Breaking News
Home / ਹਫ਼ਤਾਵਾਰੀ ਫੇਰੀ / ਢੱਡਰੀਆਂ ਵਾਲੇ ਦਾ ਮਾਮਲਾ ਭਖਿਆ

ਢੱਡਰੀਆਂ ਵਾਲੇ ਦਾ ਮਾਮਲਾ ਭਖਿਆ

ਮੈਂ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗਾ : ਰਣਜੀਤ ਸਿੰਘ ਢੱਡਰੀਆਂ ਵਾਲਾ
ਪਟਿਆਲਾ/ਬਿਊਰੋ ਨਿਊਜ਼ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਦਿਆਂ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਨਹੀਂ ਹੋਣਗੇ, ਸਗੋਂ ਸੱਚ ਲਈ ਪਹਿਰੇਦਾਰੀ ਕਰਦੇ ਰਹਿਣਗੇ। ਉਨ੍ਹਾਂ ਗੁਰਦੁਆਰਾ ਸ੍ਰੀ ਪਰਮੇਸ਼ਰ ਦੁਆਰ ਸੇਖੂਪੁਰਾ ਵਿਚ ਕਰਵਾਏ ਕੀਰਤਨ ਸਮਾਗਮ ਦੌਰਾਨ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਸਿਸਟਮ ‘ਤੇ ਕਿੰਤੂ-ਪ੍ਰੰਤੂ ਕੀਤਾ, ਉੱਥੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਰਹਿਤ ਮਰਿਆਦਾ ਸਮੇਤ ਹੋਰ ਕਈ ਮਸਲਿਆਂ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ।
ਦੱਸਣਯੋਗ ਹੈ ਕਿ ਭਾਈ ਢੱਡਰੀਆਂ ਵਾਲੇ ‘ਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਦੌਰਾਨ ਪੰਥਕ ਸਿਧਾਂਤਾਂ ਦੇ ਉਲਟ ਭੁਗਤਣ ਦੇ ਕਥਿਤ ਦੋਸ਼ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਮਲੇ ਦੇ ਹੱਲ ਲਈ ਪੰਜ ਮੈਂਬਰੀ ਪੜਤਾਲੀਆ ਕਮੇਟੀ ਕਾਇਮ ਕੀਤੀ ਗਈ ਸੀ। ਇਸ ਕਮੇਟੀ ਨੇ ਪਹਿਲਾਂ ਭਾਈ ਢੱਡਰੀਆਂ ਵਾਲੇ ਨੂੰ ਆਪਣਾ ਪੱਖ ਰੱਖਣ ਲਈ 22 ਦਸੰਬਰ ਨੂੰ ਪਟਿਆਲਾ ‘ਚ ਸੱਦਿਆ ਸੀ ਪਰ ਉਸ ਦਿਨ ਉਨ੍ਹਾਂ ਦੇ ਵਿਦੇਸ਼ ਗਏ ਹੋਣ ਕਰਕੇ ਕਮੇਟੀ ਨੇ 5 ਜਨਵਰੀ ਤੱਕ ਉਨ੍ਹਾਂ ਨੂੰ ਆਪਣੀ ਉਪਲੱਬਧਤਾ ਖ਼ੁਦ ਦੱਸਣ ਲਈ ਕਿਹਾ ਸੀ ਤਾਂ ਕਿ ਉਹ ਕਮੇਟੀ ਨਾਲ ਰਾਬਤਾ ਰੱਖ ਕੇ ਆਪਣਾ ਪੱਖ ਸਪੱਸ਼ਟ ਕਰ ਸਕਣ। ਮਗਰੋਂ ਪੜਤਾਲੀਆ ਕਮੇਟੀ ਨਾਲ ਭਾਈ ਢੱਡਰੀਆਂ ਵੱਲੋਂ ਕੋਈ ਰਾਬਤਾ ਨਾ ਬਣਾਏ ਜਾਣ ਦੌਰਾਨ ਮਾਮਲਾ ਪੇਚੀਦਾ ਬਣਦਾ ਨਜ਼ਰ ਆ ਰਿਹਾ ਸੀ ਤੇ ਅਖ਼ੀਰ ਲੰਘੇ ਦਿਨ ਭਾਈ ਢੱਡਰੀਆਂ ਵਾਲੇ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਗੋਡੇ ਟੇਕਣ ਲਈ ਰਜ਼ਾਮੰਦ ਨਹੀਂ ਹਨ। ਇਸ ਦੌਰਾਨ ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਸਿਸਟਮ ‘ਤੇ ਕਿੰਤੂ-ਪ੍ਰੰਤੂ ਕੀਤਾ ਸੀ। ਉਨ੍ਹਾਂ ਸ਼ਿਕਵਾ ਕੀਤਾ ਸੀ ਕਿ ਅਕਾਲ ਤਖ਼ਤ ਸਾਹਿਬ ਹਾਲੇ ਤਕ ਸਾਰੇ ਗੁਰਦੁਆਰਿਆਂ ‘ਚ ਇਕ ਰਹਿਤ ਮਰਿਆਦਾ ਲਾਗੂ ਨਹੀਂ ਕਰਵਾ ਸਕਿਆ।
ਅਕਾਲ ਤਖਤ ਸਾਹਿਬ ਹਮੇਸ਼ਾ ਹੀ ਰਹੇਗਾ ਮਹਾਨ : ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ : ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਲਗਾਏ ਜਾ ਰਹੇ ਆਰੋਪਾਂ ਦਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਢੱਡਰੀਆਂ ਵਾਲਿਆਂ ਨੂੰ ਜੇਕਰ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਜਾਂ ਸਿਸਟਮ ਵਿਚ ਕੋਈ ਕਮੀ ਲੱਗਦੀ ਹੈ ਤਾਂ ਉਨ੍ਹਾਂ ਨੂੰ ਇਸ ਸਬੰਧੀ ਸੁਝਾਅ ਦੇਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਕੋਈ ਕਿੜਾਂ ਕੱਢਣ ਲਈ ਨਹੀਂ ਬਣਿਆ ਅਤੇ ਜੇ ਕੋਈ ਅਕਾਲ ਤਖਤ ਸਾਹਿਬ ‘ਤੇ ਪੇਸ਼ ਨਹੀਂ ਹੁੰਦਾ ਤਾਂ ਇਸ ਨਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਹਮੇਸ਼ਾ ਹੀ ਮਹਾਨ ਰਹੇਗਾ। ਢੱਡਰੀਆਂ ਵਾਲੇ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਇਮਾਰਤ ਦੱਸਣ ‘ਤੇ ਵੀ ਜਥੇਦਾਰ ਨੇ ਸਖਤ ਇਤਰਾਜ਼ ਕਰਦਿਆਂ ਕਿਹਾ ਕਿ ਸਾਜਿਸ਼ ਤਹਿਤ ਹੀ ਹਰਿਮੰਦਰ ਸਾਹਿਬ ਨੂੰ ਇਮਾਰਤ ਦੱਸਿਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਢੱਡਰੀਆਂ ਵਾਲਿਆਂ ਦੇ ਮਾਮਲੇ ਸਬੰਧੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਤਾਂ ਜੋ ਗੱਲਬਾਤ ਕਰਕੇ ਮਾਮਲੇ ਦਾ ਹੱਲ ਕੀਤਾ ਜਾ ਸਕੇ।
ਪੰਜ ਮੈਂਬਰੀ ਕਮੇਟੀ ਨੇ ਪੱਖ ਪੇਸ਼ ਕਰਨ ਲਈ ਢੱਡਰੀਆਂ ਵਾਲੇ ਨੂੰ ਦਿੱਤਾ ਮੁੜ ਮਹੀਨੇ ਦਾ ਸਮਾਂ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਚੱਲ ਰਹੇ ਵਿਵਾਦ ਦੇ ਮਾਮਲੇ ਵਿਚ ਉਸ ਨੂੰ ਮੁੜ ਇਕ ਮਹੀਨੇ ਦਾ ਸਮਾਂ ਦਿੰਦਿਆਂ ਆਪਣੀ ਸੁਵਿਧਾ ਮੁਤਾਬਕ ਦਿਨ ਅਤੇ ਸਮਾਂ ਤੈਅ ਕਰ ਕੇ ਸਬ-ਕਮੇਟੀ ਨਾਲ ਸੰਪਰਕ ਕਰਨ ਲਈ ਆਖਿਆ ਹੈ। ਇਸ ਸਬੰਧੀ ਬਣਾਈ ਗਈ ਸਬ-ਕਮੇਟੀ ਦੇ ਕੋਆਰਡੀਨੇਟਰ ਡਾ. ਚਮਕੌਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ 3 ਫਰਵਰੀ ਸੋਮਵਾਰ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਇਹ ਪੱਤਰ ਉਨ੍ਹਾਂ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਸ਼ੇਖੂਪੁਰਾ ਸਥਿਤ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਪਤੇ ‘ਤੇ ਭੇਜਿਆ ਗਿਆ ਹੈ। ਪੱਤਰ ਵਿਚ ਉਨ੍ਹਾਂ ਨੂੰ ਲਿਖਿਆ ਗਿਆ ਹੈ ਕਿ ਉਹ ਆਪਣੀ ਸੁਵਿਧਾ ਮੁਤਾਬਕ ਦਿਨ ਅਤੇ ਸਮਾਂ ਤੈਅ ਕਰ ਕੇ ਇਕ ਮਹੀਨੇ ਦੇ ਅੰਦਰ ਸੂਚਨਾ ਭੇਜਣ ਤਾਂ ਜੋ ਪਟਿਆਲਾ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਿਵਾਦਤ ਮਾਮਲੇ ਬਾਰੇ ਵਿਚਾਰ ਚਰਚਾ ਕੀਤੀ ਜਾ ਸਕੇ। ਉਨ੍ਹਾਂ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜ ਵਿਦਵਾਨਾਂ ਦੀ ਬਣਾਈ ਸਬ-ਕਮੇਟੀ ਨੇ ਦੋ ਫਰਵਰੀ ਨੂੰ ਮੀਟਿੰਗ ਕੀਤੀ ਹੈ ਅਤੇ ਇਹ ਕਮੇਟੀ ਨਿਵੇਕਲੇ ਰੂਪ ਵਿਚ ਬੈਠ ਕੇ ਸਾਰਥਕ ਵਿਚਾਰ-ਵਟਾਂਦਰਾ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਬ-ਕਮੇਟੀ ਵੱਲੋਂ ਪਹਿਲਾਂ 22 ਦਸੰਬਰ ਨੂੰ ਮੀਟਿੰਗ ਰੱਖੀ ਗਈ ਸੀ ਪਰ ਉਹ ਹਾਜ਼ਰ ਨਹੀਂ ਹੋਏ। ਮੁੜ ਪੰਜ ਜਨਵਰੀ ਨੂੰ ਮੀਟਿੰਗ ਰੱਖੀ ਗਈ ਸੀ ਪਰ ਉਸ ਵੱਲੋਂ ਕੋਈ ਸੂਚਨਾ ਨਹੀਂ ਦਿੱਤੀ ਗਈ। ਹੁਣ ਤੀਜੀ ਵਾਰ ਸਬ-ਕਮੇਟੀ ਮੈਂਬਰਾਂ ਨੇ ਲੁਧਿਆਣਾ ਵਿਚ ਦੋ ਫਰਵਰੀ ਨੂੰ ਵਿਚਾਰ ਚਰਚਾ ਕੀਤੀ ਹੈ। ਸਬ-ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਹੁਣ ਤਕ ਇਸ ਮਾਮਲੇ ਵਿਚ ਭਾਈ ਢੱਡਰੀਆਂ ਵਾਲਾ ਵੱਲੋਂ ਕੋਈ ਹਾਂ- ਪੱਖੀ ਹੁੰਗਾਰਾ ਨਹੀਂ ਮਿਲਿਆ ਪਰ ਇਸ ਦੇ ਬਾਵਜੂਦ ਸਬ-ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਇਸ ਮਾਮਲੇ ਸਬੰਧੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਣ ਤੋਂ ਪਹਿਲਾਂ ਉਸ ਨੂੰ ਵਿਚਾਰ-ਚਰਚਾ ਲਈ ਮੁਲਾਕਾਤ ਕਰਨ ਦਾ ਇਕ ਹੋਰ ਮੌਕਾ ਦਿੱਤਾ ਜਾਵੇ, ਜਿਸ ਤਹਿਤ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਵਾਰ ਉਸ ਨੂੰ ਆਪਣੀ ਸਹੂਲਤ ਮੁਤਾਬਕ ਦਿਨ ਅਤੇ ਸਮਾਂ ਤੈਅ ਕਰ ਕੇ ਸਬ-ਕਮੇਟੀ ਨਾਲ ਵਿਚਾਰ ਕਰਨ ਲਈ ਸੰਪਰਕ ਕਰਨ ਲਈ ਆਖਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਇੰਗਲੈਂਡ ਸਮੇਤ ਵੱਖ-ਵੱਖ ਮੁਲਕਾਂ ਦੇ ਸਿੱਖ ਪ੍ਰਚਾਰਕਾਂ ਵੱਲੋਂ ਢੱਡਰੀਆਂ ਵਾਲੇ ਖਿਲਾਫ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਸ ਮਾਮਲੇ ਨੂੰ ਵਿਚਾਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ।

ਡੇਰਾ ਮੁਖੀ ਨੂੰ ਮੁਆਫੀ ਦੇਣ ਵੇતતਲੇ ਕਮੇਟੀ ਕਿਉਂ ਨਹੀਂ ਬਣਾਈ
ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਜਿਹੜੀਆਂ ਧਮਕੀਆਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਪਿੱਛੇ ਸ਼੍ਰੋਮਣੀ ਕਮੇਟੀ ਦੀ ਸ਼ਹਿ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੀ ਗਈ ਸੀ, ਉਸ ਸਮੇਂ ਕਮੇਟੀ ਕਿਉਂ ਨਹੀਂ ਬਣਾਈ ਗਈ। ਢੱਡਰੀਆਂ ਵਾਲੇ ਨੇ ਫਿਰ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਪੰਜ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …