Breaking News
Home / ਕੈਨੇਡਾ / 2022 ਦੇ ਉਸਾਰੂ ਤੇ ਉਤਪਾਦਕ ਪਾਰਲੀਮੈਂਟ ਸੈਸ਼ਨ ਦਾ ਸਫਰ ਸੋਨੀਆ ਸਿੱਧੂ ਨੇ ਦੋ ਸਫਲ ਅੰਤਰ-ਰਾਸ਼ਟਰੀ ਫੇਰੀਆਂ ਨਾਲ ਸੰਪੰਨ ਕੀਤਾ

2022 ਦੇ ਉਸਾਰੂ ਤੇ ਉਤਪਾਦਕ ਪਾਰਲੀਮੈਂਟ ਸੈਸ਼ਨ ਦਾ ਸਫਰ ਸੋਨੀਆ ਸਿੱਧੂ ਨੇ ਦੋ ਸਫਲ ਅੰਤਰ-ਰਾਸ਼ਟਰੀ ਫੇਰੀਆਂ ਨਾਲ ਸੰਪੰਨ ਕੀਤਾ

ਬਰੈਂਪਟਨ/ਬਿਊਰੋ ਨਿਊਜ਼ : ਸਾਲ 2022 ਹੁਣ ਅਖ਼ੀਰਲੇ ਪੜਾਅ ‘ ਤੇ ਹੈ ਅਤੇ ਇਸਦੇ ਦੌਰਾਨ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਪਾਰਲੀਮੈਂਟ ਸੈਸ਼ਨ ਦਾ ਇਹ ਸਮਾਂ ਆਪਣੀਆਂ ਦੋ ਅੰਤਰ-ਰਾਸ਼ਟਰੀ ਉਸਾਰੂ ਤੇ ਉਤਪਾਦਕ ਫੇਰੀਆਂ ਨਾਲ ਸਫਲ਼ਤਾ ਪੂਰਵਕ ਸੰਪੰਨ ਕੀਤਾ ਹੈ ਜਿਨ੍ਹਾਂ ਵਿਚ ਸੈਨ ਡੀਗੋ, ਕੈਲੇਫੋਰਨੀਆ ਦੇ ਟੂਰ ਸਮੇਤ ਲਿਸਬਨ, ਪੁਰਤਗਾਲ ਵਿਖੇ ਹੋਈ ਡਾਇਬਟੀਜ਼ ਸਬੰਧੀ ਅੰਤਰ-ਰਾਸ਼ਟਰੀ ਕਾਨਫ਼ਰੰਸ ਵੀ ਸ਼ਾਮਲ ਹੈ। ਸਟੇਟੱਸ ਆਫ਼ ਵਿਮੈੱਨ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ ਸਰਕਾਰ ਨੂੰ ਦੋ ਰਿਪੋਰਟਾਂ ਪੇਸ਼ ਕੀਤੀਆਂ। ਪਹਿਲੀ ਰਿਪੋਰਟ ਕੈਨੇਡਾ ਵਿੱਚ ਅਤਿ-ਨੇੜਲੇ ਸਾਥੀਆਂ ਅਤੇ ਪਰਿਵਾਰਾਂ ਵਿੱਚ ਚੱਲ ਰਹੀ ਹਿੰਸਾ ਉੱਪਰ ਕੇਂਦ੍ਰਿਤ ਸੀ। ਇਹ ਰਿਪੋਰਟ ਕੈਨੇਡਾ ਸਰਕਾਰ ਨੂੰ ਘਰੇਲੂ ਹਿੰਸਾ ਰੋਕਣ ਅਤੇ ਪੀੜਤਾਂ ਦੀ ਯੋਗ ਸਹਾਇਤਾ ਕਰਨ ਲਈ ਲਏ ਜਾਣ ਵਾਲੇ ਢੰਗਾਂ ਤਰੀਕਿਆਂ ਦੇ ਸੁਝਾਵਾਂ ਬਾਰੇ ਸੀ। ਦੂਸਰੀ ਰਿਪੋਰਟ ਕੈਨੇਡਾ ਦੀਆਂ ਪੁਰਾਤਨ-ਵਾਸੀ ਇੰਡੀਜੀਨੀਅਸ ਔਰਤਾਂ ਅਤੇ ਲੜਕੀਆਂ ਬਾਰੇ ਸੀ। ਇਸ ਦੇ ਬਾਰੇ ਐੱਮ.ਪੀ. ਸੋਨੀਆ ਸਿੱਧੂ ਨੇ ਸੈਨ ਡੀਗੋ ਵਿੱਚ ਡਿਸਟ੍ਰਿਕਟ ਅਟਾਰਨੀ ਦੇ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ ਜੋ ਕਿ ਫੈਮਿਲੀ ਜਸਟਿਸ ਮਾਡਲ ਦੇ ਚੈਂਪੀਅਨ ਹਨ ਅਤੇ ਇਹ ਮਾਡਲ ਪੀਲ ਰੀਜਨ ਦੇ ਸੁਰੱਖ਼ਿਅਤ ਸੈਂਟਰ ਬਰੈਂਪਟਨ ਵਿੱਚ ਸਫ਼ਲਤਾ ਪੂਰਵਕ ਕੰਮ ਕਰ ਰਿਹਾ ਹੈ।
ਇਸ ਹਫ਼ਤੇ ਦੇ ਆਰੰਭ ਵਿੱਚ ਸੋਨੀਆ ਸਿੱਧੂ ਪੁਰਤਗਾਲ ਦੇ ਉਸਾਰੂ ਪਾਰਲੀਮੈਂਟ ਦੌਰੇ ਤੋਂ ਵਾਪਸ ਪਰਤੇ। ਉਨ੍ਹਾਂ ਨੇ ਕਾਨਫ਼ਰੰਸ ਵਿੱਚ ਆਲ ਪਾਰਟੀ ਡਾਇਬਟੀਜ਼ ਕਾਕੱਸ ਅਤੇ ਡਾਇਰੈੱਕਟਰ ਕੈਨੇਡਾ-ਪੁਰਤਗਾਲ ਪਾਰਲੀਮੈਂਟਰੀ ਫ਼ਰੈਂਡਸ਼ਿਪ ਗਰੁੱਪ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੂੰ ਉੱਥੇ ਇੰਟਰਨੈਸ਼ਨਲ ਡਾਇਬਟੀਜ਼ ਫ਼ੈੱਡਰੇਸ਼ਨ ਕਾਨਫ਼ਰੰਸ 2022 ਨੂੰ ਸੰਬੋਧਨ ਕਰਨ ਲਈ ਸੱਦਾ-ਪੱਤਰ ਭੇਜਿਆ ਗਿਆ ਸੀ। ਕਾਨਫ਼ਰੰਸ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕੈਨੇਡਾ ਦੀ ਪਾਰਲੀਮੈਂਟ ਵਿਚ ਡਾਇਬਟੀਜ਼ ਸਬੰਧੀ ਬਿੱਲ ਪਾਸ ਕਰਵਾਉਣ ਦੀ ਆਪਣੀ ਸਫ਼ਲਤਾ ਬਾਰੇ ਦੱਸਿਆ ਜਿਸ ਨਾਲ ਕੈਨੇਡਾ ਵਿਚ ਨੈਸ਼ਨਲ ਫ਼ਰੇਮਵਰਕ ਫ਼ਾਰ ਡਾਇਬਟੀਜ਼ ਦੀ ਸਥਾਪਨਾ ਹੋਵੇਗੀ।
ਇਸਦੇ ਬਾਰੇ ਦੱਸਦਿਆਂ ਸੋਨੀਆ ਸਿੱਧੂ ਨੇ ਕਿਹਾ, ”ਭਾਵੇਂ ਕੈਨੇਡਾ-ਵਾਸੀਆਂ ਲਈ ਚੰਗੇਰਾ ਸਿਹਤ-ਢਾਂਚਾ ਬਨਾਉਣ ਦੀ ਗੱਲ ਹੋਵੇ ਤੇ ਭਾਵੇਂ ਘਰੇਲੂ-ਹਿੰਸਾ ਨੂੰ ਰੋਕਣ ਲਈ ਹੰਭਲਾ ਮਾਰਨਾ ਹੋਵੇ, ਤੇ ਭਾਵੇਂ ਬਰੈਂਪਟਨ-ਵਾਸੀਆਂ ਦਾ ਕੋਈ ਵੀ ਮਸਲਾ ਹੋਵੇ, ਮੈਂ ਇਨ੍ਹਾਂ ਲਈ ਪਹਿਲਾਂ ਵੀ ਕੰਮ ਕਰਦੀ ਰਹੀ ਹਾਂ ਅਤੇ ਅੱਗੋਂ ਵੀ ਇਹ ਕੰਮ ਇੰਜ ਹੀ ਜਾਰੀ ਰੱਖਾਂਗੀ। ਮੈਂ ਜਾਣਦੀ ਹੈ ਕਿ ਇਨ੍ਹਾਂ ਮੁੱਦਿਆਂ ਉੱਪਰ ਅਜੇ ਬਹੁਤ ਕੰਮ ਕਰਨ ਵਾਲਾ ਹੈ ਅਤੇ ਮੈਂ ਇਨ੍ਹਾਂ ਲਈ ਔਟਵਾ ਵਿੱਚ ਤੁਹਾਡੀ ਆਵਾਜ਼ ਬੁਲੰਦ ਕਰਦੀ ਰਹਾਂਗੀ।”
ਕੌਮੀ ਪੱਧਰ ‘ ਤੇ ਸਿਹਤ ਸੁਰੱਖਿਆ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਚੱਲ ਰਹੀਆਂ ਕਾਰਵਾਈਆਂ ਬਾਰੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਬਰੈਂਪਟਨ-ਵਾਸੀਆਂ ਨੂੰ ਗਾਹੇ-ਬਗਾਹੇ ਜਾਣਕਾਰੀ ਪ੍ਰਦਾਨ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨਵੇਂ ਸਾਲ ਵਿੱਚ ਵੀ ਇੰਜ ਹੀ ਕੰਮ ਕਰਨ ਦੇ ਆਪਣੇ ਅਹਿਦ ਨੂੰ ਦੁਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ ਦੀ ਅਗਾਊਂ ਮੁਬਾਰਕਬਾਦ ਵੀ ਸਾਂਝੀ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …