ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿੱਪ ਤੇ ਇਮੀਗ੍ਰੇਸ਼ਨ ਸਰਵਿਸਜ਼ ਨੇ ਅਮਰੀਕੀ ਨਾਗਰਿਕਤਾ ਲੈਣ ਸਬੰਧੀ ਟੈਸਟ ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਅਮਰੀਕੀ ਨਾਗਰਿਕਤਾ ਲੈਣੀ ਔਖੀ ਹੋ ਜਾਵੇਗੀ। ਅਮਰੀਕੀ ਨਾਗਰਿਕਤਾ ਲੈਣ ਲਈ ਇਹ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਦਸੰਬਰ 2020 ਜਾਂ 2021 ਦੇ ਸ਼ੁਰੂ ਵਿਚ ਟੈਸਟ ਲਾਗੂ ਕਰਨ ਤੋਂ ਪਹਿਲਾਂ ਇਸ ਦਾ ਵੱਡੀ ਪੱਧਰ ‘ਤੇ ਅਧਿਐਨ ਕੀਤਾ ਜਾਵੇਗਾ। ਇਸ ਦੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਘੋਖਿਆ ਜਾਵੇਗਾ। ਪਰਵਾਸੀ ਅਧਿਕਾਰਾਂ ਸਬੰਧੀ ਕਾਰਕੁੰਨਾਂ ਨੇ ਇਸ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹਾ ਹੋਣ ਨਾਲ ਬਹੁਤ ਸਾਰੇ ਪਰਵਾਸੀ ਅਮਰੀਕੀ ਨਾਗਰਿਕਤਾ ਲੈਣ ਤੋਂ ਵਾਂਝੇ ਹੋ ਜਾਣਗੇ। ‘ਏਸ਼ੀਅਨ ਪੈਸੀਫ਼ਿਕ ਪਾਲਸੀ ਐਂਡ ਪਲੈਨਿੰਗ ਕੌਂਸਲ’ ਦੇ ਕਾਰਜਕਾਰੀ ਡਾਇਰਕੈਟਰ ਮੰਜੂ ਕੁਲਕਰਨੀ ਨੇ ਕਿਹਾ ਕਿ ਬਿਨਾ ਸ਼ੱਕ ਟਰੰਪ ਪ੍ਰਸ਼ਾਸਨ ਲੋਕਾਂ ਲਈ ਅਮਰੀਕਾ ਆਉਣ ਤੇ ਅਮਰੀਕਾ ਆ ਕੇ ਇਥੋਂ ਦੀ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਨੂੰ ਸਖ਼ਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਇਹ ਕਦਮ ਪਰਵਾਸੀਆਂ ‘ਤੇ ਨਿਰੰਤਰ ਹਮਲਿਆਂ ਦੀ ਨੀਤੀ ਦਾ ਹੀ ਹਿੱਸਾ ਹੈ। ਕੁਲਕਰਨੀ ਨੇ ਇਸ ਸਬੰਧ ਵਿਚ ਟਰੰਪ ਵਲੋਂ ਕੀਤੇ ਤਾਜ਼ਾ ਟਵੀਟ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ਵਿਚ ਉਸ ਨੇ 4 ਨਵੇਂ ਡੈਮੋਟਕ੍ਰੇਟਿਕ ਕਾਂਗਰਸ ਮੈਂਬਰਾਂ ਨੂੰ ਉਥੇ ਵਾਪਸ ਜਾਣ ਲਈ ਕਿਹਾ ਹੈ, ਜਿਥੋਂ ਉਹ ਆਏ ਹਨ। ਟਰੰਪ ਨੇ ਕਿਹਾ ਹੈ ਕਿ ਉਥੇ ਉਨ੍ਹਾਂ ਦੀ ਵਧੇਰੇ ਲੋੜ ਹੈ। ਇਨ੍ਹਾਂ ਵਿਚੋਂ ਤਿੰਨ ਕਾਂਗਰਸ ਮੈਂਬਰ ਅਮਰੀਕਾ ਵਿਚ ਹੀ ਜੰਮੇ ਤੇ ਵੱਡੇ ਹੋਏ ਹਨ ਜਦ ਕਿ ਇਕ ਸੋਮਾਲੀਆ ਵਿਚ ਜੰਮਿਆ ਸੀ ਤੇ 12 ਸਾਲ ਦੀ ਉਮਰ ‘ਚ ਉਹ ਅਮਰੀਕਾ ਆ ਗਿਆ ਸੀ। ਕੁਲਕਰਨੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਾਡਾ ਦੇਸ਼ ਹੈ। ਇਹ ਦਿਲ ਤੋੜ ਦੇਣ ਵਾਲਾ ਵਰਤਾਰਾ ਹੈ ਕਿ ਪ੍ਰਸ਼ਾਸਨ ਤੁਹਾਡੇ ਖਿਲਾਫ਼ ਹੈ ਤੇ ਉਹ ਕਹਿ ਰਿਹਾ ਹੈ ਕਿ ਤੁਹਾਡੀ ਇਥੇ ਲੋੜ ਨਹੀਂ ਹੈ। ਕੋਈ ਦਹਾਕੇ ਤੋਂ ਵੀ ਵਧ ਸਮੇਂ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਨਾਗਰਿਕਤਾ ਟੈਸਟ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਟੈਸਟ ਪਾਸ ਕਰਨ ਲਈ ਸੰਭਾਵੀ ਸ਼ਹਿਰੀ ਨੂੰ 10 ਵਿਚੋਂ 6 ਪ੍ਰਸ਼ਨਾਂ ਦੇ ਜਵਾਬ ਦੇਣੇ ਪੈਣਗੇ। ਇਹ 10 ਸਵਾਲ ਕੁੱਲ 100 ਸਵਾਲਾਂ ਵਿਚੋਂ ਪੁੱਛੇ ਜਾਣਗੇ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …