ਬਰੈਂਪਟਨ/ ਹਰਜੀਤ ਬੇਦੀ
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਕਰਵਾਏ ਮਲਟੀਕਲਚਰਲ ਅਤੇ ਕੈਨੇਡਾ ਡੇਅ ਸਮਾਗਮ ‘ਤੇ ਸੀਨੀਅਰਜ਼ ਦਾ ਵਿਸ਼ਾਲ ਇਕੱਠ ਹੋਇਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲ ਭਰ ਚੁੱਕਾ ਸੀ। ਬਾਅਦ ਵਿੱਚ ਆਏ ਲੋਕਾਂ ਨੂੰ ਗੈਲਰੀ ਵਿੱਚ ਜਾਣਾ ਪਿਆ ਤੇ ਬਹੁਤ ਸਰਿਆਂ ਨੂੰ ਪ੍ਰੋਗਰਾਮ ਖੜ੍ਹੇ ਹੋ ਕੇ ਵੀ ਦੇਖਣਾ ਪਿਆ।
ਪ੍ਰੋਗਰਾਮ ਦੇ ਸ਼ੁਰੂ ਵਿੱਚ ‘ਓ ਕੈਨੇਡਾ’ ਗੀਤ ਤੋਂ ਬਾਅਦ ਲੋਕ ਨਾਟਕਕਾਰ ਅਜਮੇਰ ਔਲਖ ਅਤੇ ਸਾਹਿਤਕਾਰ ਇਕਬਾਲ ਰਾਮੂਵਾਲੀਆ ਨੂੰ ਸ਼ਰਧਾਂਜਲੀ ਦੇਣ ਪਿੱਛੋਂ ਐਸੋਸੀਏਸ਼ਨ ਦੇ ਸਕੱਤਰ ਨਿਰਮਲ ਸੰਧੂ ਨੇ ਹਾਜ਼ਰੀਨ ਨੂੰ ਜੀਅ ਆਇਆਂ ਕਿਹਾ ਅਤੇ ਕੈਨੇਡਾ ਦੇ ਇਤਿਹਾਸ ਦਾ ਸੰਖੇਪ ਵਰਣਨ ਕੀਤਾ। ਇਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਹਰਜੀਤ ਬੇਦੀ ਨੇ ਗਾਇਕ ਇਕਬਾਲ ਬਰਾੜ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ ਜਿਸ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਰਾਹੀਂ ਸਭ ਨੂੰ ਜੀ ਆਇਆਂ ਕਿਹਾ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਐਸੋਸੀਏਸ਼ਨ ਦੀ ਸਥਾਪਨਾ ਬਾਰੇ ਅਤੇ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਬਾਰੇ ਦੱਸਿਆ। ਉਹਨਾਂ ਸਾਰੇ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨਾਂ ਅਤੇ ਐਗਜੈਕਟਿਵ ਕਮੇਟੀ ਮੈਂਬਰਾਂ ਦੀ ਪ੍ਰੋਗਰਾਮ ਨੂੰ ਸਫਲ ਬਚਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਅਸੀਂ ਇਸੇ ਤਰ੍ਹਾਂ ਇੱਕਮੁੱਠ ਰਹਾਂਗੇ ਤਾਂ ਪ੍ਰਾਪਤੀਆਂ ਵੀ ਜਰੂਰ ਕਰਾਂਗੇ।
ਸੀਨੀਅਰਜ ਮਾਮਲਿਆਂ ਬਾਰੇ ਮੰਤਰੀ ਦੀਪਿਕਾ ਡਮੇਰਲਾ ਨੇ ਕਿਹਾ ਕਿ ਓਨਟਾਰੀਓ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੀਨੀਅਰਜ਼ ਦੇ ਮਸਲਿਆਂ ਲਈ ਮੰਤਰੀ ਪੱਧਰ ‘ਤੇ ਕੰਮ ਕੀਤਾ ਜਾਵੇਗਾ ਤੇ ਇਸ ਦੇ ਵਧੀਆ ਸਿੱਟੇ ਜਰੂਰ ਨਿਕਲਣਗੇ। ਉਸ ਨੇ ਇਹ ਜਾਣਕਾਰੀ ਦਿੱਤੀ ਕਿ ਸਾਰੇ ਪਰੋਵਿੰਸ ਵਿੱਚ ਕਰਾਉਨ ਲੈਂਡ ਵਿੱਚੋਂ ਲੰਘਦੇ ਵਗ ਰਹੇ ਪਾਣੀ ਦੇ ਸੋਮੇ ਵਿੱਚ ਕਿਤੇ ਵੀ ਅਸਥੀਆਂ ਨੂੰ ਜਲ ਪਰਵਾਹ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਉਸ ਤੋਂ ਨਿਰਧਾਰਤ ਦੂਰੀ ਦੇ ਅੰਦਰ ਉਸ ਪਾਣੀ ਦੀ ਵਰਤੋਂ ਨਾ ਹੁੰਦੀ ਹੋਵੇ। ਕੈਲਡਨ ਵਿੱਚ ਅਜਿਹੀਆਂ ਦੋ ਥਾਵਾਂ ਤੇ ਇਸ ਸਬੰਧੀ ਬੋਰਡ ਵੀ ਲਾਏ ਹੋਏ ਹਨ। ਉੱਥੇ ਐਸੋਸੀਏਸ਼ਂਨ ਦੁਆਰਾ ਪੌੜੀਆਂ, ਸ਼ੈੱਡ ਬਣਾਉਣ, ਬੈਂਚਾਂ ਦਾ ਪ੍ਰਬੰਧ ਕਰਨ ਅਤੇ ਪਾਰਕਿੰਗ ਲਈ ਕੀਤੀ ਮੰਗ ਦੇ ਜਵਾਬ ਵਿੱਚ ਕਿਹਾ ਕਿ ਇਹ ਸਭ ਕੁੱਝ ਜਲਦੀ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਮ ਪੀਜ਼ ਰਾਜ ਗਰੇਵਾਲ, ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ ਐਮ ਪੀ ਪੀਜ਼ ਹਰਿੰਦਰ ਮੱਲ੍ਹੀ, ਜਗਮੀਤ ਸਿੰਘ, ਅੰਮ੍ਰਿਤਾ ਮਾਂਗਟ, ਵਿੱਕ ਢਿੱਲੋਂ ਅਤੇ ਸਿਟੀ ਕੌਂਸਲਰਾਂ ਪੈਟ ਫੋਰਟੀਨੀ, ਗੁਰਪ੍ਰੀਤ ਢਿੱਲੋਂ ਤੋਂ ਬਿਨਾ ਰੀਜ਼ਨਲ ਕੌਂਸਲਰ ਜੌਹਨ ਸਪਰੋਵਿਰੀ ਨੇ ਸੀਨੀਅਰਜ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸ਼ਿਵਰਾਜ ਸੰਨੀ, ਸੁਖਮੰਦਰ ਰਾਮਪੁਰੀ, ਸੁਖਦੇਵ ਭਦੌੜ, ਬਲਜੀਤ ਬੈਂਸ, ਪਰਮਜੀਤ ਢਿੱਲੋਂ, ਮਕਸੂਦ ਚੌਧਰੀ, ਭਾਗੂ ਭਾਈ ਲੈਡ, ਚਰਨਜੀਤ ਕੋਰ ਢਿੱਲੋਂ ਅਤੇ ਰਣਬੀਰ ਕੋਰ ਵਿਰਕ ਨੇ ਆਪਣੇ ਗੀਤਾਂ ਰਾਹੀਂ ਪਰੋਗਰਾਮ ਨੂੰ ਅਤੀ ਰੌਚਕ ਬਣਾਈ ਰੱਖਿਆ। ਇਸ ਦੇ ਨਾਲ ਹੀ ਕੁਲਦੀਪ ਗਰੇਵਲ ਦੀ ਗਿੱਧਾ ਟੀਮ, ਸੁਖਵਿੰਦਰ ਪੁੰਨੀ ਦੀ ਬੱਚੀਆਂ ਦੀ ਗਿੱਧਾ ਟੀਮ, ਦੀਪਾ ਪਟੇਲ ਦੀ ਗੁਜਰਾਤੀ ਲੋਕ-ਨਾਚ ਅਤੇ ਬਲਰਾਜ ਬੁੱਟਰ ਦੀ ਜਾਗੋ ਟੀਮ ਅਤੇ ਨਿਰਮਲ ਸੰਧੂ ਦੀ ਭੰਡਾਂ ਦੀ ਟੀਮ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਐਸੋਸੀਏਸ਼ਨ ਵਲੋਂ ਇਨ੍ਹਾਂ ਨੂੰ ਸਨਮਾਨ ਪੱਤਰ ਦਿੱਤੇ ਗਏ।
ਬਰਗੇਡੀਅਰ ਨਵਾਬ ਸਿੰਘ ਹੀਰ, ਜੋਤਵਿੰਦਰ ਸੋਢੀ, ਪ੍ਰਿਤਪਾਲ ਸਿੰਘ ਚੱਗਰ, ਵਕੀਲ ਵਿਪਨ ਮਰਹੋਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਐਸੋਸੀਏਸ਼ਨ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ। ਸਰੋਕਾਰਾਂ ਦੀ ਆਵਾਜ ਦੇ ਹਰਬੰਸ ਸਿੰਘ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਅਸੀਂ ਵੀ ਬਰਾਬਰ ਦਾ ਟੈਕਸ ਦਿੰਦੇ ਹਾਂ ਪਰ ਸਾਊਥ ਏਸ਼ੀਅਨ ਬਹੁਲਤਾ ਵਾਲੇ ਇਲਾਕਿਆਂ ਵਿੱਚ ਸਹੂਲਤਾਂ ਵਿੱਚ ਵਿਤਕਰਾ ਸਪਸ਼ਟ ਦਿਖਾਈ ਦਿੰਦਾ ਹੈ। ਉਸ ਨੇ ਰਾਇ ਦਿੱਤੀ ਕਿ ਸਾਨੂੰ ਚਾਪਲੂਸੀ ਕਰਨ ਦੀ ਥਾਂ ਲੀਡਰਾਂ ਨੂੰ ਸਚਾਈ ਦਿਖਾ ਕੇ ਇਹ ਵਿਤਕਰਾ ਦੂਰ ਕਰਨ ਲਈ ਯਤਨਾਂ ਦੀ ਲੋੜ ਹੈ। ਡਾ: ਬਲਵੀਰ ਸੋਹੀ ਵਲੋਂ ਦੰਦਾਂ ਦੀ ਸੰਭਾਲ ਲਈ ਜਾਣਕਾਰੀ ਦਿੱਤੀ ਗਈ। ਬਹੁਤ ਸਾਰੇ ਬੁਲਾਰਿਆਂ ਨੂੰ ਸਮੇਂ ਦੀ ਘਾਟ ਕਾਰਣ ਸਮਾਂ ਨਹੀਂ ਮਿਲ ਸਕਿਆ। ਇਹਨਾਂ ਵਿੱਚ ਤਰਕਸ਼ੀਲ ਆਗੂ ਬਲਰਾਜ ਛੋਕਰ, ਡਾ: ਬਲਜਿੰਦਰ ਸੇਖੋਂ,ਪੂਰਨ ਸਿੰਘ ਪਾਂਧੀ, ਬਲਦੇਵ ਰਹਿਪਾ, ਕਿਰਪਾਲ ਸਿੰਘ ਪੰਨੂ, ਪਿੰ: ਬਲਕਾਰ ਸਿੰਘ ਬਾਜਵਾ, ਤਲਵਿੰਦਰ ਮੰਡ, ਮਲੂਕ ਕਾਹਲੋਂ, ਡਾ: ਸੁਖਦੇਵ ਝੰਡ, ਸ਼ੰਭੂ ਦੱਤ ਸ਼ਰਮਾ, ਰਾਜਿੰਦਰ ਸੈਣੀ, ਨਾਹਰ ਔਜਲਾ, ਪ੍ਰਿੰ: ਰਾਮ ਸਿੰਘ ਕੁਲਾਰ ਅਤੇ ਪ੍ਰਿੰ: ਸਰਵਣ ਸਿੰਘ ਆਦਿ ਸ਼ਾਮਲ ਸਨ।
ਐਸੋਸੀਏਸ਼ਨ ਵਲੋਂ ਇਸ ਬਹੁਤ ਭਾਰੀ ਇਕੱਠ ਵਿੱਚ ਜੋਗਿੰਦਰ ਸਿੰਘ ਗਰੇਵਾਲ ਨੂੰ ਉਹਨਾਂ ਵਲੋਂ ਜ਼ਿੰਦਗੀ ਭਰ ਲੋਕਾਂ ਵਾਸਤੇ ਕੀਤੀ ਜਦੋ-ਜਹਿਦ ਲਈ ਅਤੇ ਸਮਾਜ ਅਤੇ ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਮੁੱਖ ਰੱਖ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਲੋਕਾਂ ਨੇ ਇਸ ਦਾ ਤਾੜੀਆਂ ਮਾਰ ਕੇ ਸੁਆਗਤ ਕੀਤਾ। ਜੋਗਿੰਦਰ ਸਿੰਘ ਗਰੇਵਾਲ ਨੇ ਸੰਖੇਪ ਸ਼ਬਦਾਂ ਵਿੱਚ ਇਸ ਸਨਮਾਨ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਇਹਨਾਂ ਤੋਂ ਬਿਨਾਂ ਜੀ ਐਚ ਫੋਗਲ ਫਿਊਨਰਲ ਹੋਮ ਦੇ ਮਿ: ਗਰਾਇਮੀ ਨੂੰ ਵਧੀਆ ਅਤੇ ਸਸਤੀਆਂ ਸੇਵਾਵਾਂ ਦੇਣ ਲਈ ਸਨਮਾਨਤ ਕੀਤਾ ਗਿਆ। ਜੰਗੀਰ ਸਿੰਘ ਸੈਂਭੀ ਨੂੰ ਇਸ ਪਰੋਗਰਾਮ ਦੀ ਸਫਲਤਾ ਲਈ ਕੀਤੇ ਵਿਸ਼ੇਸ਼ ਉੱਦਮ ਅਤੇ ਹਰਜੀਤ ਬੇਦੀ ਨੂੰ ਐਸੋਸੀਏਸ਼ਨ ਤੇ ਹੋਰ ਅਜਿਹੀਆਂ ਸੰਸਥਾਵਾਂ ਲਈ ਵਾਲੰਟੀਅਰ ਤੌਰ ਤੇ ਕੰਮ ਕਰਨ ਬਦਲੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸੁਰਿੰਦਰ ਸੰਧੂ ਅਤੇ ਸੁਰਜੀਤ ਸਹੋਤਾ ਵਲੋਂ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ ਦੇ ਸੁਰਜੀਤ ਖੋਟੇ ਵਲੋਂ ਪੁਸਤਕ ਪ੍ਰਦਰਸ਼ਨੀ ਲਾਈ ਗਈ। ਫੋਗਲ ਫਿਉਨਰਲ ਹੋਮ ਵਲੋਂ ਲਾਏ ਸਟਾਲ ਤੇ ਮੌਕੇ ਤੇ ਹੀ ਕਈ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ। ਕਾਂਤਾ ਵਰਮਾ ਨਾਮੀ ਇੱਕ ਔਰਤ ਨੇ ਸਾਰੀ ਰਾਸ਼ੀ ਹੀ ਐਡਵਾਂਸ ਜਮ੍ਹਾ ਕਰਵਾ ਦਿੱਤੀ ਤਾਂ ਕਿ ਵਧਣ ਵਾਲੇ ਰੇਟਾਂ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਡਾ: ਬਲਵੀਰ ਸੋਹੀ ਵਲੋਂ ਦੰਦਾ ਦੀ ਸੰਭਾਲ ਦੀ ਜਾਣਕਾਰੀ ਅਤੇ ਨਵੀ ਔਜਲਾ ਵਲੋਂ ਅਵੇਅਰਨੈੱਸ ਲਈ ਸਟਾਲ ਲਾਏ ਗਏ। ਸਰੋਕਾਰਾਂ ਦੀ ਆਵਾਜ਼ ਦੇ ਦਵਿੰਦਰ ਤੂਰ ਵਲੋਂ ਫੋਟੋਗਰਾਫੀ ਅਤੇ ਪੰਜਾਬੀ ਚੈਨਲ ਅਤੇ ਹਮਦਰਦ ਟੀ ਵੀ ਵਲੋਂ ਵੀ ਕਵਰੇਜ ਕੀਤੀ ਗਈ।
ਐਸੋਸੀਏਸ਼ਨ ਵਲੋਂ ਬਹੁਤ ਸਾਰੀਆਂ ਸੰਸਥਾਵਾਂ ਜਿਹਨਾਂ ਵਿੱਚ ਤਰਕਸੀਲ ਸੁਸਾਇਟੀ, ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਪਰਵਾਸੀ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ, ਬਰਨਾਲਾ ਫੈਮਲੀਜ਼ ਐਸੋਸੀਏਸ਼ਨ, ਅਦਾਰਾ ਸਰੋਕਾਰਾਂ ਦੀ ਆਵਾਜ਼, ਚੇਤਨਾ ਕਲਚਰਲ ਕਲੱਬ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਅੰਤ ਵਿੱਚ ਐਸੋਸੀਏਸ਼ਨ ਵਲੋਂ ਸਮੁੱਚੇ ਮੀਡੀਆ ਅਤੇ ਪਰੀਤਮ ਸਰਾਂ, ਬਲਵਿੰਦਰ ਬਰਾੜ, ਕਰਤਾਰ ਚਾਹਲ, ਜੋਗਿੰਦਰ ਪੱਡਾ, ਵਿਸਾਖਾ ਸਿੰਘ, ਦੇਵ ਸੂਦ, ਅਮਰਜੀਤ ਸਿੰਘ, ਬਖਸ਼ੀਸ਼ ਸਿੰਘ ਗਿੱਲ, ਸ਼ਿਵਦੇਵ ਰਾਏ, ਹਰਦਿਆਲ ਸੰਧੂ, ਇੰਦਰਜੀਤ ਗਰੇਵਾਲ, ਬੰਤ ਸਿੰਘ ਰਾਊ ਅਤੇ ਸਾਥੀ ਵਾਲੰਟੀਅਰਾਂ ਦਾ ਉਹਨਾਂ ਦੇ ਸਹਿਯੋਗ ਲਈ ਅਤੇ ਸਮੂਹ ਲੋਕਾਂ ਦਾ ਪ੍ਰੋਗਰਾਮ ਨੂੰ ਬਹੁਤ ਵੱਡਾ ਹੁੰਗਾਰਾ ਦੇਣ ਲਈ ਧੰਨਵਾਦ ਕੀਤਾ ਗਿਆ। ਕੁੱਝ ਮਾਮੂਲੀ ਕਮੀਆਂ ਦੇ ਬਾਵਜੂਦ ਪ੍ਰੋਗਰਾਮ ਬਹੁਤ ਹੀ ਸਫਲਤਾ ਨਾਲ ਸਿਰੇ ਚੜ੍ਹਿਆ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …