ਹਮਲਾਵਰ ਨੇ ਕਿਹਾ ਆਪਣੇ ਦੇਸ਼ ਵਾਪਸ ਚਲੇ ਜਾਓ
ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਦੇ ਇੱਕ ਗੁਰਦੁਆਰੇ ਵਿੱਚ ਪਿਛਲੇ ਦਿਨੀਂ ਇੱਕ ਗ੍ਰੰਥੀ ‘ਤੇ ਕਥਿਤ ਤੌਰ ਉਤੇ ਹਮਲਾ ਕੀਤਾ ਗਿਆ। ਇਸ ਘਟਨਾ ਨੂੰ ਨਫਰਤੀ ਅਪਰਾਧ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਗ੍ਰੰਥੀ ਅਮਰਜੀਤ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇੱਕ ਘੁਸਪੈਠੀਆ ਗੁਰਦੁਆਰੇ ਦੇ ਗਲਿਆਰੇ ਵਿਚ ਬਣੇ ਉਸ ਮਕਾਨ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਅੰਦਰ ਆ ਵੜਿਆ ਤੇ ਉਸ ਨੂੰ ਮੁੱਕਾ ਮਾਰ ਕੇ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਅਤੇ ਗਾਲ੍ਹਾਂ ਕੱਢੀਆਂ। ਅਮਰਜੀਤ ਸਿੰਘ ‘ਮੋਡੈਸਟੋ ਸੇਰੇਸ’ ਸਥਿਤ ਗੁਰਦੁਆਰੇ ਵਿਚ ਗ੍ਰੰਥੀ ਹੈ। ਗ੍ਰੰਥੀ ਨੇ ਦੱਸਿਆ ਕਿ ਹਮਲਾਵਰ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਉਸ ਨੇ ਉਸ ਦੇ ਗਲੇ ‘ਤੇ ਮੁੱਕਾ ਮਾਰਿਆ। ਹਮਲਾਵਰ ਦੇ ਹੱਥ ਵਿਚ ਸ਼ੀਸ਼ਾ ਤੋੜਨ ਲਈ ਕੁਝ ਸੀ। ਮੋਡੈਸਟੋ ਸਿਟੀ ਕਾਊਂਸਲ ਤੇ ਗੁਰਦੁਆਰੇ ਦੇ ਮੈਂਬਰ ਮੈਨੀ ਗਰੇਵਾਲ ਨੇ ਇਸ ਨੂੰ ਨਫਰਤੀ ਅਪਰਾਧ ਦੱਸਿਆ ਹੈ।
ਉਨ੍ਹਾਂ ਇੱਕ ਵੀਡੀਓ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਹਮਲਾ ਨਫਰਤ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਪੁਲਿਸ ਨੇ ਕਿਹਾ ਕਿ ਇਸ ਨੂੰ ਨਫਰਤੀ ਅਪਰਾਧ ਕਹਿਣਾ ਜਲਦਬਾਜ਼ੀ ਹੋਵੇਗੀ। ਸੰਸਦ ਮੈਂਬਰ ਜੋਸ਼ ਹਾਰਡਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ‘ਇਸ ਔਖ ਦੀ ਘੜੀ ਵਿਚ ਮੈਂ ਸਿੱਖ ਭਾਈਚਾਰੇ ਦੇ ਨਾਲ ਹਾਂ। ਹਰ ਅਮਰੀਕੀ ਭਾਵੇਂ ਉਹ ਕਿਸੇ ਵੀ ਧਰਮ ਨੂੰ ਮੰਨਣਾ ਵਾਲਾ ਹੋਵੇ ਬਿਨਾ ਕਿਸੇ ਡਰ ਦੇ ਆਜ਼ਾਦੀ ਨਾਲ ਆਪਣੇ ਧਰਮ ਨੂੰ ਨਿਭਾਅ ਸਕਦਾ ਹੈ। ਇਹ ਹਮਲਾ ਇਹ ਨਹੀਂ ਦਿਖਾਉਂਦਾ ਕਿ ਅਸੀਂ ਕੀ ਹਾਂ। ਸਾਨੂੰ ਇਸ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਾਉਣਾ ਚਾਹੀਦਾ ਹੈ।’
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …