ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਨੂੰ 1:30 ਵਜੇ ਕਰਵਾਇਆ ਜਾ ਰਿਹਾ ‘ਤਰਕਸ਼ੀਲ ਨਾਟਕ ਮੇਲਾ’ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਨਾਟਕਾਂ ਅਤੇ ਕੋਰੀਓਗਰਾਫੀਆਂ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਿਸ਼ੇਸ਼ ਤੌਰ ‘ਤੇ ਵਿਚਾਰ ਵਟਾਂਦਰਾ ਹੋਵੇਗਾ। ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੇ ਜਾਣ ਵਾਲੇ ਨਾਟਕਾਂ ਦੀ ਤਿਆਰੀ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਹਰਵਿੰਦਰ ਦੀਵਾਨਾ ਕਰਵਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੇ ਜਾ ਰਹੇ ਨਾਟਕ ‘ਆਦਮਖੋਰ’ ਵਿੱਚ ਡੇਰੇਦਾਰਾਂ ਦੁਆਰਾ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰ ਕੇ ਉਹਨਾ ਦੀ ਜ਼ਰ, ਜ਼ੋਰੂ ਅਤੇ ਜ਼ਮੀਨ ਹਥਿਆਉਣ ਦੀਆਂ ਕੋਝੀਆਂ ਚਾਲਾਂ ਨੂੰ ਉਜਾਗਰ ਕਰਦਾ ਹੈ। ਦੂਜੇ ਨਾਟਕ ‘ਪੰਜਾਬ ਸਿਉਂ ਆਵਾਜਾਂ ਮਾਰਦਾ’ ਵਿੱਚ ਪੰਜਾਬ ਦੇ ਲੋਕਾਂ ਦੀ ਖਾਸ ਤੌਰ ਤੇ ਸਾਧਾਰਨ ਕਿਸਾਨੀ ਦੀ ਨਿੱਘਰ ਰਹੀ ਹਾਲਤ ਜੋ ਕਿ ਵਪਾਰੀਆਂ ਦੀ ਸਿਆਸੀ ਭਾਈਵਾਲੀ ਨਾਲ ਲੁੱਟ ਕਾਰਨ ਹੈ ਅਤੇ ਨੌਜਵਾਨੀ ਦਾ ਨਸ਼ਿਆਂ ਵਿੱਚ ਗਲਤਾਨ ਹੋਣ ਦਾ ਬ੍ਰਿਤਾਂਤ ਹੈ। ਇਨ੍ਹਾਂ ਨਾਟਕਾਂ ਤੋਂ ਬਿਨਾਂ ਭਗਤ ਸਿੰਘ ਦੇ ਜੀਵਨ ਅਤੇ ਲੋਕ ਮਸਲਿਆਂ ਨਾਲ ਸਬੰਧਤ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆ। ਪ੍ਰਬੰਧਕਾਂ ਵਲੋਂ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ 16 ਅਪਰੈਲ ਦਾ ਦਿਨ ਇਸ ਪਰੋਗਰਾਮ ਲਈ ਰਾਖਵਾਂ ਰੱਖ ਲੈਣ।
ਇਹਨਾਂ ਨਾਟਕਾਂ ਤੋਂ ਬਿਨਾਂ ਬਹੁਤ ਹੀ ਮਨੋਰੰਜਕ ਜਾਦੂ ਦੇ ਟਰਿਕ ਵੀ ਦਿਖਾਏ ਜਾਣਗੇ ਜੋ ਬੱਚਿਆਂ ਲਈ ਖਾਸ ਤੌਰ ਤੇ ਖਿੱਚ ਦਾ ਕੇਂਦਰ ਹੋਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ ਵੀ ਇਸ ਪ੍ਰੋਗਰਾਮ ਵਿੱਚ ਲੋਕਾਂ ਦੇ ਰੂਬਰੂ ਹੋਣਗੇ। ਤਰਕਸ਼ੀਲ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਅਪੀਲ ਹੈ ਕਿ ਗੈਬੀ ਸ਼ਕਤੀਆਂ, ਕਰਾਮਾਤਾਂ, ਧਾਗੇ ਤਬੀਤਾਂ ਵਗੈਰਾ ਨਾਲ ਤਕਲੀਫਾਂ ਦੂਰ ਕਰਨ ਦੇ ਦਿਲ ਲੁਭਾਊ ਲਾਰਿਆਂ ਤੋਂ ਬਚ ਕੇ ਰਹਿਣ। ਅੰਧ-ਵਿਸ਼ਵਾਸ਼ ਦਾ ਪੱਲਾ ਛੱਡਣ, ਵਹਿਮਾਂ ਭਰਮਾਂ ਨੂੰ ਮਨਾਂ ਚੋਂ ਕੱਢਣ ਅਤੇ ਜਿੰਦਗੀ ਦੇ ਮਸਲਿਆਂ ਦਾ ਹੱਲ ਤਰਕ ਦੇ ਆਧਾਰ ਤੇ ਲੱਭਣ ਅਤੇ ਵਿਗਿਆਨਕ ਸੋਚ ਅਪਣਾਉਣ। ਇਸ ਪ੍ਰੋਗਰਾਮ ਲਈ ਟਿਕਟ ਸਿਰਫ ਦਸ ਰੁਪਏ ਹੈ।
ਪ੍ਰੋਗਰਾਮ ਲਈ ਟਿਕਟਾਂ ਅਤੇ ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਰਾਜ ਛੋਕਰ (647-838-4749 ) ਜਾਂ ਨਿਰਮਲ ਸੰਧੂ (416-835-3450 ), ਨਛੱਤਰ ਬਦੇਸ਼ਾ ( 647-267-3397), ਹਰਜੀਤ ਬੇਦੀ (647-924-9087), ਜਾਂ ਬਲਦੇਵ ਰਹਿਪਾ (416-881-7202) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …