ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਚੋਣ ਲੜਨ ਦਾ ਕੀਤਾ ਐਲਾਨ, ਪਰ ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਹਿੱਸੋਵਾਲ ਤੇ ਜਗਤਾਰ ਸਿੰਘ ਕਮਾਲੂ ਹਾਲੇ ਤੱਕ ਵਿਚ ਵਿਚਾਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਆਪਣਿਆਂ (ਪਾਰਟੀ ਵਿਚੋਂ ਬਾਗ਼ੀ ਹੋਏ ਵਿਧਾਇਕਾਂ) ਨੂੰ ਪਲੋਸ ਕੇ ਪਾਰਟੀ ਵਿਚ ਏਕਾ ਕਾਇਮ ਕਰਨ ਵਿਚ ਇਕ ਵਾਰ ਫੇਰ ਅਸਫ਼ਲ ਰਹੀ ਹੈ। ਇਸ ਕਾਰਨ ਪਾਰਟੀ ਨੂੰ ਲੋਕ ਸਭਾ ਚੋਣਾਂ ਟੁੱਟ-ਭੱਜ ਵਿਚ ਹੀ ਲੜ ਕੇ ਬੁੱਤਾ ਸਾਰਨਾ ਪੈ ਸਕਦਾ ਹੈ। ਸੂਤਰਾਂ ਅਨੁਸਾਰ ਪਾਰਟੀ ਵਿਚੋਂ ਬਾਗ਼ੀ ਹੋਏ 7 ਵਿਧਾਇਕਾਂ ਵਿਚੋਂ 5 ਵਿਧਾਇਕਾਂ ਨਾਲ ਲੰਘੇ ਸਮੇਂ ‘ਆਪ’ ਦੀ ਲੀਡਰਸ਼ਿਪ ਨੇ ਪਾਰਟੀ ਵਿਚ ਏਕਤਾ ਲਿਆਉਣ ਲਈ ਗੱਲਬਾਤ ਕੀਤੀ ਸੀ। ਦੱਸਣਯੋਗ ਹੈ ਕਿ ਪਾਰਟੀ ਦੇ ਦੋ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੇ ਤਾਂ ਪੰਜਾਬ ਏਕਤਾ ਪਾਰਟੀ ਬਣਾ ਕੇ ਬਠਿੰਡਾ ਅਤੇ ਫਰੀਦਕੋਟ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਤਰ੍ਹਾਂ ਉਹ ਪਾਰਟੀ ਤੋਂ ਪੂਰੀ ਤਰ੍ਹਾਂ ਦੂਰ ਹੋ ਚੁੱਕੇ ਹਨ। ਦੂਸਰੇ ਪਾਸੇ ਬਾਕੀ 5 ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ ਅਤੇ ਜਗਦੇਵ ਸਿੰਘ ਕਮਾਲੂ ਹਾਲੇ ਵਿਚ-ਵਿਚਾਲੇ ਹੀ ਹਨ। ਇਹ ਪੰਜ ਵਿਧਾਇਕ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਪਾਰਟੀ ਜਾਂ ਵਿਧਾਇਕ ਦੇ ਅਹੁਦਿਆਂ ਤੋਂ ਅਸਤੀਫ਼ੇ ਨਹੀਂ ਦੇਣਗੇ ਅਤੇ ਆਪੋ-ਆਪਣੇ ਹਲਕਿਆਂ ਦੀ ਜ਼ਿੰਮੇਵਾਰੀ ਨਿਭਾਉਣਗੇ। ਸੂਤਰਾਂ ਅਨੁਸਾਰ ਪਾਰਟੀ ਦੇ ਕੁਝ ਵਿਧਾਇਕਾਂ ਨੇ ਵਿਚੋਲਗੀ ਕਰ ਕੇ ਬਾਗ਼ੀ ਵਿਧਾਇਕਾਂ ਨਾਲ ਇਕੱਠੇ ਹੋਣ ਦੀ ਗੱਲ ਚਲਾਈ ਸੀ। ਹਾਲਾਂਕਿ ਗੱਲ ਸੰਜੀਦਗੀ ਨਾਲ ਸ਼ੁਰੂ ਹੋਈ, ਪਰ ਖਹਿਰਾ ਦਾ ਨਾਂ ਆਉਣ ‘ਤੇ ਇਹ ਅੱਗੇ ਨਹੀਂ ਵੱਧ ਸਕੀ।
ਪਾਰਟੀ ਆਗੂਆਂ ਦਾ ਸਾਫ਼ ਕਹਿਣਾ ਸੀ ਕਿ ਹੁਣ ਖਹਿਰਾ ਦੀ ਪਾਰਟੀ ਵਿਚ ਕੋਈ ਥਾਂ ਨਹੀਂ ਹੈ ਤੇ ਸਾਰੇ ਦਰਵਾਜ਼ੇ ਸਦਾ ਲਈ ਬੰਦ ਹਨ। ਦੂਸਰੇ ਪਾਸੇ ਬਾਗੀਆਂ ਨੇ ਵੀ ਇਸ ਮੁੱਦੇ ਉੱਤੇ ਸਾਫ਼ ਕਹਿ ਦਿੱਤਾ ਹੈ ਕਿ ਇਸ ਵੇਲੇ ਉਹ ਸੁਖਪਾਲ ਖਹਿਰਾ ਨੂੰ ਇਕੱਲਿਆਂ ਛੱਡ ਕੇ ਵਾਪਸ ਪਾਰਟੀ ਵਿਚ ਨਹੀਂ ਆ ਸਕਦੇ।ਸੂਤਰਾਂ ਅਨੁਸਾਰ ਹਾਲੇ ਗੱਲਬਾਤ ਇਸ ਦੌਰ ਵਿਚ ਪੁੱਜੀ ਹੀ ਨਹੀਂ ਸੀ ਕਿ ਬਾਗੀ ਵਿਧਾਇਕ ਕਿਸ ਰੂਪ ਅਤੇ ਕਿਹੜੀਆਂ ਸ਼ਰਤਾਂ ਨਾਲ ਵਾਪਸ ਆਉਣਗੇ, ਪਰ ਇਸ ਤੋਂ ਪਹਿਲਾਂ ਹੀ ਖਹਿਰਾ ਦੇ ਮੁੱਦੇ ਨੂੰ ਹੀ ਲੈ ਕੇ ਖ਼ਲਾਅ ਪੈਦਾ ਹੋ ਗਿਆ। ਵੇਰਵਿਆਂ ਮੁਤਾਬਕ ਬਾਗੀਆਂ ਦੇ ਪਾਰਟੀ ਵਿਚ ਆਉਣ ਦੀ ਸੂਰਤ ਇਨ੍ਹਾਂ ਨੂੰ ਕੋਰ ਕਮੇਟੀ ਦੇ ਮੈਂਬਰ ਵਜੋਂ ਲੈਣਾ ਤੈਅ ਸੀ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਹੋਰ ਢਾਹ-ਭੰਨ ਵੀ ਹੋ ਸਕਦੀ ਸੀ। ਬਾਗੀ ਵਿਧਾਇਕਾਂ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਸੰਪਰਕ ਕਰਨ ‘ਤੇ ਪੁਸ਼ਟੀ ਕੀਤੀ ਉਨ੍ਹਾਂ ਗੱਲਬਾਤ ਚਲਾਈ ਸੀ। ਪ੍ਰਧਾਨ ਭਗਵੰਤ ਮਾਨ ਸਮੇਤ ਹੋਰ ਵੱਡੇ ਆਗੂਆਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਾਰਟੀ ਦਾ ਕੋਈ ਵੀ ਨੇਤਾ ਖਹਿਰਾ ਦੀ ਪਾਰਟੀ ਵਿਚ ਵਾਪਸੀ ਉੱਪਰ ਸਹਿਮਤ ਨਹੀਂ ਹੈ ਜਦਕਿ ਬਾਗੀ ਵਿਧਾਇਕਾਂ ਦੀ ਸ਼ਰਤ ਹੈ ਕਿ ਖਹਿਰਾ ਨੂੰ ਵੀ ਪਾਰਟੀ ਵਿਚ ਸ਼ਾਮਲ ਕਰਨ ਦੀ ਸਹਿਮਤੀ ਹੋਣ ‘ਤੇ ਹੀ ਏਕੇ ਦੀ ਗੱਲ ਚੱਲ ਸਕਦੀ ਹੈ। ਹੇਅਰ ਨੇ ਦੱਸਿਆ ਕਿ ਇਹ ਮੁੱਦਾ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰਾਂ ਨੇ ਵੀ ਵਿਚਾਰਿਆ ਸੀ ਪਰ ਸਾਰਿਆਂ ਨੇ ਖਹਿਰਾ ਨੂੰ ਪਾਰਟੀ ਵਿਚ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ। ਬਾਗੀ ਧੜੇ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਪਾਰਟੀ ਦੇ ਆਗੂਆਂ ਨਾਲ ਏਕਤਾ ਲਈ ਹੋਈ ਗੱਲਬਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪਾਰਟੀ ਦੇ ਆਗੂ ਖਹਿਰਾ ਨੂੰ ਵਾਪਸ ਪਾਰਟੀ ਵਿਚ ਲੈਣ ਦੇ ਵਿਰੁੱਧ ਸਨ, ਪਰ ਉਹ ਇਸ ਸਥਿਤੀ ਵਿਚ ਖਹਿਰਾ ਨੂੰ ਛੱਡ ਕੇ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕਦੇ। ਹਾਲਾਂਕਿ ਉਨ੍ਹਾਂ ਏਕੇ ਦੇ ਪੱਖ ਵਿਚ ਹਾਮੀ ਭਰੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਖਹਿਰਾ ਨੂੰ ਵੀ ਪਾਰਟੀ ਵਿਚ ਸ਼ਾਮਲ ਹੋ ਕੇ ਇਕੱਠੇ ਹੋਣ ਲਈ ਤਿਆਰ ਕਰ ਲਿਆ ਸੀ।
ਸੁਖਪਾਲ ਖਹਿਰਾ ਬਠਿੰਡਾ ਤੋਂ ਲੜਨਗੇ ਲੋਕ ਸਭਾ ਚੋਣ
ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਾਰੀਆਂ ਕਿਆਸਅਰਾਈਆਂ ਨੂੰ ਖ਼ਤਮ ਕਰਦਿਆਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਰਵਾਇਤੀ ਹਲਕੇ ਬਠਿੰਡਾ ਤੋਂ ਚੋਣ ਨਹੀਂ ਲੜਦੀ ਹੈ ਤਾਂ ਵੀ ਉਹ ਬਠਿੰਡਾ ਤੋਂ ਹੀ ਚੋਣ ਲੜਨਗੇ। ਖਹਿਰਾ ਨੇ ਸੰਕੇਤ ਦਿੱਤਾ ਕਿ ਜੇਕਰ ਬੀਬੀ ਬਾਦਲ ਫਿਰੋਜ਼ਪੁਰ ਤੋਂ ਚੋਣ ਲੜੇਗੀ ਤਾਂ ਉਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਨੂੰ ਟੱਕਰ ਦੇ ਸਕਦੇ ਹਨ, ਜਿਸ ਬਾਰੇ ਅੰਤਿਮ ਫ਼ੈਸਲਾ ਮੌਕੇ ‘ਤੇ ਲਿਆ ਜਾਵੇਗਾ। ਪੰਜਾਬ ਮੰਚ ਦੇ ਪ੍ਰਧਾਨ ਅਤੇ ਪਟਿਆਲਾ ਤੋਂ ਚੋਣ ਲੜ ਰਹੇ ਡਾਕਟਰ ਧਰਮਵੀਰ ਗਾਂਧੀ ਨੇ ਖਹਿਰਾ ਨੂੰ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਬਠਿੰਡਾ ਦਾ ਉਮੀਦਵਾਰ ਐਲਾਨਦਿਆਂ ਉਨ੍ਹਾਂ ਨੂੰ ਪੰਜਾਬ ਦੇ ਨਿਧੜਕ ਜਰਨੈਲ ਵਜੋਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੀਡੀਏ ਨੇ ਆਪਣੇ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਸੰਗਰੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।
ਮਾਸਟਰ ਬਲਦੇਵ ਸਿੰਘ ਵਲੋਂ ਡੇਰਾ ਸਿਰਸਾ ਨਾਲ ਸਬੰਧਾਂ ਤੋਂ ਇਨਕਾਰ
ਪੰਜਾਬ ਏਕਤਾ ਪਾਰਟੀ ਦੀ ਟਿਕਟ ‘ਤੇ ਫਰੀਦਕੋਟ ਤੋਂ ਲੋਕ ਸਭਾ ਚੋਣ ਲੜ ਰਹੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਚਰਚਾ ਚੱਲ ਰਹੀ ਹੈ ਕਿ ਸੁਖਪਾਲ ਖਹਿਰਾ, ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਅਤੇ ਡੇਰਾ ਸਿਰਸਾ ਮੁਖੀ ਨਾਲ ਜੁੜੇ ਰਹੇ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋਟ ਤੋਂ ਚੋਣ ਲੜਾ ਕੇ ਦੂਹਰੀ ਸਿਆਸਤ ਖੇਡ ਰਹੇ ਹਨ। ਖਹਿਰਾ ਨੇ ਵੀ ਮਾਸਟਰ ਬਲਦੇਵ ਸਿੰਘ ਦੇ ਡੇਰਾ ਸਿਰਸਾ ਨਾਲ ਸਬੰਧ ਨਾ ਹੋਣ ਦੀ ਕਲੀਨ ਚਿੱਟ ਦਿੱਤੀ।
ਸਿੱਧੂ ਦੇ ਜ਼ਿਆਦਾ ਬੋਲਣ ਤੋਂ ਖੁਦ ਕਾਂਗਰਸ ਡਰੀ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਜ਼ਿਆਦਾ ਬੋਲਣ ਤੋਂ ਉਨ੍ਹਾਂ ਦੀ ਪਾਰਟੀ ਖੁਦ ਹੀ ਡਰ ਗਈ ਹੈ। ਹਾਲ ਹੀ ‘ਚ ਮੋਗਾ ਵਿਖੇ ਹੋਈ ਪਾਰਟੀ ਦੀ ਰੈਲੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਹੁੰਚੇ ਸਨ। ਇਸ ਦੌਰਾਨ ਮੰਚ ਤੋਂ ਪਾਰਟੀ ਦੇ ਆਗੂਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਪ੍ਰੰਤੂ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ‘ਤੇ ਸਿੱਧੂ ਨੇ ਕਾਫ਼ੀ ਨਾਰਾਜ਼ਗੀ ਵੀ ਪ੍ਰਗਟਾਈ ਸੀ। ਰਾਜਨੀਤਿਕ ਹਲਕਿਆਂ ‘ਚ ਚਰਚਾ ਹੈ ਕਿ ਉਹ ਸਿੱਧੂ ਦੇ ਜ਼ਿਆਦਾ ਬੋਲਣ ਕਾਰਨ ਖੁਦ ਕਾਂਗਰਸ ਇਸ ਗੱਲ ਤੋਂ ਡਰ ਗਈ ਹੈ ਕਿ ਚੋਣਾਂ ਦੇ ਮਾਹੌਲ ‘ਚ ਕਿਤੇ ਸਿੱਧੂ ਕੁਝ ਅਜਿਹਾ ਨਾ ਬੋਲ ਦੇਣ ਜਿਸ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇ। ਵੈਸੇ ਵੀ ਪਾਕਿਸਤਾਨ ਅਤੇ ਇਮਰਾਨ ਖਾਨ ਦੇ ਪੱਖ ‘ਚ ਬਿਆਨਬਾਜ਼ੀ ਦੇ ਕਾਰਨ ਸਿੱਧੂ ਨੂੰ ਜਨਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਚਾਂਦੀ ਦੀ ਭਸਮ ਨਾਲ ਹੋਵੇਗਾ ਕੰਮ
ਸਕੱਤਰੇਤ ‘ਚ ਤਾਇਨਾਤ ਪੈਰਾਮਿਲਟਰੀ ਫੋਰਸ ਦੇ ਜਵਾਨ ਅੱਜ ਕੱਲ੍ਹ ਨਵੀਂ ਪ੍ਰੇਸ਼ਾਨੀ ਨਾਲ ਜੂਝ ਰਹੇ ਹਨ। ਇਥੇ ਮੰਤਰੀਆਂ ਤੋਂ ਕੰਮ ਕਰਵਾਉਣ ਦੇ ਲਈ ਆਉਣ ਵਾਲੇ ਲੋਕਾਂ ਦੀ ਜਦੋਂ ਤਲਾਸ਼ੀ ਲਈ ਜਾਂਦੀ ਹੈ ਤਾਂ ਕਈਆਂ ਦੇ ਕੋਲੋਂ ਚਾਂਦੀ ਦੀ ਭਸਮ ਦੀਆਂ ਪੁੜੀਆਂ ਮਿਲੀਆਂ ਹਨ। ਜਦੋਂ ਜਵਾਨ ਕਾਰਨ ਪੁੱਛਦੇ ਹਨ ਤਾਂ ਪਹਿਲਾਂ ਤਾਂ ਉਹ ਲੋਕ ਕੁਝ ਦੱਸਦੇ ਨਹੀਂ ਪ੍ਰੰਤੂ ਜ਼ਿਆਦਾ ਪੁੱਛਣ ‘ਤੇ ਉਹ ਦੱਸਦੇ ਹਨ ਕਿ ਇਕ ਬਾਬੇ ਤੋਂ ਇਹ ਚਾਂਦੀ ਦੀ ਭਸਮ ਲੈ ਕੇ ਆਏ ਹਨ, ਉਸ ਬਾਬੇ ਨੇ ਕਿਹਾ ਕਿ ਇਹ ਭਸਮ ਮੰਤਰੀ ਦੇ ਦਫ਼ਤਰ ਦੇ ਦਰਵਾਜ਼ ‘ਤੇ ਸੁੱਟ ਦੇਣਾ, ਤੁਹਾਡਾ ਕੰਮ ਪੱਕਾ ਹੋਵੇਗਾ। ਪੈਰਾਮਿਲਟਰੀ ਫੋਰਸ ਦੇ ਜਵਾਨਾਂ ਦੇ ਕੋਲ ਅਜਿਹੀ ਭਸਮ ਦੀਆਂ ਪੁੜੀਆਂ ਦੇ ਢੇਰ ਲੱਗੇ ਹਨ, ਜਿਸ ਨੂੰ ਅੰਦਰ ਨਹੀਂ ਲੈ ਕੇ ਜਾਣ ਦਿੱਤਾ ਜਾਂਦਾ ਅਤੇ ਬਾਹਰ ਹੀ ਰਖਵਾ ਲਿਆ ਜਾਂਦਾ ਹੈ।
ਵਟਸਐਪ ਗਰੁੱਪ ਬਣਾਉਣ ਤੋਂ ਮੰਤਰੀਆਂ ਦੀ ਤੌਬਾ
ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਇਕ-ਦੂਜੇ ਨਾਲ ਜੁੜਨ ਦੇ ਲਈ ਇਨ੍ਹੀਂ ਦਿਨੀਂ ਵਟਸਐਪ ਗਰੁੱਪ ਕਾਫ਼ੀ ਪ੍ਰਚੱਲਿਤ ਹੈ ਪ੍ਰੰਤੂ ਪੰਜਾਬ ਦੇ ਮੰਤਰੀਆਂ ਨੇ ਅਜਿਹਾ ਕੋਈ ਵਟਸਐਪ ਗਰੁੱਪ ਬਣਾਉਣ ਤੋਂ ਤੌਬਾ ਕਰ ਲਈ ਹੈ। ਉਨ੍ਹਾਂ ਨੂੰ ਡਰ ਹੈ ਕਿ ਚੋਣਾਵੀ ਮਾਹੌਲ ‘ਚ ਜੇਕਰ ਕਿਸੇ ਮੰਤਰੀ ਤੋਂ ਗਲਤੀ ਨਾਲ ਵੀ ਵਟਸਐਪ ਗਰੁੱਪ ‘ਚ ਕੋਈ ਇਤਰਾਜ਼ਯੋਗ ਮੈਸੇਜ ਚਲਾ ਗਿਆ ਤਾਂ ਉਸ ਨੂੰ ਮੁੱਦਾ ਬਣਦੇ ਦੇਰ ਨਹੀਂ ਲੱਗਣੀ। ਪਿਛਲੇ ਦਿਨੀਂ ਇਕ ਮੰਤਰੀ ਨੇ ਵਟਸਐਪ ‘ਤੇ ਇਕ ਮਹਿਲਾ ਆਈਏਐਸ ਅਫ਼ਸਰ ਨੂੰ ਇਤਰਾਜ਼ਯੋਗ ਮੈਸੇਜ ਭੇਜ ਦਿੱਤਾ ਸੀ, ਜਿਸ ਨਾਲ ਉਸ ਮੰਤਰੀ ਦੀ ਕਾਫ਼ੀ ਕਿਰਕਰੀ ਹੋਈ ਸੀ ਅਤੇ ਉਨ੍ਹਾਂ ਦੀ ਕੁਰਸੀ ਖਿਸਕਣ ਦੀ ਸੰਭਾਵਨਾ ਬਣ ਗਈ ਸੀ। ਸਬਕ ਲੈਂਦੇ ਹੋਏ ਮੰਤਰੀਆਂ ਨੇ ਫਿਲਹਾਲ ਚੋਣਾਵੀ ਮਾਹੌਲ ‘ਚ ਕਿਸੇ ਤਰ੍ਹਾਂ ਦਾ ਕੋਈ ਵਟਸਐਪ ਗਰੁੱਪ ਬਣਾਉਣ ਤੋਂ ਤੌਬਾ ਕਰ ਲਈ ਹੈ।
ਰਾਜਨੀਤਿਕ ਦਲ ਠੰਢੇ ਪ੍ਰੰਤੂ ਕਮਿਸ਼ਨ ਗਰਮ
ਪੰਜਾਬ ‘ਚ ਲੋਕ ਸਭਾ ਚੋਣਾਂ ਆਖਰੀ ਗੇੜ ‘ਚ ਹੋਣਗੀਆਂ। ਅਜਿਹੇ ‘ਚ ਰਾਜਨੀਤਿਕ ਦਲਾਂ ਵੱਲੋਂ ਟਿਕਟਾਂ ਦੀ ਵੰਡ ਦੇ ਲਈ ਓਨਾ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ। ਬੇਸ਼ੱਕ ਰਾਜਨੀਤਿਕ ਪਾਰਟੀਆਂ ਵੱਲੋਂ ਅਜੇ ਚੋਣਾਂ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ ਪ੍ਰੰਤੂ ਚੋਣ ਕਮਿਸ਼ਨ ਪੂਰੇ ਗਰਮਜੋਸ਼ੀ ਦੇ ਨਾਲ ਆਪਣਾ ਕੰਮ ਕਰ ਰਹੇ ਹਨ। ਪੰਜਾਬ ਚੋਣ ਕਮਿਸ਼ਨ ਨੇ ਚੋਣਾਂ ਦੇ ਸਮੇਂ ਵੋਟ ਪਾਉਣ ਦੇ ਲਈ ਦਿੱਤੇ ਜਾਣ ਵਾਲੇ ਲਾਲਚ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਪੂਰੀ ਨਜਰ ਰਾਜਨੀਤਿਕ ਪਾਰਟੀਆਂ ‘ਤੇ ਰੱਖੀ ਹੋਈ ਹੈ। ਚੋਣ ਕਮਿਸ਼ਨ ਨੇ ਚੋਣਾਂ ਨਿਰਪੱਖ ਕਰਵਾਉਣ ਦੇ ਲਈ ਪੈਸੇ ਅਤੇ ਨਸ਼ਿਆਂ ਦੀ ਫੜੋ-ਫੜੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਚੋਣਾਂ ਦੇ ਦੌਰਾਨ ਵੋਟ ਖਰੀਦਣ ਵਾਲੇ ਆਗੂਆਂ ਨੂੰ ਚੋਣ ਕਮਿਸ਼ਨ ਕੋਲੋਂ ਬਚ ਕੇ ਰਹਿਣਾ ਹੋਵੇਗਾ।
ਆਰਾਮ ਦੇ ਮੂਡ ‘ਚ ਪੀ ਆਰ ਅਫ਼ਸਰ
ਲੋਕ ਸਭਾ ਚੋਣਾਂ ਦੇ ਲਈ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚਾਹੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ‘ਤੇ ਕੋਈ ਫ਼ਰਕ ਨਾ ਪਿਆ ਹੋਵੇ ਪ੍ਰੰਤੂ ਪੀ ਆਰ ਅਫ਼ਸਰ ਸਭ ਤੋਂ ਜ਼ਿਆਦਾ ਆਰਾਮ ਦੇ ਮੂਡ ‘ਚ ਹਨ। ਅਮੂਮਨ ਪੀਆਰ ਵਿਭਾਗ ਦੇ ਅਫ਼ਸਰਾਂ ‘ਤੇ ਸਕਾਰ ਦੇ ਪ੍ਰੈਸ ਨੋਟ ਬਣਾਉਣ ਦਾ ਕਾਫ਼ੀ ਦਬਾਅ ਰਹਿੰਦਾ ਹੈ ਪ੍ਰੰਤੂ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਸਰਕਾਰੀ ਐਲਾਨ ਰੁਕਣ ਨਾਲ ਉਨ੍ਹਾਂ ਨੂੰ ਇਸ ਕੰਮ ਤੋਂ ਕਾਫ਼ੀ ਰਾਹਤ ਮਿਲੀ ਹੈ। ਅਜਿਹੇ ‘ਚ ਪੀਆਰ ਵਿਭਾਗ ਦੇ ਅਫ਼ਸਰ ਕੁਝ ਸਮੇਂ ਦੇ ਲਈ ਕੰਮ ਤੋਂ ਰਾਹਤ ਮਿਲਣ ਦੇ ਕਾਰਨ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਕਈ ਛੁੱਟੀਆਂ ਲੈ ਕੇ ਪਰਿਵਾਰ ਦੇ ਨਾਲ ਟਾਈਮ ਬਿਤਾ ਰਹੇ ਹਨ।
Check Also
ਪੰਜਾਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਨਗਰ ਨਿਗਮ ਚੋਣਾਂ ਜਨਵਰੀ ’ਚ ਕਰਵਾਉਣ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ : ਸੂਬੇ ਦੇ ਚੋਣ …