Breaking News
Home / ਹਫ਼ਤਾਵਾਰੀ ਫੇਰੀ / 23 ਪੰਜਾਬਣਾਂ ਚੋਣ ਮੈਦਾਨ ਵਿਚ

23 ਪੰਜਾਬਣਾਂ ਚੋਣ ਮੈਦਾਨ ਵਿਚ

ਬਰੈਂਪਟਨ ਸਾਊਥ ਅਤੇ ਕੈਲਗਰੀ ਸਕਾਈਵਿਊ ਸੀਟ ‘ਤੇ ਪੰਜਾਬੀ ਉਮੀਦਵਾਰਾਂ’ਚ ਸਖਤ ਟੱਕਰ
ਟੋਰਾਂਟੋ, ਜਲੰਧਰ/ਬਿਊਰੋ ਨਿਊਜ਼ : ਕੈਨੇਡਾ ਵਿਚ 44ਵੇਂ ਹਾਊਸ ਆਫ ਕਾਮਨਜ਼ ਲਈ ਚੋਣਾਂ 20 ਸਤੰਬਰ ਨੂੰ ਹੋ ਰਹੀਆਂ ਹਨ ਅਤੇ 338 ਸੀਟਾਂ ‘ਤੇ ਵੋਟਿੰਗ ਹੋਣੀ ਹੈ। ਧਿਆਨ ਰਹੇ ਇਨ੍ਹਾਂ ਚੋਣਾਂ ਦੇ ਨਤੀਜੇ ਵੀ ਉਸੇ ਦਿਨ ਹੀ ਆ ਜਾਣੇ ਹਨ। ਜਸਟਿਨ ਟਰੂਡੋ ਸਰਕਾਰ ਨੇ 15 ਅਗਸਤ 2021 ਨੂੰ ਹਾਊਸ ਆਫ ਕਾਮਨਜ਼ ਨੂੰ ਭੰਗ ਕਰ ਦਿੱਤਾ ਸੀ। ਕੈਨੇਡਾ ਚੋਣਾਂ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੈ ਕਿ ਪੰਜਾਬੀ ਮੂਲ ਦੀਆਂ 23 ਮਹਿਲਾ ਉਮੀਦਵਾਰ ਵੱਖ-ਵੱਖ ਸੀਟਾਂ ਤੋਂ ਚੋਣ ਮੈਦਾਨ ਵਿਚ ਹਨ ਅਤੇ ਪੰਜਾਬੀ ਉਮੀਦਵਾਰ ਖੂਬ ਚਰਚਾ ਵਿਚ ਵੀ ਹਨ। ਇਨ੍ਹਾਂ ਵਿਚੋਂ 7 ਮਹਿਲਾ ਉਮੀਦਵਾਰ ਪਿਛਲੀਆਂ ਚੋਣਾਂ ਵਿਚ ਵੀ ਸੰਸਦ ਮੈਂਬਰ ਰਹਿ ਚੁੱਕੀਆਂ ਹਨ ਅਤੇ ਉਹ ਦੂਜੀ ਵਾਰ ਵੀ ਚੋਣਾਂ ਲੜ ਰਹੀਆਂ ਹਨ। ਕੈਲਗਰੀ ਸਕਾਈਵਿਊ ਸੀਟ ‘ਤੇ ਪੰਜਾਬ ਦੇ ਚਾਰ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੈ। ਇਥੋਂ ਜਗਦੀਪ ਕੌਰ ਜਗ ਸਹੋਤਾ (ਕੰਸਰਵੇਟਿਵ), ਜਾਰਜ ਚਾਹਲ (ਲਿਬਰਲ), ਗੁਰਿੰਦਰ ਸਿੰਘ ਗਿੱਲ (ਐਨਡੀਪੀ) ਅਤੇ ਹੈਰੀ ਢਿੱਲੋਂ (ਪੀਪਲਜ਼ ਪਾਰਟੀ ਆਫ ਕੈਨੇਡਾ) ਉਮੀਦਵਾਰ ਹਨ। ਇਸੇ ਤਰ੍ਹਾਂ ਬਰੈਂਪਟਨ ਸਾਊਥ ‘ਤੇ ਵੀ ਤਿਕੋਣਾ ਮੁਕਾਬਲਾ ਹੈ। ਇਥੋਂ ਰਮਨਦੀਪ ਸਿੰਘ ਬਰਾੜ (ਕੰਸਰਵੇਟਿਵ), ਤਜਿੰਦਰ ਸਿੰਘ (ਐਨਡੀਪੀ) ਅਤੇ ਸੋਨੀਆ ਸਿੱਧੂ (ਲਿਬਰਲ ਪਾਰਟੀ) ਮੈਦਾਨ ਵਿਚ ਹੈ। ਇਸ ਵਾਰ ਕੁੱਲ 29 ਸੰਸਦ ਮੈਂਬਰ ਚੋਣ ਨਹੀਂ ਲੜ ਰਹੇ। ਇਨ੍ਹਾਂ ਵਿਚ ਕੈਬਨਿਟ ਮੰਤਰੀ ਰਹੇ ਪੰਜਾਬੀ ਮੂਲ ਦੇ ਨਵਦੀਪ ਬੈਂਸ, ਰਮੇਸ਼ ਸੰਘਾ ਅਤੇ ਗਗਨ ਸਿਕੰਦ ਵੀ ਸ਼ਾਮਲ ਹੈ। ਧਿਆਨ ਰਹੇ ਕਿ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਸਰਵੇਟਿਵ ਆਗੂ ਏਰਨ ਓਟੂਲ, ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਲਾਕ ਕਿਊਬਕੋਇਸ ਦੇ ਆਗੂ ਬੇਅਸ ਫਰੈਂਕੋਇਸ ਬੈਂਸਲੇਟ, ਗਰੀਨ ਪਾਰਟੀ ਦੇ ਆਗੂ ਅਨੇਮੀ ਪੌਲ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸੀਮ ਬਰਨੀਅਰ ਇਹ ਸਾਰੇ ਪ੍ਰਧਾਨ ਮੰਤਰੀ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਪੰਜਾਬੀ ਮੂਲ ਦੇ ਕੁੱਲ 47 ਉਮੀਦਵਾਰ ਚੋਣ ਮੈਦਾਨ ‘ਚ
ਕੈਨੇਡਾ ਵਿਚ 20 ਸਤੰਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿਚ ਇਸ ਵਾਰ ਪੰਜਾਬੀ ਮੂਲ ਦੇ ਕੁੱਲ 47 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ 23 ਮਹਿਲਾਵਾਂ ਅਤੇ 24 ਪੁਰਸ਼ ਉਮੀਦਵਾਰ ਸ਼ਾਮਲ ਹਨ।ਲਿਬਰਲ ਪਾਰਟੀ ਨੇ 17, ਕੰਸਰਵੇਟਿਵ ਨੇ 13, ਨਿਊ ਡੈਮੋਕਰੇਟਿਕ ਪਾਰਟੀ ਨੇ 10, ਪੀਪਲਜ਼ ਪਾਰਟੀ ਆਫ ਕੈਨੇਡਾ ਨੇ 5 ਅਤੇ ਗਰੀਨ ਪਾਰਟੀ ਨੇ 1 ਪੰਜਾਬੀ ਮੂਲ ਦੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਪਰਵੀਨ ਹੁੰਦਲ ਸਰੀ ਨਿਊਟਨ ਸੀਟ ਤੋਂ ਆਜ਼ਾਦ ਚੋਣ ਲੜ ਰਹੇ ਹਨ।
7 ਉਮੀਦਵਾਰ ਦੂਜੀ ਵਾਰ ਕਿਸਮਤ ਅਜਮਾਉਣਗੀਆਂ
ਕੈਨੇਡਾ ਦੇ 43ਵੇਂ ਹਾਊਸ ਆਫ ਕਾਮਨਜ਼ ਵਿਚ 7 ਪੰਜਾਬੀ ਮੂਲ ਦੀਆਂ ਮਹਿਲਾਵਾਂ ਸੰਸਦ ਮੈਂਬਰ ਬਣੀਆਂ ਸਨ। ਇਨ੍ਹਾਂ ਵਿਚੋਂ ਅਨੀਤਾ ਅਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜਗ ਸਹੋਤਾ, ਕਮਲ ਖਹਿਰਾ ਅਤੇ ਰੂਬੀ ਸਹੋਤਾ ਦਾ ਨਾਮ ਸ਼ਾਮਲ ਹੈ। ਇਹ ਉਮੀਦਵਾਰ ਇਸ ਵਾਰ ਫਿਰ ਚੋਣ ਮੈਦਾਨ ਵਿਚ ਹਨ।
ਕੌਣ ਕਿਥੋਂ ਤੇ ਕਿਸ ਪਾਰਟੀਦਾ ਉਮੀਦਵਾਰ
ਅਨੀਤਾ ਅਨੰਦ (ਲਿਬਰਲ) ਓਕਵਿਲੇ, ਬਰਦੀਸ਼ ਚੱਗਰ (ਲਿਬਰਲ) ਵਾਟਰਲੂ, ਅੰਜੂ ਢਿੱਲੋਂ (ਲਿਬਰਲ) ਲਾਸ਼ੀਨ ਲਾਸਾਲ, ਸਬਰੀਨਾ ਗਰੋਵਰ (ਲਿਬਰਲ) ਕੈਲਗਰੀ ਸੈਂਟਰ, ਸੋਨੀਆ ਸਿੱਧੂ (ਲਿਬਰਲ) ਬਰੈਂਪਟਨ ਸਾਊਥ, ਰੂਬੀ ਸਹੋਤਾ (ਲਿਬਰਲ) ਬਰੈਂਪਟਨ ਨਾਰਥ, ਕਮਲ ਖਹਿਰਾ (ਲਿਬਰਲ) ਬਰੈਂਪਟਨ ਬੈਸਟ, ਨਵਰੀਨ ਗਿੱਲ (ਲਿਬਰਲ) ਐਬਟਸਫੋਰਡ, ਲਖਵਿੰਦਰ ਝੱਜ (ਲਿਬਰਲ) ਸਕੀਨਾ ਬਲਕੀ ਵੈਲੀ, ਗੁਨੀਤ ਗਰੇਵਾਲ (ਲਿਬਰਲ) ਮਿਸ਼ਨ ਮਾਸ਼ਕੀ ਫਰੇਜਰ ਕੈਨਨ, ਜਗ ਸਹੋਤਾ (ਕੰਸਰਵੇਟਿਵ) ਕੈਲਗਰੀ ਸਕਾਈਵਿਊ, ਟੀਨਾ ਬੈਂਸ (ਕੰਸਰਵੇਟਿਵ) ਸਰੀ ਸੈਂਟਰ, ਮੇਘਾ ਜੋਸ਼ੀ (ਕੰਸਰਵੇਟਿਵ) ਬਰੈਂਪਟਨ ਨਾਰਥ, ਪ੍ਰੀਤੀ ਲਾਂਬਾ (ਕੰਸਰਵੇਟਿਵ) ਈਟੋਬੀਕੋ ਨਾਰਥ, ਇੰਦਰਾ ਬੈਂਸ (ਕੰਸਰਵੇਟਿਵ) ਈਟੋਬੀਕੋ ਲੇਕਸ਼ੋਰ, ਸੁੱਖੀ ਜੰਡੂ (ਕੰਸਰਵੇਟਿਵ) ਸਪੈਦਿਨਾ ਫੋਰਟ ਯਾਰਕ, ਜਸਵੀਨ ਰਤਨ (ਕੰਸਰਵੇਟਿਵ) ਮਿਸੀਸਾਗਾ ਸਟਰੀਟਵਿਲੇ, ਰਾਜਪ੍ਰੀਤ ਗਿੱਲ (ਐਨਡੀਪੀ) ਫਲੀਟਵੁਡ ਪੋਰਟਕੇਲਜ਼, ਗੁਰਪ੍ਰੀਤ ਗਿੱਲ (ਐਨਡੀਪੀ) ਬਰੈਂਪਟਨ ਵੈਸਟ, ਮਨਿੰਦਰਜੀਤ ਕੌਰ (ਐਨਡੀਪੀ) ਪੀਅਰਫੋਰਡਜ਼ ਡੋਲਾਰਡ, ਸਬੀਨਾ ਸਿੰਘ (ਐਨਡੀਪੀ) ਸੈਨਿਚ ਗਲਫ ਆਈਲੈਂਡ, ਤਜਿੰਦਰ ਸਿੰਘ (ਐਨਡੀਪੀ) ਬਰੈਂਪਟਨ ਸਾਊਥ, ਦਿਵਯਾਨੀ ਸਿੰਘ (ਗਰੀਨ ਪਾਰਟੀ) ਵੈਨਕੂਵਰ ਕਵਾਦਰਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …