ ਨੂੰ ਪਿਛਲੇ ਸਾਲ ਉਨ੍ਹਾਂ ਦੀ ਕਾਫੀ ਕਮੀ ਮਹਿਸੂਸ ਹੋਈ ਤੇ ਉਨ੍ਹਾਂ ਨੂੰ ਆਪ ਵੀ ਉਨ੍ਹਾਂ ਦੀ ਕਮੀ ਖਲਦੀ ਰਹੀ। ਹੁਣ ਆਪਣੇ ਪਰਿਵਾਰ ਨੂੰ ਪਹਿਲ ਦੇਣ ਦਾ ਸਮਾਂ ਆ ਗਿਆ ਹੈ। ਕੈਬਨਿਟ ਰਟਰੀਟ ਦਾ ਚਾਰ ਰੋਜ਼ਾ ਸੈਸ਼ਨ ਅਗਲੇ ਦੋ ਹਫਤਿਆਂ ਵਿੱਚ ਹੋਣ ਜਾ ਰਿਹਾ ਹੈ, ਇਸ ਦੌਰਾਨ ਸਾਰਾ ਧਿਆਨ ਇਸ ਪਾਸੇ ਦਿੱਤਾ ਜਾਵੇਗਾ ਕਿ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਨੂੰ ਠੱਲ੍ਹ ਨਹੀਂ ਪੈ ਰਹੀ। ਇਸ ਦੇ ਨਾਲ ਹੀ ਆਰਥਿਕ ਰਿਕਵਰੀ ਤੋਂ ਇਲਾਵਾ ਲਿਬਰਲ ਸਰਕਾਰ ਵੱਲੋਂ ਕਲਾਈਮੇਟ ਚੇਂਜ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਕਿਫਾਇਤੀ ਘਰ, ਸਕਿੱਲਜ਼ ਟਰੇਨਿੰਗ ਤੇ ਨੈਸ਼ਨਲ ਚਾਈਲਡ ਕੇਅਰ ਪ੍ਰੋਗਰਾਮ ਸਬੰਧੀ ਯੋਜਨਾਵਾਂ ਵਿੱਚ ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਹ ਰਟਰੀਟ ਉਸ ਸਮੇਂ ਹੋਣ ਜਾ ਰਹੀ ਹੈ ਜਦੋਂ ਸਰਕਾਰ 25 ਜਨਵਰੀ ਤੋਂ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਮਹਾਂਮਾਰੀ ਕਾਰਨ ਸਾਰੀਆਂ ਪਾਰਟੀਆਂ ਵੱਲੋਂ ਇੱਕ ਦੂਜੇ ਨਾਲ ਸਹਿਯੋਗ ਕੀਤਾ ਗਿਆ ਹੈ ਤੇ ਇਸ ਦਰਮਿਆਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਵੀ ਬਿਨਾਂ ਕਿਸੇ ਗੰਭੀਰ ਚੁਣੌਤੀ ਦੇ ਬਚਦੀ ਬਚਾਉਂਦੀ ਇੱਥੋਂ ਤੱਕ ਪਹੁੰਚ ਗਈ। ਪਰ ਪਿਛਲੇ ਸਾਲ ਦੇ ਅੰਤ ਤੱਕ ਭਾਈਵਾਲੀ ਦੀ ਭਾਵਨਾਂ ਕਾਫੀ ਹੱਦ ਤੱਕ ਗੰਧਲਾ ਗਈ ਤੇ ਇਸ ਸਾਲ ਤਾਂ ਇਸ ਦੇ ਉੱਕਾ ਹੀ ਮੁੱਕ ਜਾਣ ਦੀ ਸੰਭਾਵਨਾ ਹੈ। ਇਹ ਵੀ ਕਿਆਫੇ ਲਾਏ ਜਾ ਰਹੇ ਹਨ ਕਿ ਸਰਕਾਰ ਵੱਲੋਂ ਬਜਟ ਪੇਸ਼ ਕੀਤੇ ਜਾਣ ਨਾਲ ਹੀ ਵੱਡੇ ਘਾਟੇ ਦਾ ਖੁਲਾਸਾ ਹੋਵੇਗਾ, ਜਿਸ ਨਾਲ ਸਰਕਾਰ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਇਹ ਰਟਰੀਟ ਪੂਰੀ ਤਰ੍ਹਾਂ ਵਰਚੂਅਲ ਹੋਵੇਗੀ।
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …