Breaking News
Home / ਕੈਨੇਡਾ / ਬਜਟ 2017 ਦੀ ਬੁੱਕਲ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਕੀ ਕੁਝ ਹੈ ਦੱਸਣ ਲਈ ਉਨ੍ਹਾਂ ਕੋਲ ਪਹੁੰਚੇ ਸੋਨੀਆ ਸਿੱਧੂ

ਬਜਟ 2017 ਦੀ ਬੁੱਕਲ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਕੀ ਕੁਝ ਹੈ ਦੱਸਣ ਲਈ ਉਨ੍ਹਾਂ ਕੋਲ ਪਹੁੰਚੇ ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼
ਸਾਡੇ ਸੀਨੀਅਰਾਂ ਦੀ ਸਾਲਾਂ-ਬੱਧੀ ਸਖ਼ਤ ਮਿਹਨਤ ਤੋਂ ਬਾਅਦ ਕੈਨੇਡਾ ਜੋ ਅੱਜ ਹੈ, ਅਸੀਂ ਇਸ ਨੂੰ ਮਾਣ ਰਹੇ ਹਾਂ। ਹੁਣ ਸਾਡੀ ਸਾਂਝੀ ਜ਼ਿੰਮੇਂਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੀ ਰਿਟਾਇਰਮੈਂਟ ਨੂੰ ਸੁਰੱਖਿਅਤ, ਗੌਰਵਮਈ ਅਤੇ ਸਨਮਾਨਯੋਗ ਬਣਾਈਏ। ਇਹ ਕੈਨੇਡਾ ਦੀ ਫ਼ੈੱਡਰਲ ਸਰਕਾਰ ਦਾ ਸੀਨੀਅਰਾਂ ਲਈ ਮੁੱਖ ਉਦੇਸ਼ ਹੈ। ਸਾਲ 2017 ਦਾ ਬੱਜਟ ਪਿਛਲੇ ਸਾਲ 2016 ਦੇ ਬੱਜਟ ਵਿੱਚ ਕੀਤੇ ਗਏ ਕੰਮਾਂ ਨੂੰ ਅੱਗੇ ਲਿਜਾਣ ਵਾਲਾ ਹੈ। ਇਸ ਨਵੇਂ ਬੱਜਟ ਵਿੱਚ ਸੀਨੀਅਰਾਂ ਲਈ ਕਈ ਸਹੂਲਤਾਂ ਨੂੰ ਮੁੱਖ ਰੱਖਿਆ ਗਿਆ ਹੈ ਜਿਨ੍ਹਾਂ ਵਿੱਚ ਹੋਮ ਕੇਅਰ, ਸੋਧੀ ਹੋਈ ਕੇਅਰਗਿਵਰ ਸਹਾਇਤਾ ਪਾਲਿਸੀ, ਉਚਿਤ ਦਰਾਂ ‘ਤੇ ਘਰਾਂ ਲਈ ਨਿਵੇਸ਼ ਅਤੇ ਹੋਰ ਕਈ ਸਹੂਲਤਾਂ ਸ਼ਾਮਲ ਹਨ ਜਿਨ੍ਹਾਂ ਦੀ ਉਨ੍ਹਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਲਈ ਜ਼ਰੂਰਤ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਬਰੈਂਪਟਮ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਬੱਜਟ 2017 ਸੀਨੀਅਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਲਈ ਸਮਾਰਟ ਇਨਵੈੱਸਟਮੈਂਟ ਕਰਨ ਜਾ ਰਿਹਾ ਹੈ। ਸਾਡੀ ਯੋਜਨਾ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦਾ ਮੇਰੀ ਰਾਈਡਿੰਗ ਦੇ ਵਾਸੀਆਂ ਨੂੰ ਲਾਭ ਹੋਵੇਗਾ ਅਤੇ ਮੈਂ ਇਹ ਖ਼ੁਸ਼ੀ ਭਰੀ ਖ਼ਬਰ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਉਨ੍ਹਾਂ ਨਾਲ ਸਾਂਝੀ ਕਰ ਰਹੀ ਹਾਂ।”
ਉਨ੍ਹਾਂ ਕਿਹਾ ਕਿ ਨਵੀਂ ਨੈਸ਼ਨਲ ਹਾਊਸਿੰਗ ਸਟਰੈਟਿਜੀ ਅਨੁਸਾਰ ਜਿਹੜੀ ਕਿ ਕੈਨੇਡਾ ਦੇ ਸੂਬਿਆਂ ਅਤੇ ਟੈਰੀਟਰੀਆਂ ਦੇ ਸੀਨੀਅਰਾਂ ਅਤੇ ਅਪੰਗ ਵਿਅੱਕਤੀਆਂ ਲਈ ਸੁਰੱਖਿਅਤ ਅਤੇ ਉਚਿਤ ਦਰਾਂ ਵਾਲੇ ਘਰ ਬਨਾਉਣ ਅਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ 3.2 ਬਿਲੀਅਨ ਦੀ ਰਕਮ ਖ਼ਰਚ ਕਰ ਰਹੀ ਹੈ। ‘ਹੋਮ-ਕੇਅਰ’ ਲਈ ਵਧੇਰੇ ਪਹੁੰਚ ਲਈ ਸੀਨੀਅਰਾਂ ਲਈ ਆਉਂਦੇ 10 ਸਾਲਾਂ ਵਿੱਚ 6 ਬਿਲੀਅਨ ਖਰਚੇ ਜਾ ਰਹੇ ਹਨ। ਇਸ ਨਾਲ ਘਰਾਂ ਵਿੱਚ ਜਾਂ ਸਾਂਝੇ ਕਮਿਊਨਿਟੀ ਸਥਾਨਾਂ ‘ਤੇ ਜਿੱਥੇ ਵੀ ਸੰਭਵ ਹੋਵੇ ਮੈਡੀਕਲ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸੱਭਿਆਚਾਰਕ ਅਤੇ ਮਨੋਰੰਜਕ ਸਥਾਨਾਂ ਲਈ ਆਸਾਨ ਅਤੇ ਸੁਰੱਖਿਅਤ ਪਹੁੰਚ ਲਈ ਆਉਂਦੇ 10 ਸਾਲਾਂ ਲਈ 1.8 ਬਿਲੀਅਨ ਦੀ ਰਾਸ਼ੀ ਖਰਚੀ ਜਾਏਗੀ। ਇਸ ਤੋਂ ਇਲਾਵਾ 77 ਮਿਲੀਅਨ ਡਾਲਰ ਅਸੈਸੀਬਿਲਿਟੀ ਫ਼ੰਡ ਵਜੋਂ ਵੀ ਮੁਹੱਈਆ ਕੀਤੇ ਜਾ ਰਹੇ ਹਨ। ਡਿਜੀਟਲ ਲਿਟਰੇਸੀ ਨੂੰ ਮਜ਼ਬੂਤ ਕਰਨ ਲਈ ਨਾਨ-ਪਰਾਫਿਟ ਸੰਸਥਾਵਾਂ ਜਿਹੜੀਆਂ ਸੀਨੀਅਰਾਂ ਨੂੰ ਮੁੱਢਲੇ ਸਕਿੱਲ ਸਿਖਾਊਦੀਆਂ ਹਨ, ਦੀ ਸਹਾਇਤਾ ਲਈ ਆਉਂਦੇ ਪੰਜ ਸਾਲਾਂ ਲਈ ਡਿਜੀਟਲ ਲਿਟਰੇਸੀ ਐਕਸਚੇਂਜ ਪ੍ਰੋਗਰਾਮ ਅਧੀਨ 29.5 ਬਿਲੀਅਨ ਦੀ ਰਾਸ਼ੀ ਦਿੱਤੀ ਜਾਵੇਗੀ। ਲੋੜਵੰਦ ਸੀਨੀਅਰਾਂ ਨੂੰ ਭਾਵੇਂ ਉਹ ਆਪਣੇ ਪਰਿਵਾਰ ਨਾਲ ਜਾਂ ਇਕੱਲੇ ਰਹਿ ਰਹੇ ਹਨ, ਕੈਨੇਡਾ ਕੇਅਰ ਗਿਵਰ ਕਰੈਡਿਟ ਦੀ ਸਹੂਲਤ ਦਿੱਤੀ ਜਾਵੇਗੀ।
ਸੋਨੀਆ ਸਿੱਧੂ ਨੇ ਹੋਰ ਕਿਹਾ, ”ਬੱਜਟ 2017 ਸਾਰੇ ਸੀਨੀਅਰਾਂ ਦੇ ਸਵੈਮਾਣ, ਭਲਾਈ ਅਤੇ ਉਨ੍ਹਾਂ ਦੇ ਜੀਵਨ-ਪੱਧਰ ਨੂੰ ਉਚੇਰਾ ਬਨਾਉਣ ਲਈ ਕਈ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਇਹ 2016 ਦੇ ਬੱਜਟ ਵਿੱਚ ਜੀ.ਆਈ.ਐੱਸ. ਅਤੇ ਓ.ਆਈ.ਐੱਸ. ਵਿੱਚ ਵਾਧਾ ਕਰ ਰਿਹਾ ਹੈ ਅਤੇ ਸੂਬਿਆਂ ਦੇ ਸਹਿਯੋਗ ਨਾਲ ਸੀ.ਪੀ.ਪੀ. ਵਿੱਚ ਵੀ ਵਾਧਾ ਕਰਨ ਦੀ ਕੋਸ਼ਿਸ਼ ਵਿੱਚ ਹੈ। ਇਹ ਪਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਵਿੱਚ ਵਾਧਾ ਕਰਨ, ਦਵਾਈਆਂ ਦੀਆਂ ਕੀਮਤਾਂ ਘਟਾਉਣ ਅਤੇ ਸਿਹਤ ਖੋਜ ਲਈ ਵੀ ਵਚਨਬੱਧ ਹੈ।”
ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀ ਸਾਡੇ ਪੈੱਂਨਸ਼ਨ ਪਬਲਿਕ ਪ੍ਰੋਗਰਾਮ ਵਿੱਚ ਮਾਣ ਮਹਿਸੂਸ ਕਰਦੇ ਹਨ ਅਤੇ ਅਸੀਂ ਸੀਨੀਅਰਾਂ ਨੂੰ ਕਮਿਊਨਿਟੀਆਂ ਦਾ ਪ੍ਰਮੁੱਖ ਭਾਗ ਸਮਝਦੇ ਹਾਂ। ਸਾਡੀ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਕਈ ਕਦਮ ਉਠਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਇੰਜ ਹੀ ਜਾਰੀ ਰੱਖੇਗੀ। ਸਾਡੇ ਸੀਨੀਅਰਜ਼ ਨੇ ਜੋ ਸਾਡੇ ਲਈ ਕੀਤਾ ਹੈ, ਇਹ ਉਸ ਦੇ ਮੁਕਾਬਲੇ ਵਿੱਚ ਤੁੱਛ ਹੈ। ਬੱਜਟ 2017 ਵਰਤਮਾਨ ਵਿੱਚ ਸੀਨੀਅਰਾਂ ਲਈ ਵੱਧ ਤੋਂ ਵੱਧ ਕਰਨ ਦਾ ਯਤਨ ਕਰੇਗਾ ਅਤੇ ਭਵਿੱਖ ਦੇ ਕੈਨੇਡੀਅਨ ਇਸ ‘ਤੇ ਮਾਣ ਮਹਿਸੂਸ ਕਰਨਗੇ।

ਬਜਟ ਸਾਰਿਆਂ ਲਈ ਇੰਮੀਗਰੇਸ਼ਨ ਦਾ ਵਧੀਆ ਸਿਸਟਮ ਬਣਾਉਣ ਵਿੱਚ ਸਹਾਈ ਹੋਵੇਗਾ
ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਖ਼ਾਸ ਵਿਵਸਥਾਵਾਂ
ਬਰੈਂਪਟਨ : ਸਾਲ 2016 ਵਿੱਚ ਇੰਮੀਗਰੇਸ਼ਨ ਸਬੰਧੀ ਹੋਏ ਕੰਮ ਨੂੰ ਅੱਗੇ ਲਿਜਾਣ ਲਈ ਬੱਜਟ-2017 ਇਸ ਸਿਸਟਮ ਨੂੰ ਵਧੀਆ ਬਨਾਉਣ ਲਈ ਅਤੇ ਦੇਸ਼ ਦੇ ਵਿਕਾਸ ਲਈ ਇਸ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਕਈ ਢੰਗਾਂ ਤਰੀਕਿਆਂ ਨਾਲ ਨਿਵੇਸ਼ ਕਰੇਗਾ। ਇਸ ਸਬੰਧੀ ਜਾਣਕਾਰੀ ਆਪਣੀ ਰਾਈਡਿੰਗ ਬਰੈਂਪਟਨ ਸਾਊਥ ਦੇ ਨਿਵਾਸੀਆਂ ਨਾਲ ਸਾਂਝੀ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਸਾਡੀ ਸਰਕਾਰ ਸਮਝਦੀ ਹੈ ਕਿ ਇੰਮੀਗਰੇਸ਼ਨ ਅਤੇ ਕਮਿਊਨਿਟੀਆਂ ਵਿੱਚ ਵਿਭਿੰਨਤਾ ਕੈਨੇਡਾ ਨੂੰ ਮਜ਼ਬੂਤ, ਖ਼ੁਸ਼ਹਾਲ, ਅਗਾਂਹਵਧੂ ਅਤੇ ਗਤੀਸ਼ੀਲ ਬਨਾਉਣ ਵਿੱਚ ਪੂਰੀ ਤਰ੍ਹਾਂ ਸਹਾਈ ਹੈ। ਇਹ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਅਸੀਂ ਪਹਿਲਾਂ ਮਾਣਯੋਗ ਮੰਤਰੀ ਜੌਹਨ ਮੈਕਾਲੱਮ ਅਤੇ ਹੁਣ ਮਾਣਯੋਗ ਮੰਤਰੀ ਹੁਸੈਨ ਦੁਆਰਾ ਕੀਤੇ ਗਏ ਸੁਚਾਰੂ ਕੰਮਾਂ ਨਾਲ ਇੱਥੇ ਨਵੇਂ ਆਉਣ ਵਾਲਿਆਂ ਅਤੇ ਪਹਿਲਾਂ ਤੋਂ ਇੱਥੇ ਰਹਿ ਰਹੇ ਕੈਨੇਡਾ-ਵਾਸੀਆਂ ਦੇ ਜੀਵਨ ਨੂੰ ਬੇਹਤਰ ਬਣਾ ਰਹੇ ਹਾਂ।”
ਉਨ੍ਹਾਂ ਦੱਸਿਆ ਕਿ ਬੱਜਟ 2017 ਵਿੱਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਆਉਣ ਵਾਲੇ ਪੰਜ ਸਾਲਾਂ ਲਈ 27.5 ਮਿਲੀਅਨ ਡਾਲਰ ਐਂਪਲਾਇਮੈਂਟ ਸਟਰੈਟਿਜੀ ਦੇ ਨਿਸ਼ਾਨੇ ਲਈ ਰੱਖੇ ਗਏ ਹਨ ਤਾਂ ਜੋ ਉਹ ਕੈਨੇਡਾ ਦੇ ਅਰਥਚਾਰੇ ਵਿੱਚ ਯੋਗਦਾਨ ਪਾਉਣ ਲਈ ਕੰਮਾਂ ਦੇ ਸਕਿੱਲ ਬਾਰੇ ਸਿਖਲਾਈ ਲੈ ਸਕਣ। ਏਸੇ ਤਰ੍ਹਾਂ ਦੋ ਸਾਲਾਂ ਲਈ 7.8 ਮਿਲੀਅਨ ਡਾਲਰਾਂ ਦੀ ਰਾਸ਼ੀ ਟੈਂਪਰੇਰੀ ਫ਼ਾੱਰਨ ਵਰਕਰਜ਼ ਪ੍ਰੋਗਰਾਮ ਅਧੀਨ ਨਵੇਂ ਗਲੋਬਲ ਟੇਲੈਂਟ ਸਟਰੀਮ ਲਈ ਰੱਖੇ ਗਏ ਹਨ।
ਉਨ੍ਹਾਂ ਹੋਰ ਕਿਹਾ ਕਿ ਕੈਨੇਡਾ ਦੇ ਰੋਜ਼ਗਾਰ-ਦਾਤਾਵਾਂ ਵੱਲੋਂ ਅਸਥਾਈ ਕਾਮਿਆਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਦੇ ਕੰਮ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਣ ਲਈ ਟੈਂਪਰੇਰੀ ਫ਼ਾੱਰਨ ਵਰਕਰਜ਼ ਪ੍ਰੋਗਰਾਮ ਅਤੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਆਉਂਦੇ ਪੰਜ ਸਾਲਾਂ ਲਈ 279.8 ਡਾਲਰ ਦੀ ਰਾਸ਼ੀ ਰੱਖੀ ਗਈ ਹੈ। ਪਰਿਵਾਰਾਂ ਲਈ ਕੇਅਰ ਗਿਵਿੰਗ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ, ਲਈ ‘ਕੈਨੇਡਾ ਕੇਅਰਗਿਵਰ ਕਰੈਡਿਟ’ ਸਕੀਮ ਹੇਠ ਆਉਂਦੇ ਪੰਜ ਸਾਲਾਂ ਲਈ ਕੁੱਲ ਟੈਕਸਾਂ ਦੇ ਬੋਝ ਵਿੱਚੋਂ 310 ਮਿਲੀਅਨ ਡਾਲਰਾਂ ਦੀ ਬੱਚਤ ਹੋ ਸਕੇਗੀ। ਕੈਨੇਡਾ ਵਿੱਚ ਮੈਡੀਕਲ ਕੇਅਰਗਿਵਰ ਲਿਆਉਣ ਲਈ 1000 ਡਾਲਰ ਲੇਬਰ ਮਾਰਕੀਟ ਇੰਮਪੈਕਟ ਅਸੈੱਸਮੈਂਟ ਫ਼ੀਸ ਖ਼ਤਮ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 1,50,000 ਡਾਲਰ ਤੋਂ ਘੱਟ ਹੈ, ਲਈ ਵੀ ਕੇਅਰਗਿਵਰ ਲਿਆਉਣ ਲਈ ਇਹ ਫ਼ੀਸ ਲਾਗੂ ਨਹੀਂ ਹੋਵੇਗੀ।
ਸੋਨੀਆ ਸਿੱਧੂ ਨੇ ਕਿਹਾ,”ਮੈਨੂੰ ਮਾਣ ਹੈ ਕਿ ਲਿਬਰਲ ਸਰਕਾਰ ਮੇਰੀ ਰਾਈਡਿੰਗ ਬਰੈਂਪਟਨ ਸਾਉਥ ਵਿੱਚ ਹੀ ਨਹੀਂ, ਸਗੋਂ ਸਾਰੇ ਦੇਸ਼ ਵਿੱਚ ਹੀ ਲੋਕਾਂ ਦੇ ਜੀਵਨ-ਪੱਧਰ ਨੂੰ ਹੋਰ ਸੁਧਾਰਨ ਲਈ ਵਧੀਆ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਅਪਨਾਏ ਜਾ ਰਹੇ ਅਜਿਹੇ ਢੌਗ-ਤਰੀਕੇ ਕੈਨੇਡਾ-ਵਾਸੀਆਂ, ਉਨ੍ਹਾਂ ਦੇ ਬੱਚਿਆਂ ਅਤੇ ਅਗਲੀਆਂ ਨਸਲਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਨਾਉਣ ਲਈ ਬੜੇ ਸਹਾਈ ਹੁੰਦੇ ਹਨ।”

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …