Breaking News
Home / ਪੰਜਾਬ / ਪੰਜਾਬ ‘ਚ ਸੈਨੇਟਾਈਜ਼ਰ ਦੇ ਨਾਂ ‘ਤੇ ਚੋਰ ਬਾਜ਼ਾਰੀ

ਪੰਜਾਬ ‘ਚ ਸੈਨੇਟਾਈਜ਼ਰ ਦੇ ਨਾਂ ‘ਤੇ ਚੋਰ ਬਾਜ਼ਾਰੀ

ਨਕਲੀ ਤੇ ਘਟੀਆ ਸੈਨੇਟਾਈਜ਼ਰ ਵੇਚ ਕੇ ਕਮਾ ਰਹੇ ਨੇ ਕਰੋੜਾਂ, ਸਰਕਾਰ ਨੇ ਨਹੀਂ ਲਿਆ ਕੋਈ ਨੋਟਿਸ
ਜਲੰਧਰ : ਮਾਰਚ ਦੇ ਪਹਿਲੇ ਹਫ਼ਤੇ ਕੋਰੋਨਾ ਵਾਇਰਸ ਫ਼ੈਲਣ ਦੀ ਦਹਿਸ਼ਤ ਨੇ ਪੰਜਾਬ ਦੇ ਸਰਕਾਰੀ ਸਿਹਤ ਪ੍ਰਬੰਧ ਦਾ ਖੋਖਲਾਪਣ ਤਾਂ ਸ਼ੁਰੂ ਵਿਚ ਹੀ ਸਾਹਮਣੇ ਲਿਆ ਦਿੱਤਾ ਸੀ। ਪਾਏਦਾਰ ਢੰਗ ਨਾਲ ਨਿਯਮਾਂ ਹੇਠ ਕੁਆਲਿਟੀ ਵਾਲੇ ਬਣੇ ਸੈਨੇਟਾਈਜ਼ਰ ਤੇ ਮਾਸਕ ਤਾਂ ਲੋਕਾਂ ‘ਚ ਮਚੀ ਆਪਾਧਾਪੀ ਕਾਰਨ ਇਕ ਦੋ ਦਿਨ ਵਿਚ ਹੀ ਖ਼ਤਮ ਹੋ ਗਏ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਸਰਕਾਰ ਨੇ ਮਚ ਰਹੀ ਇਸ ਆਪਾਧਾਪੀ ਤੇ ਹੋਣ ਵਾਲੀ ਚੋਰ ਬਾਜ਼ਾਰੀ ਵੱਲ ਨਾ ਤਾਂ ਕੋਈ ਧਿਆਨ ਦਿੱਤਾ ਤੇ ਨਾ ਹੀ ਆਪ ਬਦਲਵੇਂ ਪ੍ਰਬੰਧ ਕਰਨ ਵਲ ਕੋਈ ਧਿਆਨ ਦਿੱਤਾ। ਅੱਗ ਲੱਗੀ ਤੋਂ ਮਸ਼ਕਾਂ ਦਾ ਕੀ ਭਾਅ ਵਾਲੀ ਗੱਲ ਹੋਈ ਕਿ ਰਾਤੋਂ-ਰਾਤ ਨਵੇਂ ਤੋਂ ਨਵੇਂ ਲੇਬਲ ਵਾਲੇ ਸੈਨੇਟਾਈਜ਼ਰ ਬਾਜ਼ਾਰ ‘ਚ ਆ ਗਏ ਤੇ ਭੈਅ ‘ਚ ਆਏ ਲੋਕਾਂ ਨੇ ਨਾ ਭਾਅ ਪੁੱਛਿਆ ਨਾ ਖ਼ਤਮ ਹੋਣ ਦੀ ਤਰੀਕ ਵੱਲ ਧਿਆਨ ਦਿੱਤਾ ਤੇ ਨਾ ਗੁਣਵਤਾ ਦਾ ਹੀ ਕੋਈ ਖਿਆਲ ਕੀਤਾ। ਧੜਾ-ਧੜ ਜੋ ਮਿਲਿਆ ਲੋਕ ਖ਼ਰੀਦਦੇ ਰਹੇ। ਵੱਖ-ਵੱਖ ਥਾਵਾਂ ਤੋਂ ਇਕੱਤਰ ਸੂਚਨਾ ਮੁਤਾਬਿਕ 100 ਮਿਲੀ ਲੀਟਰ ਵਾਲੀ ਸ਼ੀਸ਼ੀ 100 ਤੋਂ 150 ਰੁਪਏ ਤੱਕ ਤੇ 200 ਜਾਂ ਇਸ ਤੋਂ ਕੁਝ ਵੱਧ ਵਾਲੀ ਸ਼ੀਸ਼ੀ 350 ਤੋਂ 500 ਰੁਪਏ ਤੱਕ ਵਿਕਦੀ ਰਹੀ। ਸਿਹਤ ਵਿਭਾਗ ਜਾਂ ਸਰਕਾਰ ਦੇ ਕਿਸੇ ਹੋਰ ਅਦਾਰੇ ਨੇ ਅੱਜ ਤੱਕ ਵੀ ਰਾਤੋਂ-ਰਾਤ ਖੁੰਬਾ ਵਾਂਗ ਉੱਭਰ ਕੇ ਸੈਨੇਟਾਈਜ਼ਰ ਵੇਚਣ ਵਾਲਿਆਂ ‘ਚੋਂ ਕਿਸੇ ਦੀ ਵੀ ਜਾਂਚ ਨਹੀਂ ਕੀਤੀ। ਸਿਹਤ ਵਿਭਾਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸੈਨੇਟਾਈਜ਼ਰ ਤਿਆਰ ਕਰਕੇ ਵੇਚਣ ਵਾਲਿਆਂ ਵਲੋਂ ਦਾਅਵਾ ਤਾਂ ਅਲਕੋਹਲ ਬੇਸ ਨਾਲ ਤਿਆਰ ਕਰਨ ਦਾ ਹੈ ਪਰ ਇਸ ਦੀ ਪਰਖ ਦਾ ਕੋਈ ਪੈਮਾਨਾ ਹੀ ਨਹੀਂ। ਸਵਾਲ ਇਹ ਵੀ ਉੱਠਦਾ ਹੈ ਕਿ ਜੇ ਸੈਨੇਟਾਈਜ਼ਰ ਪਹਿਲੇ ਦਿਨਾਂ ‘ਚ ਖ਼ਤਮ ਹੋ ਗਏ ਸਨ, ਫਿਰ ਏਨੀ ਵੱਡੀ ਸਪਲਾਈ ਕਿੱਥੋਂ ਆ ਗਈ? ਸੈਨੇਟਾਈਜ਼ਰ ਦੀ ਵਰਤੋਂ ਪਹਿਲਾਂ ਹਸਪਤਾਲਾਂ ਜਾਂ ਕੁਝ ਵੱਡੇ ਲੋਕਾਂ ਦੇ ਦਫ਼ਤਰਾਂ ਤੇ ਘਰਾਂ ਤੱਕ ਹੀ ਸੀਮਤ ਸੀ ਪਰ ਕੋਰੋਨਾ ਨੇ ਇਸ ਦੀ ਮੰਗ ਵਿਆਪਕ ਪੱਧਰ ਤੇ ਵਧਾ ਦਿੱਤੀ। ਪਹਿਲੋਂ ਤਿਆਰ ਕਰਨ ਵਾਲੀਆਂ ਕੰਪਨੀਆਂ ਕੋਲ ਨਾ ਤਾਂ ਕੋਈ ਜ਼ਿਆਦਾ ਭੰਡਾਰ ਹੀ ਸਨ ਤੇ ਨਾ ਹੀ ਉਹ ਉਤਪਾਦਨ ਹੀ ਵਧਾ ਸਕੀਆਂ ਪਰ ਲੋਕਾਂ ‘ਚ ਵਧੀ ਮੰਗ ਨੂੰ ਪੂਰਾ ਕਰਨ ਲਈ ਨਕਲੀ ਤੇ ਘਟੀਆ ਤਰੀਕੇ ਨਾਲ ਤਿਆਰ ਸੈਨੇਟਾਈਜ਼ਰ ਬਾਜ਼ਾਰ ਵਿਚ ਆ ਗਏ। ਇਸ ਕਾਰੋਬਾਰ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ 10 ਮਾਰਚ ਤੋਂ ਬਾਅਦ ਕਿਸੇ ਵੀ ਦਵਾਈਆਂ ਦੀ ਦੁਕਾਨ ਉੱਪਰ ਕੰਪਨੀਆਂ ਦੇ ਸੈਨੇਟਾਈਜ਼ਰ ਨਹੀਂ ਸਨ ਮਿਲ ਰਹੇ ਹਨ। ਸਗੋਂ ਰਾਤੋ-ਰਾਤ ਉਭਰੀਆਂ ਕੰਪਨੀਆਂ ਦੇ ਲੇਵਲ ਲਗਾ ਕੇ ਵੇਚੇ ਜਾ ਰਹੇ ਹਨ। ਇਨ੍ਹਾਂ ਕੰਪਨੀਆਂ ਦੀ ਖਰੋ-ਖੋਟੇ ਦੀ ਨਾ ਕਿਸੇ ਨੇ ਜਾਂਚ ਕੀਤੀ ਤੇ ਨਾ ਪਰਖ ਪੜਚੋਲ। ਸੂਤਰਾਂ ਦਾ ਕਹਿਣਾ ਹੈ ਕਿ 60-70 ਰੁਪਏ ਵਾਲੀ ਸਪਿਰਟ ਦੀ ਇਕ ਲੀਟਰ ਦੀ ਬੋਤਲ ਤੇ 50 ਰੁਪਏ ਦੇ 200 ਮਿਲੀ ਲੀਟਰ ਦੇ ਐਲੋਵੀਰਾ ਨੂੰ ਮਿਲਾ ਕੇ 100-100 ਮਿਲੀ ਲੀਟਰ ਦੀਆਂ 12 ਸ਼ੀਸ਼ੀਆਂ ਬਣ ਜਾਂਦੀਆਂ ਹਨ ਜੋ 100 ਜਾਂ 150 ਰੁਪਏ ਦੇ ਭਾਅ 1200 ਤੋਂ 1800 ਰੁਪਏ ਤੱਕ ਵੇਚੀਆਂ ਜਾ ਰਹੀਆਂ ਹਨ। 120 ਰੁਪਏ ਲਗਾ ਕੇ ਏਨਾ ਵੱਡਾ ਮੁਨਾਫ਼ਾ ਕਮਾਉਣ ਤੇ ਨਕਲੀ ਤੇ ਘਟੀਆ ਸਾਮਾਨ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਹ ਘਟੀਆ ਤੇ ਨਕਲੀ ਸੈਨੇਟਾਈਜ਼ਰ ਹਰ ਸ਼ਹਿਰ ‘ਚ ਬਣਾਏ ਜਾ ਰਹੇ ਹਨ। ਮਹਿਰਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਤੇ ਸਰਕਾਰ ਨੇ ਚੋਰ ਬਾਜ਼ਾਰੀ ਵੱਲ ਕਦੇ ਧਿਆਨ ਨਹੀਂ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਇਕ ਨੂੰ ਪਤਾ ਸੀ ਕਿ ਸੈਨੇਟਾਈਜ਼ਰ ਦੀ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ ਤਾਂ ਵਿਭਾਗ ਤੇ ਸਰਕਾਰ ਵਲੋਂ ਸਾਬਣ ਨਾਲ ਹੱਥ ਧੋਣ ਨੂੰ ਤਰਜੀਹ ਦਿੱਤੀ ਜਾਣੀ ਸੀ। ਸਾਬਣ ਦੇ ਵੱਡੇ ਭੰਡਾਰ ਹਨ, ਇਸ ਦੀ ਨਾ ਕੋਈ ਥੁੜ ਹੋਣੀ ਸੀ ਤੇ ਨਾ ਹੀ ਕੋਈ ਕਾਲਾ ਬਾਜ਼ਾਰੀ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਿਹਤ ਵਿਭਾਗ ਦੇ ਕੁਝ ਸੁਆਰਥੀ ਲੋਕ ਵੀ ਇਸ ਧੰਦੇ ਨਾਲ ਜੁੜੇ ਹੋਏ ਹਨ। ਸਿਹਤ ਵਿਭਾਗ ਤੇ ਸਰਕਾਰ ਜੇ ਹਾਲੇ ਵੀ ਵਿਕ ਰਹੇ ਸੈਨੇਟਾਈਜ਼ਰਾਂ ਦੀ ਪੜਤਾਲ ਕਰਵਾ ਲਵੇ ਤਾਂ ਅਣਅਧਿਕਾਰਤ ਤੌਰ ‘ਤੇ ਬਣ ਰਹੇ ਘਟੀਆ ਮਾਲ ਰਾਹੀਂ ਕਰੋੜਾਂ ਰੁਪਏ ਦੀ ਚੋਰ ਬਾਜ਼ਾਰੀ ਤੋਂ ਪਰਦਾ ਉੱਠ ਸਕਦਾ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …