-7.2 C
Toronto
Sunday, December 14, 2025
spot_img
Homeਪੰਜਾਬਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਇਕੱਲਿਆਂ ਲੜੇਗਾ ਲੋਕ ਸਭਾ ਚੋਣਾਂ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਇਕੱਲਿਆਂ ਲੜੇਗਾ ਲੋਕ ਸਭਾ ਚੋਣਾਂ

ਅਕਾਲੀ ਦਲ ਟਕਸਾਲੀ ਦਾ ‘ਆਪ’ ਤੇ ਖਹਿਰਾ ਨਾਲ ਨਹੀਂ ਹੋਵੇਗਾ
ਸਮਝੌਤਾ : ਸੇਖਵਾਂ
ਲੁਧਿਆਣਾ/ਬਿਊਰੋ ਨਿਊਜ਼ : ਪਹਿਲਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੇ ਫਿਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀਆਂ ਗੱਲਾਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੁਧਿਆਣਾ ਵਿੱਚ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾਂ ਕਿਸੇ ਦੇ ਨਾਲ ਨਹੀਂ ਬਲਕਿ ਇਕੱਲੇ ਲੜੇਗੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚੋਣਾਂ ਲਈ ਗੱਠਜੋੜ ਕਰੇਗੀ ਤਾਂ ਨਾ ਹੀ ਖਹਿਰਾ ਗਰੁੱਪ ਨਾਲ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਿਰਫ਼ ਆਪਣੇ ਦਮ ‘ਤੇ ਚੋਣ ਲੜੇਗਾ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੇ ਮਹਾਂਗਠਜੋੜ ਬਣਾਉਣ ਲਈ ਬਾਕੀ ਪਾਰਟੀਆਂ ਨਾਲ ਬਹੁਤ ਕੋਸ਼ਿਸ਼ਾਂ ਕੀਤੀਆਂ ਸੀ ਤਾਂ ਕਿ ਸੂਬੇ ਦੇ ਲੋਕਾਂ ਨੂੰ ਇੱਕ ਨਵਾਂ ਦਲ ਦਿੱਤਾ ਜਾ ਸਕੇ। ਆਮ ਆਦਮੀ ਪਾਰਟੀ ਤੇ ਖਹਿਰਾ ਨਾਲ ਗੱਠਜੋੜ ਲਈ ਕਈ ਮੀਟਿੰਗਾਂ ਹੋਈਆਂ, ਪਰ ਸਹਿਮਤੀ ਨਹੀਂ ਬਣੀ। ਰਾਜਸੀ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਵਿਚ ਡੇਰਾ ਵੋਟ ਲੈਣ ਦੇ ਸਵਾਲ ‘ਤੇ ਸੇਖਵਾਂ ਨੇ ਸਾਫ਼ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਡੇਰੇ ਦਾ ਸਮਰਥਨ ਨਹੀਂ ਲਵੇਗੀ। ਅਕਾਲੀ ਦਲ ਦੀ ਨਜ਼ਰ ਡੇਰਾ ਵੋਟ ‘ਤੇ ਹੋ ਸਕਦੀ ਹੈ, ਕਿਉਂਕਿ ਬੇਅਦਬੀ ਤੋਂ ਬਾਅਦ ਪੰਜਾਬ ਦੇ ਲੋਕ ਤਾਂ ਉਨ੍ਹਾਂ ਨੂੰ ਵੋਟ ਦੇਣਗੇ ਨਹੀਂ। ਇਸ ਲਈ ਹੁਣ ਡੇਰੇ ਦੀ ਵੋਟ ‘ਤੇ ਉਨ੍ਹਾਂ ਦੀ ਅੱਖ ਹੈ।
ਸੱਤਾਧਾਰੀ ਕਾਂਗਰਸ ਖਿਲਾਫ਼ ਬੋਲਦੇ ਹੋਏ ਸੇਖਵਾਂ ਨੇ ਕਿਹਾ ਕਿ ਦੋ ਸਾਲ ਵਿਚ ਪੰਜਾਬ ‘ਚ ਸਿਰਫ਼ ਵਿਨਾਸ਼ ਹੋਇਆ ਹੈ। ਗੁਟਕਾ ਸਾਹਿਬ ਨੂੰ ਹੱਥ ਵਿਚ ਲੈ ਕੇ ਸਹੁੰ ਖਾਣ ਵਾਲੇ ਕੈਪਟਨ ਕੁਝ ਨਹੀਂ ਕਰ ਸਕੇ। ਜਨਤਾ ਨੂੰ ਝੂਠੇ ਵਾਅਦੇ ਕਰਕੇ ਕੈਪਟਨ ਸੱਤਾ ‘ਤੇ ਤਾਂ ਕਾਬਜ਼ ਹੋ ਗਿਆ, ਪਰ ਹੁਣ ਜਨਤਾ ਜਾਣ ਚੁੱਕੀ ਹੈ ਕਿ ਇਹ ਕੁਝ ਨਹੀਂ ਕਰ ਸਕਦੇ।
ਇਸ ਮੌਕੇ ‘ਤੇ ਰਤਨ ਸਿੰਘ ਅਜਨਾਲਾ, ਬੱਬੀ ਬਾਦਲ, ਕਰਨੈਲ ਪੀਰ ਮਹੁੰਮਦ, ਆਨੰਦਪੁਰ ਸਾਹਿਬ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਆਦਿ ਮੌਜੂਦ ਸਨ।
ਟਕਸਾਲੀਆਂ ਨਾਲ ਗੱਠਜੋੜ ਵਿਚ ਅੜਿੱਕਾ ਬਣੀ ਆਨੰਦਪੁਰ ਸਾਹਿਬ ਸੀਟ: ਹਰਪਾਲ ਚੀਮਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਲਈ ‘ਆਪ’ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਦੀ ਗੱਲ ਸਿਰੇ ਨਹੀਂ ਲੱਗ ਸਕੀ। ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਤੇ ਅਕਾਲੀ ਦਲ ਟਕਸਾਲੀ ਨਾਲ ਕਈ ਗੇੜ ਦੀ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਕਾਫ਼ੀ ਸੁਖਾਵੇਂ ਅਤੇ ਸੁਹਿਰਦ ਯਤਨ ਕੀਤੇ ਪਰ ਆਨੰਦਪੁਰ ਸਾਹਿਬ ਸੀਟ ਸਣੇ ਇੱਕ ਦੋ ਹੋਰ ਕਾਰਨਾਂ ਕਰਕੇ ਇਹ ਚੋਣ ਗੱਠਜੋੜ ਅਮਲੀ ਰੂਪ ਨਹੀਂ ਲੈ ਸਕਿਆ।

RELATED ARTICLES
POPULAR POSTS