Breaking News
Home / ਹਫ਼ਤਾਵਾਰੀ ਫੇਰੀ / ਗੁਰਦਾਸ ਸਿੰਘ ਤੂਰ ਦਾ ਦਾਅਵਾ : ਡੇਰਾ ਸਿਰਸਾ ਦੇ ਬਗੀਚੇ ‘ਚ ਖੁਦਾਈ ਕਰਨ ‘ਤੇ ਮਿਲਣਗੇ ਮਨੁੱਖੀ ਪਿੰਜਰ

ਗੁਰਦਾਸ ਸਿੰਘ ਤੂਰ ਦਾ ਦਾਅਵਾ : ਡੇਰਾ ਸਿਰਸਾ ਦੇ ਬਗੀਚੇ ‘ਚ ਖੁਦਾਈ ਕਰਨ ‘ਤੇ ਮਿਲਣਗੇ ਮਨੁੱਖੀ ਪਿੰਜਰ

ਸਿਰਸਾ : ਡੇਰਾ ਸੱਚਾ ਸੌਦਾ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਸਾਧੂ ਗੁਰਦਾਸ ਸਿੰਘ ਤੂਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਕਈ ਸੰਗੀਨ ਆਰੋਪ ਲਗਾਏ ਹਨ। ਗੁਰਦਾਸ ਦਾਅਵਾ ਕਰਦਾ ਹੈ ਕਿ ਡੇਰੇ ਦੇ ਕੋਲ ਬਾਗ-ਬਗੀਚਿਆਂ ‘ਚ ਹੱਤਿਆਵਾਂ ਦੇ ਕਈ ਰਾਜ ਦਫਨ ਹਨ। ਜੇਕਰ ਇਸ ਦੀ ਠੀਕ ਤਰ੍ਹਾਂ ਨਾਲ ਜਾਂਚ ਕਰਵਾਈ ਜਾਵੇ ਤਾਂ ਦਰਖਤਾਂ ਦੀਆਂ ਜੜ੍ਹਾਂ ਤੋਂ ਕੰਕਾਲ ਵੀ ਨਿਕਲ ਸਕਦੇ ਹਨ। ਗੁਰਦਾਸ ਨੇ ਕਿਹਾ ਕਿ ਡੇਰਾ ਮੁਖੀ ਦੇ ਇਸ਼ਾਰੇ ‘ਤੇ ਕਈ ਕਤਲ ਹੋਏ। ਗੁਫ਼ਾ ਦੇ ਕੋਲ ਬਗੀਚੇ ‘ਚ ਜਿੱਥੇ ਲਾਸ਼ਾਂ ਦਫਨਾਈਆਂ ਗਈਆਂ, ਬਾਅਦ ‘ਚ ਉਥੇ ਹੀ ਪੌਦੇ ਲਗਾ ਦਿੱਤੇ ਗਏ। ਗੁਫ਼ਾ ਦੇ ਆਸਪਾਸ ਜਦੋਂ ਨਿਰਮਾਣ ਦਾ ਕੰਮ ਚੱਲਿਆ ਤਦ ਵੀ ਉਨ੍ਹਾਂ ਦਰਖਤਾਂ ਨੂੰ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਿ ਸੱਚ ਸਾਹਮਣੇ ਨਾ ਆਵੇ। ਸਾਲ 1996 ਤੋਂ 2002 ਤੱਕ ਖੁਦ ਨੂੰ ਡੇਰੇ ਦਾ ਸਾਧੂ ਦੱਸਣ ਵਾਲੇ ਗੁਰਦਾਸ ਨੇ ਦੱਸਿਆ ਕਿ ਡੇਰੇ ਦਾ ਸਾਬਕਾ ਮੈਨੇਜਰ ਫਕੀਰ ਚੰਦ ਹੁਣ ਵੀ ਲਾਪਤਾ ਹੈ। ਜਿਸ ਕਮਰੇ ‘ਚ ਫਕੀਰ ਚੰਦ ਰਹਿੰਦਾ ਸੀ, ਉਸ ਨੂੰ ਢਾਹ ਕੇ ਲਗਭਗ 6 ਫੱਟ ਤੱਕ ਖੁਦਾਈ 2009-10 ‘ਚ ਕਰਵਾਈ ਗਈ ਸੀ। ਇਸ ਤਰ੍ਹਾਂ ਨਾਲ ਰਾਜੂ ਉਰਫ਼ ਦਿਨੇਸ਼ ਨਾਮ ਦਾ ਲੜਕਾ ਵੀ ਸਾਲ 2006 ਤੋਂ ਲਾਪਤਾ ਹੈ। ਉਹ ਡੇਰੇ ਦੇ ਪ੍ਰਸ਼ਾਸਨਿਕ ਬਲਾਕ ਦੇ ਤਤਕਾਲੀਨ ਮੈਨੇਜਰ ਇੰਦਰ ਸੈਨ ਦਾ ਸਹਾਇਕ ਨਿਯੁਕਤ ਸੀ। ਉਸ ਨੂੰ ਸਾਧੂ ਬਣਾ ਕੇ ਨਿਪੁੰਸਕ ਕਰ ਦਿੱਤਾ ਗਿਆ ਸੀ। ਉਸ ਦੀ ਇਕ ਭੈਣ ਵੀ ਹੈ, ਜਿਸ ਨੂੰ ਸਾਧਵੀ ਬਣਾਇਆ ਗਿਆ। ਫਿਰ ਉਸ ਦੇ ਨਾਮ ਨਾਲ ਡੇਰੇ ਦੇ ਸਾਰੇ ਸਾਧੂਆਂ ਦੇ ਨਾਮ ਦੀ ਪਾਵਰ ਆਫ਼ ਅਟਾਰਨੀ ਵੀ ਲੈ ਲਈ ਗਈ, ਉਦੋਂ ਤੋਂ ਉਹ ਵੀ ਲਾਪਤਾ ਹੈ।
ਬਾਬਾ ਜੇਲ੍ਹ ਕੀ ਗਿਆ, ਉਸੇ ਦਿਨ ਬਾਬੇ ਦੀ 800 ਕਰੋੜ ਵਾਲੀ ਹੱਟੀ ਹੋ ਗਈ ਬੰਦ
ਅਰਸ਼ ਤੋਂ ਫਰਸ਼ ਦੀ ਕਹਾਵਤ ਲੋਕਾਂ ਨੇ ਉਸ ਦਿਨ ਸੱਚ ਹੁੰਦੀ ਵੇਖੀ ਜਦੋਂ ਰਾਜਿਆਂ ਵਰਗੀ ਸ਼ਾਹੀ ਜ਼ਿੰਦਗੀ ਜਿਊਣ ਵਾਲਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹੁਣ ਸੀਮੈਂਟ ਦੇ ਥੜ੍ਹੇ ‘ਤੇ ਜੇਲ੍ਹ ‘ਚ ਇਕ ਕੰਬਲ ਵਿਛਾ ਕੇ ਸੌਂਦਾ ਹੈ। ਗੱਲ ਇਥੇ ਹੀ ਨਹੀਂ ਮੁੱਕੀ, ਸ਼ੀਸ਼ ਮਹਿਲ ਤੋਂ ਸਲਾਖਾਂ ਤੱਕ ਦਾ ਸਫ਼ਰ ਤਹਿ ਕਰਨ ਵਾਲਾ ਬਾਬਾ ਪਲਾਂ ਵਿਚ ਹੀ ਆਰਥਿਕ ਤੌਰ ‘ਤੇ ਵੀ ਅਸਮਾਨ ਤੋਂ ਧਰਤੀ ‘ਤੇ ਉਸ ਵੇਲੇ ਆ ਡਿੱਗਿਆ ਜਦੋਂ ਜੇਲ੍ਹ ਜਾਂਦਿਆਂ ਹੀ ਬਾਬੇ ਦੀ 800 ਕਰੋੜ ਦੀ ਹੱਟੀ ਬੰਦ ਹੋ ਗਈ। 9 ਸਾਲਾਂ ਵਿਚ 14 ਕੰਪਨੀਆਂ ਖੜ੍ਹੀਆਂ ਕਰਨ ਵਾਲੇ ਰਾਮ ਰਹੀਮ ਦਾ 800 ਕਰੋੜ ਦਾ ਕਾਰੋਬਾਰ ਸੀ ਤੇ ਬਾਬੇ ਦਾ ਟਾਰਗੈਟ ਸੀ ਕਿ ਆਉਂਦੇ 5 ਸਾਲਾਂ ਵਿਚ ਇਨ੍ਹਾਂ ਕੰਪਨੀਆਂ ਨੂੰ 5000 ਕਰੋੜ ਰੁਪਏ ਤੱਕ ਪਹੁੰਚਾਉਣਾ ਹੈ ਪਰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ 10 ਦਿਨਾਂ ਦੇ ਅੰਦਰ ਹੀ ਡੇਰੇ ਦਾ ਕਰੀਬ 800 ਕਰੋੜ ਦਾ ਧੰਦਾ ਚੌਪਟ ਹੋ ਗਿਆ। ਸਿਰਸਾ ਡੇਰੇ ਦੀਆਂ 14 ਕੰਪਨੀਆਂ, 8 ਸਕੂਲ ਕਾਲਜ, ਫਾਈਵ ਸਟਾਰ ਹੋਟਲ, ਐਮ.ਐਸ. ਰਿਜ਼ੌਰਟ, ਕਸ਼ਿਸ਼ ਰੈਸਟੋਰੈਂਟ, ਪੁਰਾਣੇ ਡੇਰੇ ਸਾਹਮਣੇ ਏਸੀ ਸੁਪਰ ਮਾਰਕੀਟ ਦੀਆਂ 52 ਦੁਕਾਨਾਂ ‘ਤੇ ਤਾਲੇ ਲੱਗ ਗਏ, ਕਈ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਤੇ 8 ਹਜ਼ਾਰ ਲੋਕ ਵੀ ਬੇਰੁਜ਼ਗਾਰ ਹੋ ਗਏ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …