8 C
Toronto
Sunday, October 26, 2025
spot_img
HomeSpecial Storyਪ੍ਰੋ. ਅਜਮੇਰ ਔਲਖ ਦਾ ਸੁਪਨਾ ਸੀ ਬਰਾਬਰੀ ਵਾਲਾ ਸਮਾਜ

ਪ੍ਰੋ. ਅਜਮੇਰ ਔਲਖ ਦਾ ਸੁਪਨਾ ਸੀ ਬਰਾਬਰੀ ਵਾਲਾ ਸਮਾਜ

ਸੰਘਰਸ਼ ਦੀ ਦਾਸਤਾਨ ਸਨ ਪ੍ਰੋ. ਔਲਖ
ਗੁਰਬਚਨ ਸਿੰਘ ਭੁੱਲਰ ਅਨੁਸਾਰ ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲੀ ਕਮਰਿਆਂ ਵਿਚ ਲੜਿਆ। ਜਦੋਂ ਵੀ, ਜਿਥੇ ਵੀ ਮਜ਼ਦੂਰਾਂ-ਕਿਸਾਨਾਂ ਦੇ ਹੱਕਾਂ ਵਾਸਤੇ, ਲੋਕਾਂ ਦੇ ਜਮਹੂਰੀ ਅਧਿਕਾਰਾਂ ਵਾਸਤੇ, ਪੰਜਾਬੀ ਦੇ ਬੋਲਬਾਲੇ ਤੇ ਲੇਖਕਾਂ ਦੇ ਹੱਕੀ ਸਥਾਨ ਵਾਸਤੇ ਆਵਾ ਬੁਲੰਦ ਹੁੰਦੀ ਸੀ, ਉਹ ਅਗਲੀ ਕਤਾਰ ਵਿਚ ਖਲੋਤਾ ਦਿਸਦਾ ਸੀ।
ਲੋਕ-ਹਿਤ ਦਾ ਮੋਰਚਾ ਕੋਈ ਵੀ ਭਖਦਾ, ਉਹਦੀ ਵਫ਼ਾਦਾਰੀ ਅਡੋਲ ਹੁੰਦੀ। ਨਾਟ-ਖੇਤਰ ਵਿਚ ਭਾਅ ਜੀ ਗੁਰਸ਼ਰਨ ਸਿੰਘ ਵਾਂਗ ਅਜਮੇਰ ਵੀ ਅਜਿਹੇ ਯੋਧੇ ਦੀ ਮਿਸਾਲ ਹੈ ਜਿਨ੍ਹਾਂ ਦੀ ਜਾਨ ਆਪਣੀ ਦੇਹ ਵਿਚ ਨਹੀਂ, ਜਨਤਾ ਵਿਚ ਹੁੰਦੀ ਹੈ। ਦੇਹ ਤਾਂ ਆਉਣੀ-ਜਾਣੀ ਹੈ ਪਰ ਜਨਤਾ ਅਮਰ ਹੈ ਜਿਸ ਕਾਰਨ ਜਨਤਾ ਵਿਚ ਸਾਹ ਲੈਂਦੇ ਤੇ ਜਨਤਾ ਵਿਚ ਜਿਉਂਦੇ ਅਜਿਹੇ ਬੰਦੇ ਵੀ ਅਮਰ ਰਹਿੰਦੇ ਹਨ। ਔਲਖ ਆਪਣੀ ਬਿਮਾਰੀ ਵੱਲੋਂ ਬੇਪਰਵਾਹ ਸੀ, ਉਸ ਨੂੰ ਤਾਂ ਹਰ ਵੇਲੇ ਦੱਬੇ-ਕੁਚਲੇ ਲੋਕਾਂ ਦੇ ਚੰਗੇ ਭਵਿੱਖ ਦੀ ਹੀ ਪਰਵਾਹ ਸੀ। ਦਵਾਈਆਂ ਦੇਣ ਦੀ ਪਰਵਾਹ ਪਤਨੀ ਨੂੰ ਹੀ ਕਰਨੀ ਪੈਂਦੀ ਸੀ। ਉਹ ਅਕਸਰ ਕਹਿੰਦਾ ਸੀ, ਬਿਮਾਰੀ-ਬਮੂਰੀ ਦਾ ਮੈਨੂੰ ਆਪ ਨੀ ਪਤਾ, ਮਨਜੀਤ ਨੂੰ ਪੁੱਛ ਲਓ। ਕੈਂਸਰ ਦਾ ਪਤਾ 2008 ਵਿਚ ਲੱਗਾ ਸੀ, ਕੀ ਪਤਾ ਜੜ੍ਹ ਕਦੋਂ ਦੀ ਲੱਗੀ ਹੋਵੇ? ਉਹ ਤਾਂ ਨਿਉਂ-ਜੜ੍ਹ ਵਰਗੇ ਨਾਟਕ ਖੇਡਣ ਵਿਚ ਹੀ ਮਗਨ ਸੀ।
ਪ੍ਰਾਪਤੀਆਂ :ਹੁਣ ਤੱਕ ਸੈਂਕੜੇ ਵਿਦਿਆਰਥੀਆਂ ਵੱਲੋਂ ਨਾਟਕਾਂ ‘ਤੇ ਖੋਜ-ਪੱਤਰ ਲਿਖ ਕੇ ਪੀਐਚ.ਡੀ. ਦੀ ਡਿਗਰੀ ਲਈ। ਪੰਜਾਬੀ ਸਾਹਿਤ ਅਕਾਦਮੀ ਦੁਆਰਾ ‘ਅਰਬਦ ਨਰਬਦ ਧੁੰਦੂਕਾਰਾ’ ਨੂੰ 1981 ਵਿੱਚ ਬਿਹਤਰੀਨ ਇਕਾਂਗੀ ਪੁਰਸਕਾਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਈਸ਼ਵਰ ਚੰਦਰ ਇਨਾਮ ‘ਅੰਨ੍ਹੇ ਨਿਸ਼ਾਨਚੀ’ ਨੂੰ 1983 ਵਿੱਚ। ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਪੰਜਾਬੀ ਆਰਟਿਸਟਸ ਵੱਲੋਂ 1991 ਵਿੱਚ ਬਿਹਤਰੀਨ ਸਾਹਿਤਕਾਰ। ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ਕਰਤਾਰ ਸਿੰਘ ਧਾਲੀਵਾਲ ਇਨਾਮ। ਫੁੱਲ ਮੈਮੋਰੀਅਲ ਟਰੱਸਟ ਵੱਲੋਂ ਗੁਰਦਿਆਲ ਸਿੰਘ ਫੁੱਲ ਇਨਾਮ 1997
ਲੋਕ ਸਭਿਆਚਾਰਕ ਵਿਕਾਸ ਮੰਚ ਜੈਤੋ ਵੱਲੋਂ 1999 ਪੰਜਾਬੀ ਰੰਗਮੰਚ ਸੇਵਾ ਸਨਮਾਨ। ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ 1999 ਪੰਜਾਬੀ ਬੋਲੀ ਸੇਵਾ ਇਨਾਮ। ਪੰਜਾਬੀ ਕਲਾ ਕੇਂਦਰ ਬੰਬਈ – ਚੰਡੀਗੜ੍ਹ ਵੱਲੋਂ 2000 ਬਲਰਾਜ ਸਾਹਨੀ ਯਾਦਗਾਰੀ ਇਨਾਮ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜੀਵਨ ਗੌਰਵ ਸਨਮਾਨ-2000., ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਇਨਾਮ 1999
ਨਾਟ-ਪੁਸਤਕਾਂ
ਇਕਾਂਗੀ
ਅਰਬਦ ਨਰਬਦ ਧੁੰਦੂਕਾਰਾ
ਬਿਗਾਨੇ ਬੋਹੜ ਦੀ ਛਾਂ
ਅੰਨ੍ਹੇ ਨਿਸ਼ਾਨਚੀ
ਮੇਰੇ ਚੋਣਵੇਂ ਇਕਾਂਗੀ
ਗਾਨੀ
ਮੇਰੇ ਚੋਣਵੇਂ ਇਕਾਂਗੀ
ਪੂਰੇ ਨਾਟਕ
ਭੱਜੀਆਂ ਬਾਹਾਂ (1987)
ਸੱਤ ਬਗਾਨੇ (1988)
ਕਿਹਰ ਸਿੰਘ ਦੀ ਮੌਤ (1992)
ਸਲਵਾਨ (1994)
ਇੱਕ ਸੀ ਦਰਿਆ (1994)
ਝਨਾਂ ਦੇ ਪਾਣੀ (2000)(10)
ਅਜਮੇਰ ਸਿੰਘ ਔਲਖ ਦਾ ਹਜ਼ਾਰਾਂ ਨਮ ਅੱਖਾਂ ਤੇ ਨਾਅਰਿਆਂ ਦੀ ਗੂੰਜ ‘ਚ ਹੋਇਆ ਅੰਤਿਮ ਸਸਕਾਰ
ਔਲਖ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ, ਸ਼ਰਧਾਂਜਲੀ ਸਮਾਗਮ 25 ਜੂਨ ਨੂੰ ਮਾਨਸਾ ‘ਚ ਹੋਵੇਗਾ
ਮਾਨਸਾ/ਬਿਊਰੋ ਨਿਊਜ਼ : ਇਨਕਲਾਬੀ  ਨਾਟਕਕਾਰ ਅਤੇ ਪੰਜਾਬੀ ਰੰਗਮੰਚ ਦੇ ਥੰਮ੍ਹ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਹਜ਼ਾਰਾਂ ਕਿਰਤੀਆਂ, ਕਿਸਾਨਾਂ ਤੇ ਕਲਮਕਾਰਾਂ ਦੇ ਕਾਫ਼ਲੇ ਨੇ ਨਮ ਅੱਖਾਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਅੰਤਿਮ ਵਿਦਾਈ ਦਿੱਤੀ।
ਪੰਜਾਬ ਦੇ ਕੋਨੇ-ਕੋਨੇ ਵਿਚੋਂ ਪੁੱਜੇ ਖੇਤ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਤਬਕਿਆਂ ਤੋਂ ਇਲਾਵਾ ਵੱਖ-ਵੱਖ ਵੰਨਗੀ ਦੇ ਲੇਖਕਾਂ ਨੇ ਨਾਟਕਕਾਰ ਅਜਮੇਰ ਔਲਖ ਦੀ ਦੇਹ ਦੇ ਅੰਤਿਮ ਦਰਸ਼ਨ ਕੀਤੇ। ਦਰਜਨਾਂ ਜਨਤਕ, ਸਾਹਿਤਕ ਅਤੇ ਸਭਿਆਚਾਰਕ ਜਥੇਬੰਦੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੇ ਆਪੋ-ਆਪਣੇ ਝੰਡਿਆਂ, ਮਾਟੋਆਂ ਨਾਲ ਫੁੱਲਾਂ ਦੀ ਵਰਖਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਕਾਫ਼ਲੇ ਦੇ ਰੂਪ ਵਿੱਚ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਲਿਜਾਇਆ ਗਿਆ। ਇਸ ਮਾਰਚ ਦੌਰਾਨ ਨਾਅਰਿਆਂ ਰਾਹੀਂ ਉਨ੍ਹਾਂ ਦੀ ਸੋਚ ‘ਤੇ ਡਟਣ ਦੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰੋ. ਔਲਖ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ઠਤਿੰਨਾਂ ਧੀਆਂ ਸੁਪਨਦੀਪ, ਸੁਹਜਦੀਪ ਤੇ ਅਜਮੀਤ ਨੇ ਦਿੱਤਾ।
ਉਨ੍ਹਾਂ ਦੀ ਅੰਤਿਮ ਇੱਛਾ ઠਅਨੁਸਾਰ ਚਿਖਾ ਨੂੰ ਅਗਨੀ ਵੀ ਤਿੰਨਾਂ ਧੀਆਂ ਨੇ ਵਿਖਾਈ। ਪ੍ਰੋ. ਔਲਖ ਦੀ ਵੱਡੀ ਧੀ ਪ੍ਰੋ. ਸੁਪਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਅਤੇ ਕੇਂਦਰੀ ਲੇਖਕ ਸਭਾ ਵੱਲੋਂ ਸ਼ਰਧਾਂਜਲੀ ਸਮਾਗਮ ਨਵੀਂ ਦਾਣਾ ਮੰਡੀ, ਮਾਨਸਾ ਵਿੱਚ 25 ਜੂਨ ਨੂੰ ਕੀਤਾ ਜਾਵੇਗਾ।
ਇਸ ਮੌਕੇ ਨਾ ਕੋਈ ਸਿਆਸੀ ਆਗੂ ਬੁਲਾਰਾ ਹੋਵੇਗਾ ਅਤੇ ਨਾ ਹੀ ਧਾਰਮਿਕ ਰਸਮਾਂ ਹੋਣਗੀਆਂ।
ਸਭਿਆਚਾਰਕ ਕੰਪਲੈਕਸ ਉਸਾਰਨ ਲਈ ਕੀਤੀ ਜ਼ਮੀਨ ਦੀ ਪੇਸ਼ਕਸ਼
ਮਾਨਸਾ : ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੀ ਪ੍ਰਬੰਧਕ ਕਮੇਟੀ ਨੇ ਉਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਯਾਦ ਵਿਚ ਮਾਨਸਾ ਵਿਖੇ ਕਲਾ ਤੇ ਸਭਿਆਚਾਰਕ ਕੰਪਲੈਕਸ ਉਸਾਰਨ ਲਈ ਲੋੜੀਂਦੀ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਮੱਘਰ ਸਿੰਘ ਨੇ ਇਹ ਪੇਸ਼ਕਸ਼ ਪ੍ਰੋ. ਔਲਖ ਦੇ ਘਰ ਉਹਨਾਂ ਦੇ ਅੰਤਿਮ ਦਰਸ਼ਨਾਂ ਮੌਕੇ ਸਸਕਾਰ ਤੋਂ ਪਹਿਲਾਂ ਜੁੜੇ ਇਕੱਠੇ ਮੌਕੇ ਕੀਤੀ।
ਉਹਨਾਂ ਕਿਹਾ ਕਿ ਸਕੂਲ ਪ੍ਰਬੰਧਕ ਕਮੇਟੀ ਪਰਿਵਾਰ ਤੇ ਸਾਹਿਤ ਪ੍ਰੇਮੀਆਂ ਦੇ ਸਹਿਯੋਗ ਨਾਲ ਅਜਿਹਾ ਕੰਪਲੈਕਸ ਉਸਾਰਨ ਲਈ ਹਰ ਮੱਦਦ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਤੇ ਸਮੂਹ ਕਲਾ ਪ੍ਰੇਮੀਆਂ ਤੇ ਰੰਗ ਕਰਮੀਆਂ ਵਲੋਂ ਅਜਿਹਾ ਕੰਪਲੈਕਸ ਮਾਨਸਾ ਵਿਖੇ ਸਥਾਪਿਤ ਕਰਨ ਲਈ ਪਿਛਲੇ 3 ਵਰ੍ਹਿਆਂ ਤੋਂ ਮੁਹਿੰਮ ਵਿੱਢੀ ਹੋਈ ਸੀ।
ਮੰਚ ਦੇ ਸਰਪ੍ਰਸਤ ਡਾ. ਕੁਲਦੀਪ ਸਿੰਘ ਦੀਪ, ਰੰਗਕਰਮੀ ਰਾਜ ਜੋਸ਼ੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਕਲਾ ਮੰਚ, ਪ੍ਰੋ. ਔਲਖ ਦੇ ਪਰਿਵਾਰ ਅਤੇ ਬਾਕੀ ਸਾਹਿਤ ਪ੍ਰੇਮੀਆਂ ਦੇ ਸਹਿਯੋਗ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਜਗ੍ਹਾ ‘ਤੇ ਕਲਾ ਤੇ ਸਭਿਆਚਾਰਕ ਕੰਪਲੈਕਸ ਦੀ ਉਸਾਰੀ ਲਈ ਯੋਜਨਾਬੰਦੀ ਕੀਤੀ ਜਾਵੇਗੀ।

ਬਲਦ ਦੌੜ ਦੀ ਵਿਰਾਸਤ ‘ਤੇ ਲੱਗਾ ਪਾਬੰਦੀ ਦਾ ਗ੍ਰਹਿਣ
ਖੰਨਾ : ਪੰਜਾਬ ਦੇ ਪਿੰਡਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੈਲ ਗੱਡੀਆਂ ਦੇ ਸ਼ੌਕੀਨ ਹਨ, ਜੋ ਲੱਖਾਂ ਰੁਪਏ ਖਰਚ ਕੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਬਲਦਾਂ ਨੂੰ ਤਿਆਰ ਕਰਦੇ ਹਨ। ਇਸ ਦੇ ਨਾਲ ਹੀ ਲੱਖਾਂ ਦੀ ਗਿਣਤੀ ਵਿਚ ਬੈਲ ਗੱਡੀਆਂ ਦੇ ਮੁਕਾਬਲੇ ਦੇਖਣ ਦੇ ਸ਼ੌਕੀਨ ਵੀ ਹਨ, ਜੋ ਕਈ-ਕਈ ਮੀਲ ਦਾ ਸਫਰ ਤੈਅ ਕਰਕੇ ਮੁਕਾਬਲੇ ਦੇਖਣ ਜਾਂਦੇ ਹਨ ਪਰ ਬੈਲ ਗੱਡੀਆਂ ਦੀਆਂ ਵਿਰਾਸਤੀ ਦੌੜਾਂ ‘ਤੇ ਲੱਗੀ ਪਾਬੰਦੀ ਨੇ ਕਈ ਸਾਲਾਂ ਤੋਂ ਇਸ ਨਾਲ ਜੁੜੇ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਹੋਇਆ ਹੈ। ਪੰਜਾਬ ਬੈਲ ਦੌੜਾਕ ਕਮੇਟੀ, ਕਿਲ੍ਹਾ ਰਾਏਪੁਰ ਦੀ ਗਰੇਵਾਲ ਸਪੋਰਟਸ ਐਸੋਸੀਏਸ਼ਨ, ਮਾਲਵਾ ਦੁਆਬਾ ਬੂਲਜ਼ ਐਸੋਸੀਏਸ਼ਨ ਤੇ ਰੂਰਲ ਪਾਰਟੀ ਰੇਸ ਐਸੋਸੀਏਸ਼ਨ ਰੁੜਕਾ ਕਲਾਂ ਵਲੋਂ ਬੇਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲਿਆਂ ਦੀ ਆਗਿਆ ਲੈਣ ਲਈ ਲਗਾਤਾਰ ਕਈ ਸਾਲਾਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਇਹ ਲੜਾਈ ਹੁਣ ਆਖਰੀ ਦੌਰ ਵਿਚ ਹੈ। ਜੇਕਰ ਜਿੱਤ ਮਿਲੀ ਤਾਂ ਕਈ ਸਾਲਾਂ ਤੋਂ ਬੈਲ ਦੌੜਾਕਾਂ ਦੇ ਚਿਹਰਿਆਂ ‘ਤੇ ਰੌਣਕ ਆ ਜਾਵੇਗੀ। ਜੇਕਰ ਹਾਰ ਮਿਲੀ ਤਾਂ ਇਹ ਕਈ ਪੱਖਾਂ ਤੋਂ ਪੰਜਾਬ ਦੇ ਵਿਰਸੇ, ਸਭਿਆਚਾਰ ਤੇ ਦੇਸੀ ਪਸ਼ੂਆਂ ਲਈ ਵੀ ਘਾਤਕ ਸਿੱਧ ਹੋਵੇਗੀ।
ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਹੈ ਜੁੜਿਆ : ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲਿਆਂ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਕਿਉਂਕਿ ਇਹ ਮੁਕਾਬਲੇ ਪੰਜਾਬ ਭਰ ਵਿਚ ਲਗਭਗ ਸਾਰਾ ਸਾਲ ਹੀ ਚੱਲਦੇ ਰਹਿੰਦੇ ਹਨ। ਦੂਸਰਾ ਜਦੋਂ ਕਿਤੇ ਵੀ ਮੁਕਾਬਲੇ ਹੁੰਦੇ ਹਨ ਤਾਂ ਉਥੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਵੱਖ-ਵੱਖ ਖਾਣ-ਪੀਣ ਦੀਆਂ ਰੇਹੜੀਆਂ ਲਗਾ ਕੇ ਲੋਕਾਂ ਦੀ ਭੁੱਖ-ਪਿਆਸ ਮਿਟਾਉਂਦੇ ਹਨ ਤੇ ਆਪਣਾ ਪੇਟ ਪਾਲਦੇ ਹਨ। ਬਲਦਾਂ ਦੀ ਢੋਆ ਢੁਆਈ ਲਈ ਟਰਾਂਸਪੋਰਟ ਦੀ ਲੋੜ ਹੁੰਦੀ ਹੈ, ਜਿਸ ਨਾਲ ਟਰਾਂਸਪੋਰਟ ਕਿੱਤੇ ਨਾਲ ਜੁੜੇ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ।
ਲੋਪ ਹੋ ਜਾਣਗੀਆਂ ਦੇਸੀ ਬਲਦਾਂ ਦੀਆਂ ਨਸਲਾਂ
ਬੈਲ ਗੱਡੀਆਂ ਦੀਆਂ ਦੌੜਾਂ ਲੋਕਾਂ ਦਾ ਸਿਰਫ ਮਨੋਰੰਜਨ ਹੀ ਨਹੀਂ ਕਰਦੀਆਂ ਬਲਕਿ ਇਹ ਪੰਜਾਬ ਦੀ ਵਿਰਾਸਤ ਤੇ ਸਭਿਆਚਾਰ ਨੂੰ ਵੀ ਸਾਂਭੀ ਬੈਠੀਆਂ ਹਨ। ਜੇਕਰ ਪੰਜਾਬ ਦੀ ਧਰਤੀ ‘ਤੇ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਨਾ ਹੁੰਦੇ ਤਾਂ ਦੇਸੀ ਬਲਦਾਂ ਦੀਆਂ ਨਸਲਾਂ ਵੀ ਪੰਜਾਬ ਦੀ ਧਰਤੀ ਤੋਂ ਅਲੋਪ ਹੋ ਗਈਆਂ ਹੁੰਦੀਆਂ।  ਇਸ ਲਈ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਮਨੋਰੰਜਨ ਦੇ ਨਾਲ-ਨਾਲ ਅਮੀਰ ਵਿਰਸੇ ਨੂੰ ਸਾਂਭਣ, ਦੇਸੀ ਬਲਦਾਂ ਦੀਆਂ ਨਸਲਾਂ ਨੂੰ ਜਿੰਦਾ ਰੱਖਣ ਵਿਚ ਵੀ ਮੋਹਰੀ ਰੋਲ ਅਦਾ ਕਰ ਰਹੇ ਹਨ।  ਮਸ਼ੀਨੀਕਰਨ ਕਾਰਨ ਖੇਤੀਬਾੜੀ ਦੇ ਕੰਮਾਂ ਤੋਂ ਬਲਦਾਂ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਜੇਕਰ ਇਹ ਖੇਡ ਵੀ ਖਤਮ ਹੁੰਦੀ ਹੈ ਤਾਂ ਲਾਜ਼ਮੀ ਹੈ ਦੇਸੀ ਬਲਦ ਇਤਿਹਾਸ ਬਣ ਜਾਣਗੇ।
ਰਾਜਸਥਾਨ ਦੇ ਪਸ਼ੂ ਪਾਲਕਾਂ ਦੀ ਆਰਥਿਕਤਾ ਨੂੰ ਵੀ ਵੱਜੇਗੀ ਸੱਟ
ਪੰਜਾਬ ਵਿਚ ਦੇਸੀ ਗਾਵਾਂ ਤੇ ਦੇਸੀ ਬਲਦਾਂ ਨੂੰ ਹੁਣ ਕੋਈ ਪਰਿਵਾਰ ਨਹੀਂ ਪਾਲਦਾ। ਬੈਲ ਗੱਡੀਆਂ ਦੀਆਂ ਦੌੜਾਂ ਲਈ ਦੌੜਾਕ ਰਾਜਸਥਾਨ ਦੇ ਸ਼ਹਿਰਾਂ ਤੋਂ ਬਲਦ ਖਰੀਦ ਕੇ ਲੈ ਕੇ ਆਉਂਦੇ ਹਨ। ਰਾਜਸਥਾਨ ਦੇ ਇਹ ਲੋਕ ਪੰਜਾਬ ਵਿਚ ਵੀ ਆਪਣੇ ਬਲਦ ਵੇਚਣ ਲਈ ਆ ਜਾਂਦੇ ਹਨ। ਇਹ ਲੋਕ ਦੇਸੀ ਗਾਵਾਂ ਨੂੰ ਬਲਦਾਂ ਦੀ ਪੈਦਾਇਸ਼ ਲਈ ਹੀ ਪਾਲਦੇ ਹਨ, ਜਿਸ ਤੋਂ ਇਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਬਲਦ 25 ਹਜ਼ਾਰ ਤੋਂ ਲੈ ਕੇ 60 ਹਜ਼ਾਰ ਤੱਕ ਦੀ ਕੀਮਤ ਵਿਚ ਮਿਲਦਾ ਹੈ। ਜੇਕਰ ਪੰਜਾਬ ਵਿਚ ਦੌੜਾਂ ‘ਤੇ ਲੱਗੀ ਪਾਬੰਦੀ ਨਹੀਂ ਹਟਦੀ ਤਾਂ ਸ਼ਾਇਦ ਇਹ ਲੋਕ ਵੀ ਬਲਦਾਂ ਦਾ ਪਾਲਣ-ਪੋਸ਼ਣ ਬੰਦ ਕਰ ਦੇਣ, ਇਸ ਤਰ੍ਹਾਂ ਦੇਸੀ ਬਲਦਾਂ ਤੇ ਗਾਵਾਂ ਦੀਆਂ ਨਸਲਾਂ ਹੌਲੀ-ਹੌਲੀ ਖਤਮ ਹੋ ਸਕਦੀਆਂ ਹਨ।
ਕਿਸਾਨ ਪੁੱਤਾਂ ਵਾਂਗੂੰ ਪਾਲਦੇ ਹਨ ਬਲਦਾਂ ਨੂੰ
ਕਿਸਾਨੀ ਨਾਲ ਜੁੜੀ ਇਕੋ ਇਕ ਖੇਡ ਹੈ ਬਲਦ ਦੌੜ। ਕਿਸਾਨ ਇਨ੍ਹਾਂ ਬਲਦਾਂ ਨੂੰ ਪੁੱਤਾਂ ਵਾਂਗ ਪਾਲਦੇ ਹਨ ਤੇ ਸ਼ਿੰਗਾਰ ਕੇ ਰੱਖਦੇ ਹਨ। ਬਲਦਾਂ ਦੀ ਸੇਵਾ ਲਈ ਦੁੱਧ, ਦਹੀਂ, ਮੌਸਮੀ ਮੁਰੱਬੇ, ਸੁੱਕੇ ਮੇਵੇ ਆਦਿ ਦਿੱਤੇ ਜਾਂਦੇ ਹਨ। ਕਈ ਬਲਦ ਕਿਸਾਨਾਂ ਦੀ ਕਿਸਮਤ ਵੀ ਖੋਲ੍ਹ ਦਿੰਦੇ ਹਨ। ਜੇਕਰ ਕਿਸੇ ਕਿਸਾਨ ਦਾ ਬਲਦ ਇਨਾਮੀ ਬਲਦ ਬਣ ਜਾਂਦਾ ਹੈ ਤਾਂ ਉਸਦੀ ਕੀਮਤ ਲੱਖਾਂ ਰੁਪਏ ਹੋ ਜਾਂਦੀ ਹੈ। ਜੋ ਕਿਸੇ ਗਰੀਬ ਕਿਸਾਨ ਦੀ ਗਰੀਬੀ ਖਤਮ ਕਰਨ ਵਿਚ ਵੀ ਸਹਾਈ ਹੋ ਜਾਂਦਾ ਹੈ। ਜੇਕਰ ਕਿਸੇ ਇਨਾਮੀ ਬਲਦ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਰੀਤੀ ਰਿਵਾਜ਼ਾਂ ਨਾਲ ਸੰਸਕਾਰ ਕੀਤਾ ਜਾਂਦਾ ਹੈ। ਉਸ ਨੂੰ ਆਪਣੇ ਖੇਤ ਜਾਂ ਘਰ ਵਿਚ ਦੱਬਿਆ ਜਾਂਦਾ ਹੈ ਤੇ ਬਕਾਇਦਾ ਉਸਦਾ ਭੋਗ ਪਾਇਆ ਜਾਂਦਾ ਹੈ।
ਕੈਪਟਨ ਸਰਕਾਰ ਆਪਣਾ ਵਾਅਦਾ ਪੂਰਾ ਕਰੇ : ਖੇਡ ਪ੍ਰੇਮੀ
ਪੰਜਾਬ ਬੈਲ ਦੌੜਾਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਕੱਦੋਂ, ਜਨਰਲ ਸਕੱਤਰ ਨਿਰਮਲ ਸਿੰਘ ਨੌਲੜੀ, ਟੋਨੀ ਰੁੜਕਾ ਪ੍ਰਧਾਨ ਰੂਰਲ ਹਲਟੀ ਰੇਸ ਵੈਲਫੇਅਰ ਐਸੋਸੀਏਸ਼ਨ, ਜਗਤਾਰ ਸਿੰਘ ਜੱਗਾ ਜਨਰਲ ਸਕੱਤਰ ਗਰੇਵਾਲ ਸਪੋਰਟਸ ਐਸੋਸੀਏਸ਼ਨ ਕਿਲ੍ਹਾ ਰਾਏਪੁਰ, ਕਿੰਦੀ ਕੁਲੇਵਾਲ, ਗੁਰਵਿੰਦਰ ਸਿੰਘ ਸੇਹ, ਅਮਰਜੀਤ ਸਿੰਘ ਭੌਂਪੁਰ, ਨਿਰਮਲ ਸਿੰਘ ਬਰਵਾਲਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ‘ਤੇ ਬਲਦ ਦੌੜਾਂ ਦੀ ਆਗਿਆ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਮੰਗ ਕੀਤੀ ਕਿ ਪੰਜਾਬ ਵਿਚ ਜਲਦ ਤੋਂ ਜਲਦ ਬਲਦ ਦੌੜਾਂ ‘ਤੇ ਲੱਗੀ ਪਾਬੰਦੀ ਹਟਾਈ ਜਾਵੇ ਤਾਂ ਜੋ ਲੱਖਾਂ ਸ਼ੌਕੀਨ ਆਪਣੀ ਵਿਰਾਸਤੀ ਖੇਡ ਦਾ ਫਿਰ ਤੋਂ ਆਨੰਦ ਮਾਣ ਸਕਣ।
ਠੋਕਰਾਂ ਬਣਾਉਣ ਵਾਲੇ ਠੋਕਰਾਂ ਖਾਣ ਲਈ ਹੋਣਗੇ ਮਜਬੂਰ
ਪੰਜਾਬ ਵਿਚ ਲਖਮੀਪੁਰ ਜ਼ਿਲ੍ਹਾ ਰੋਪੜ, ਧਨੋ ਜ਼ਿਲ੍ਹਾ ਸੰਗਰੂਰ ਤੇ ਜਰਗੜ੍ਹੀ ਜ਼ਿਲ੍ਹਾ ਲੁਧਿਆਣਾ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਗੱਡੀਆਂ (ਠੋਕਰਾਂ) ਬਣਾਉਣ ਵਾਲੇ ਕਾਰੀਗਰਾਂ ਦਾ ਕੰਮ ਵੀ ਬਲਦ ਦੌੜਾਂ ਕਰਕੇ ਹੀ ਚੱਲਦਾ ਹੈ। ਜੇਕਰ ਦੌੜਾਂ ਨੂੰ ਆਗਿਆ ਨਹੀਂ ਮਿਲਦੀ ਤਾਂ ਠੋਕਰਾਂ ਬਣਾਉਣ ਵਾਲੇ ਕਾਰੀਗਰ ਵੀ ਠੋਕਰਾਂ ਖਾਣ ਲਈ ਮਜਬੂਰ ਹੋਣਗੇ। ਉਹਨਾਂ ਨੂੰ ਆਸ ਹੈ ਕਿ ਇਸ ਕਾਨੂੰਨੀ ਲੜਾਈ ਵਿਚ ਜਿੱਤ ਉਹਨਾਂ ਦੀ ਹੋਵੇਗੀ ਕਿਉਂਕਿ ਉਹ ਪੀੜ੍ਹੀ ਦਰ ਪੀੜ੍ਹੀ ਇਸ ਰੁਜ਼ਗਾਰ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹਨ। ਇਨ੍ਹਾਂ ਦਾ ਕਾਰੋਬਾਰ ਬਲਦ ਦੌੜਾਂ ‘ਤੇ ਹੀ ਨਿਰਭਰ ਹੈ। ਬਲਦ ਦੌੜਾਂ ਨਹੀਂ ਰਹੀਆਂ ਤਾਂ ਠੋਕਰਾਂ ਵੀ ਅਜਾਇਬ ਘਰਾਂ ਦੀਆਂ ਸੋਭਾ ਬਣ ਜਾਣਗੀਆਂ।
ਫੈਸਲੇ ਦੀ ਉਡੀਕ
ਖੇਡਾਂ ਵਿਚ ਜੇਤੂ ਬੈਲ ਗੱਡੀਆਂ ਨੂੰ
11,000 ਤੋਂ 51,000
ਤੱਕ ਦੇ ਨਕਦ ਇਨਾਮ ਤੋਂ ਇਲਾਵਾ ਮੋਟਰ ਸਾਈਕਲ, ਕਾਰਾਂ,
ਦੇਸੀ ਘਿਓ ਦੇ ਪੀਪੇ
ਤੇ ਕਈ ਹੋਰ ਇਨਾਮ ਵੀ ਦਿੱਤੇ ਜਾਂਦੇ ਹਨ।
ਕਾਨੂੰਨੀ ਲੜਾਈ ਜਾਰੀ
ੲ ਬੈਲ ਦੌੜਾਕਾਂ ਦੀ ਬਦੌਲਤ ਹੀ ਬਚੇ ਹੋਏ ਨੇ ਦੇਸੀ ਨਸਲ ਦੇ ਬਲਦ
ੲ ਬਲਦ ਵਿਰਾਸਤ ਨੂੰ ਸਾਂਭੀ ਬੈਠੀਆਂ ਹਨ ਬੈਲ ਗੱਡੀਆਂ ਦੀਆਂ ਦੌੜਾਂ
ੲ ਰਾਜਸਥਾਨ ਦੇ ਬਲਦ-ਗਾਵਾਂ ਪਾਲਣ ਵਾਲਿਆਂ ਦੀ ਰੋਜ਼ੀ ਰੋਟੀ ਵੀ ਨਿਰਭਰ
ੲ ਠੋਕਰਾਂ ਬਣਾਉਣ ਵਾਲਿਆਂ ਦੇ ਰੁਜ਼ਗਾਰ ਨੂੰ ਵੀ ਵੱਜ ਸਕਦੀ ਹੈ ਸੱਟ
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੀ ਚਮਕ ਵੀ ਫਿੱਕੀ ਪਈ
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਨੂੰ ਪੇਂਡੂ ਉਲੰਪਿਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੇਲੇ ਦਾ ਸਭ ਤੋਂ ਅਹਿਮ ਅੰਗ ਬੈਲ ਗੱਡੀਆਂ ਦੀ ਦੌੜ ਰਿਹਾ ਹੈ। ਇਸ ਦੌੜ ‘ਤੇ ਪਾਬੰਦੀ ਲੱਗਣ ਨਾਲ ਮੇਲੇ ‘ਚ ਆਉਣ ਵਾਲੇ ਖੇਡ ਪ੍ਰੇਮੀਆਂ ‘ਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ।
ਪਾਬੰਦੀ ਲਾਉਣ ਦੇ ਇਹ ਹਨ ਕਾਰਨ
ਪਸ਼ੂ ਪ੍ਰੇਮੀਆਂ ਵਲੋਂ ਇਨ੍ਹਾਂ ਖੇਡਾਂ ਵਿਚ ਬਲਦਾਂ ਦੇ ਆਰਾਂ ਮਾਰਨ, ਨਸ਼ੇ ਦੇਣ, ਨੱਕ ਵਿਚ ਰੱਸੀ ਪਾਉਣ, ਪੂਛਾਂ ਮਰੋੜਨ ਆਦਿ ਜ਼ੁਲਮ ਕਰਨ ਦੇ ਦੋਸ਼ ਲਗਾਏ ਸਨ। ਇਸ ਨਾਲ ਪਸ਼ੂ ਜ਼ਖਮੀ ਵੀ ਹੁੰਦੇ ਸਨ। ਇਸ ਤੋਂ ਬਾਅਦ ਸੁਪਰੀਮ ਕੋਰਟ ਵਲੋਂ ਇਨ੍ਹਾਂ ਦੌੜਾਂ ‘ਤੇ ਪਾਬੰਦੀ ਦੇ ਹੁਕਮ ਦਿੱਤੇ ਗਏ ਸਨ ਤੇ ਸਖਤੀ ਨਾਲ ਪਾਲਣਾ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਲਗਾਤਾਰ ਬਲਦ ਦੌੜਾਕਾਂ ਵਲੋਂ ਪਾਬੰਦੀ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
‘ਇਹ ਪਾਬੰਦੀ ਲੱਗੀ ਰਹਿਣੀ ਚਾਹੀਦੀ ਹੈ। ਜੇਕਰ ਕੋਈ ਰਾਹਤ ਦੇਣੀ ਹੈ ਤਾਂ ਜ਼ਰੂਰੀ ਨਿਯਮ ਜਾਂ ਮਾਪਦੰਡ ਬਣਾਏ ਜਾਣੇ ਚਾਹੀਦੇ ਹਨ। ਸਰਕਾਰੀ ਵੈਟਰਨਰੀ ਡਾਕਟਰਾਂ ਦੀ ਦੇਖ-ਰੇਖ ਹੇਠ ਪਸ਼ੂਆਂ ਦੀ ਸਿਹਤ ਜਾਂਚ ਹੋਣੀ ਚਾਹੀਦੀ ਹੈ। ਬਕਾਇਦਾ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ ਹੈ। ਪਸ਼ੂਆਂ ‘ਤੇ ਕੋਈ ਜ਼ੁਲਮ ਨਹੀਂ ਹੋਣਾ ਚਾਹੀਦਾ।
ਐਡਵੋਕੇਟ ਮੁਨੀਸ਼ ਥਾਪਰ
ਪ੍ਰਧਾਨ ਗਊਧਨ ਸੇਵਾ ਸਦਨ ਖੰਨਾ

‘ਬਲਦਾਂ ਦੀਆਂ ਦੌੜਾਂ ‘ਤੇ ਸੁਪਰੀਮ ਕੋਰਟ ਵਲੋਂ ਪਾਬੰਦੀ ਲਗਾਈ ਹੋਈ ਹੈ। ਅਸੀਂ ਪਸ਼ੂਆਂ ‘ਤੇ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਹਾਂ।
ਡਾ. ਸੰਦੀਪ ਜੈਨ
ਸਾਬਕਾ ਮੈਂਬਰ ਐਨੀਮਲ ਵੈਲਫੇਅਰ ਟਰੱਸਟ

RELATED ARTICLES
POPULAR POSTS