‘ਆਪ’ ਸਰਕਾਰ ਨੇ ਐਸ ਪੀ (ਅਪ੍ਰੇਸ਼ਨ) ਗੁਰਬਿੰਦਰ ਸਿੰਘ ਨੂੰ ਕੀਤਾ ਸਸਪੈਂਡ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਜਨਵਰੀ 2022 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਤਤਕਾਲੀਨ ਐਸ ਪੀ (ਅਪ੍ਰੇਸ਼ਨ) ਗੁਰਬਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਫੈਸਲਾ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਵੱਲੋਂ ਡੀਜੀਪੀ ਦੀ ਰਿਪੋਰਟ ਮਗਰੋਂ ਲਿਆ ਗਿਆ ਹੈ। ਪੰਜਾਬ ਦੇ ਡੀਜੀਪੀ ਵੱਲੋਂ ਇਸ ਸਬੰਧੀ ਲੰਘੀ 18 ਅਕਤੂਬਰ 2023 ਨੂੰ ਰਿਪੋਰਟ ਦਿੱਤੀ ਗਈ ਸੀ, ਜਿਸ ’ਚ ਕਿਹਾ ਗਿਆ ਸੀ ਕਿ ਐਸਪੀ ਨੇ ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ 2022 ਨੂੰ ਬਠਿੰਡਾ ਤੋਂ ਬਾਏ ਰੋਡ ਫਿਰੋਜ਼ਪੁਰ ਜਾ ਰਹੇ ਸਨ ਪ੍ਰੰਤੂ ਰਸਤੇ ’ਚ ਕਿਸਾਨਾਂ ਨੇ ਜਾਮ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ 20 ਮਿੰਟ ਤੱਕ ਫਿਰੋਜ਼ਪੁਰ ’ਚ ਪਿਆਰੇਆਣਾ ਫਲਾਈਓਵਰ ’ਤੇ ਰੁਕਿਆ ਰਿਹਾ। ਜਿੱਥੋਂ ਉਨ੍ਹਾਂ ਦੇ ਕਾਫਲੇ ਨੂੰ ਯੂ ਟਰਨ ਲੈ ਕੇ ਵਾਪਸ ਮੁੜਨਾ ਪਿਆ ਸੀ। ਬਠਿੰਡਾ ਦੇ ਭਿਸਿਆਨਾ ਏਅਰਪੋਰਟ ’ਤੇ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ, ਕਿ ਮੈਂ ਜਿੰਦਾ ਲੌਟ ਆਇਆ ਹੂੰ’ ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਵਧ ਗਿਆ ਸੀ। ਜਿੱਥੇ ਪ੍ਰਧਾਨ ਮੰਤਰੀ ਦਾ ਕਾਫਲਾ 20 ਮਿੰਟ ਤੱਕ ਰੁਕਿਆ ਰਿਹਾ ਇਹ ਜਗ੍ਹਾ ਪਾਕਿਸਤਾਨ ਦੇ ਹੁਸੈਨੀਵਾਲਾ ਬਾਰਡਰ ਤੋਂ ਕੁੱਝ ਹੀ ਦੂਰੀ ’ਤੇ ਹੈ। ਸਸਪੈਂਡ ਕੀਤੇ ਗਏ ਐਸਪੀ ਗੁਰਬਿੰਦਰ ਸਿੰਘ ਫਿਲਹਾਲ ਬਠਿੰਡਾ ’ਚ ਤਾਇਨਾਤ ਹਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਸਸਪੈਂਸ਼ਨ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਡੀਜੀਪੀ ਆਫਿਸ ਚੰਡੀਗੜ੍ਹ ਹੋਵੇਗਾ। ਬਿਨਾ ਆਗਿਆ ਉਹ ਆਪਣਾ ਦਫ਼ਤਰ ਨਹੀਂ ਛੱਡ ਸਕਦੇ ਅਤੇ ਬਠਿੰਡਾ ਤੋਂ ਰਿਲੀਵ ਕਰਕੇ ਉਨ੍ਹਾਂ ਨੂੰ ਤੁਰੰਤ ਡੀਜੀਪੀ ਦਫ਼ਤਰ ਆਉਣ ਲਈ ਕਹਿ ਦਿੱਤਾ ਗਿਆ ਹੈ।