ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਰਕਾਰ ਨੇ ਸੁੱਤੇ ਪਏ ਪੰਜਾਬ ਦੀ ਫਿਰ ਜੇਬ ਕੱਟ ਲਈ ਹੈ! ਪੰਜਾਬ ਵਿਚ ਰਜਿਸਟਰੀ ਕਰਵਾਉਣ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਗਏ ਹਨ।
ਪੰਜਾਬ ਦੀ ਕੈਪਟਨ ਸਰਕਾਰ ਨੇ ਆਮ ਜਨਤਾ ਨੂੰ ਇਕ ਵੱਡਾ ਝਟਕਾ ਦਿੰਦਿਆਂ ਪ੍ਰਾਪਰਟੀ ਦੀ ਰਜਿਸਟਰੀ ਦੌਰਾਨ ਵਸੂਲੀ ਜਾਣ ਵਾਲੀ ਪੰਜਾਬ ਇਨਫਰਾਸਟਰੱਕਚਰ ਡਿਵੈਲਪਮੈਂਟ ਬੋਰਡ ਫੀਸ (ਪੀ.ਆਈ.ਡੀ.ਬੀ.ਫੀਸ) ਵਿਚ 0.25 ਫੀਸਦੀ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੀ.ਆਈ.ਡੀ.ਬੀ. ਫੀਸ ਵਜੋਂ ਰਜਿਸਟਰੀ ਦੌਰਾਨ ਰਜਿਸਟਰੀ ਰਕਮ ਦੇ ਉਪਰ ਇਕ ਫੀਸਦੀ ਫੀਸ ਵਸੂਲੀ ਜਾਂਦੀ ਸੀ, ਪਰ ਹੁਣ ਹਰੇਕ ਬਿਨੈਕਾਰ ਨੂੰ 1.25 ਫੀਸਦੀ ਫੀਸ ਦੇਣੀ ਹੋਵੇਗੀ।
ਇਸ ਤੋਂ ਇਲਾਵਾ ਪੂਰੇ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਵੀ 0.25 ਫੀਸਦੀ ਪੀਆਈਡੀਬੀ ਫੀਸ ਪ੍ਰਤੀ ਲੀਟਰ ਦੀ ਦਰ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੈਰਾਨੀਜਨਕ ਹੈ ਕਿ ਪੰਜਾਬ ਸਰਕਾਰ ਨੇ ਉਕਤ ਹੁਕਮ 6 ਅਪ੍ਰੈਲ ਨੂੰ ਦੇਰ ਸ਼ਾਮ ਜਾਰੀ ਕੀਤੇ, ਪਰ ਰਜਿਸਟਰੀ ‘ਤੇ ਪੀਆਈਡੀਬੀ ਫੀਸ ਦੇ ਵਾਧੇ ਨੂੰ 5 ਅਪ੍ਰੈਲ ਤੋਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਵੇਂ ਹੁਕਮਾਂ ਅਨੁਸਾਰ ਇਕ ਅੰਦਾਜ਼ੇ ਮੁਤਾਬਕ ਜਿੱਥੇ 10 ਲੱਖ ਰੁਪਏ ਤੱਕ ਦੀ ਪ੍ਰਾਪਰਟੀ ਦੀ ਰਜਿਸਟਰੀ ‘ਤੇ ਹਰੇਕ ਬਿਨੈਕਾਰ ਨੂੰ ਪਹਿਲਾਂ 10 ਹਜ਼ਾਰ ਰੁਪਏ ਪੀਆਈਡੀਬੀ ਫੀਸ ਦੇਣੀ ਪੈਂਦੀ ਸੀ, ਉਥੇ ਹੀ ਹੁਣ ਉਨ੍ਹਾਂ ਨੂੰ 12,500 ਰੁਪਏ ਅਦਾ ਕਰਨੇ ਪੈਣਗੇ। ਦੂਜੇ ਪਾਸੇ ਪੈਟਰੋਲ-ਡੀਜ਼ਲ ਦੀਆਂ ਅਸਮਾਨ ਨੂੰ ਛੂੰਹਦੀਆਂ ਕੀਮਤਾਂ ਕਾਰਨ ਜਨਤਾ ਵਿਚ ਪਹਿਲਾਂ ਹੀ ਹਾਹਾਕਾਰ ਮਚੀ ਹੋਈ ਹੈ। ਸਰਕਾਰ ਵਲੋਂ ਲਾਏ ਟੈਕਸਾਂ ਕਾਰਨ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੈਟਰੋਲ-ਡੀਜ਼ਲ ਮਹਿੰਗਾ ਵਿਕਣ ਕਾਰਨ ਪੰਜਾਬ ਸਰਕਾਰ ਪਹਿਲਾਂ ਹੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ, ਪਰ ਪੀਆਈਡੀਬੀ ਫੀਸ ਨੂੰ ਲੈ ਕੇ ਜਾਰੀ ਕੀਤਾ ਗਿਆ ਨਵਾਂ ਫੁਰਮਾਨ ਚੋਣਾਵੀ ਸਾਲ ਵਿਚ ਸਰਕਾਰ ਨੂੰ ਘੇਰਨ ਲਈ ਵਿਰੋਧੀਆਂ ਵਾਸਤੇ ਇਕ ਵੱਡਾ ਮੁੱਦਾ ਬਣ ਸਕਦਾ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੇ ਕੁਮਾਰ ਸਿਨਹਾ ਵਲੋਂ ਕਿਹਾ ਗਿਆ ਕਿ ਪ੍ਰਾਪਰਟੀ ਦੇ ਕੁਲੈਕਟਰ ਰੇਟ ਦੇ ਅਨੁਸਾਰ ਹਰੇਕ 3 ਸਾਲ ਬਾਅਦ ਪ੍ਰਾਪਰਟੀ ਟੈਕਸ ਦਾ ਰੇਟ ਵੀ ਵਧਾਇਆ ਜਾਵੇਗਾ।
ਪੰਜਾਬ ‘ਚ ਪੈਟਰੋਲ-ਡੀਜ਼ਲ ਕੀਤਾ ਮਹਿੰਗਾ
ਜਲੰਧਰ : ਪੰਜ ਰਾਜਾਂ ਵਿਚ ਚਾਹੇ ਚੋਣਾਂ ਕਰਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੀ ਥਾਂ ਕੁਝ ਘਟਾਈਆਂ ਗਈਆਂ ਹਨ, ਪਰ ਪੰਜਾਬ ਵਿਚ ਪੈਟਰੋਲ ਡੀਜ਼ਲ ‘ਤੇ ਕਰ ਵਧਣ ਨਾਲ ਇਹ ਮਹਿੰਗਾ ਹੋ ਗਿਆ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਲਗਾਏ ਕਰ ਨੂੰ ਸਪੈਸ਼ਲ ਇਨਫਰਾਸਟਰੱਚਰ ਫੀਸ ਦੇ ਨਾਮ ‘ਤੇ 30-30 ਪੈਸੇ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਪੈਟਰੋਲ 91.51 ਤੋਂ 91.83 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.57 ਤੋਂ 82.87 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਫੀਸ ਦੇ ਨਾਲ ਵੈਟ ਵੀ ਸ਼ਾਮਲ ਕੀਤਾ ਜਾਂਦਾ ਹੈ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਰ ‘ਚ ਵਾਧਾ ਕਰਨ ਨੂੰ ਗਲਤ ਦੱਸਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੀ ਸਰਹੱਦ ਵਾਲੇ ਪਾਸੇ ਪੈਟਰੋਲ ਪੰਪਾਂ ਦਾ ਹੋਰ ਵੀ ਵਿੱਤੀ ਨੁਕਸਾਨ ਹੋਵੇਗਾ, ਜਿੱਥੇ ਕਿ ਪਹਿਲਾਂ ਹੀ ਗੁਆਂਢੀ ਰਾਜਾਂ ਦੇ ਪੈਟਰੋਲ ਪੰਪਾਂ ਦੇ ਮੁਕਾਬਲੇ ਉਨ੍ਹਾਂ ਦਾ ਪੈਟਰੋਲ, ਡੀਜ਼ਲ ਮਹਿੰਗਾ ਹੋਣ ਕਰਕੇ ਘੱਟ ਵਿਕਦਾ ਹੈ।
ਕੱਚਾ ਤੇਲ ਸਸਤਾ ਤੇ ਪੈਟਰੋਲ-ਡੀਜ਼ਲ ਮਹਿੰਗਾ
ਲੰਘੇ ਇਕ ਮਹੀਨੇ ‘ਚ ਕੱਚੇ ਤੇਲ ਦੀਆਂ ਕੀਮਤਾਂ ਵਿਚ 9 ਫੀਸਦੀ ਦੀ ਕਮੀ ਆਈ ਹੈ। ਪਿਛਲੇ ਮਹੀਨੇ ਮਾਰਚ ‘ਚ ਕੱਚੇ ਤੇਲ ਦੀ ਕੀਮਤ 69 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 63 ਡਾਲਰ ਤੋਂ ਵੀ ਘੱਟ ‘ਤੇ ਆ ਗਈ ਹੈ। ਇਸ ਦੌਰਾਨ ਜਨਤਾ ਨੂੰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਤੋਂ ਕੋਈ ਖਾਸ ਰਾਹਤ ਨਹੀਂ ਮਿਲੀ। ਮੋਦੀ ਸਰਕਾਰ ਦੇ 7 ਸਾਲਾਂ ਦੇ ਕਾਰਜਕਾਲ ਵਿਚ ਕੱਚਾ ਤੇਲ 41 ਫੀਸਦੀ ਸਸਤਾ ਹੋਇਆ, ਪਰ ਪੈਟਰੋਲ 27 ਅਤੇ ਡੀਜ਼ਲ 43 ਫੀਸਦੀ ਮਹਿੰਗਾ ਹੋਇਆ ਹੈ।