ਨਵੀਂ ਦਿੱਲੀ : ਨਵੀਂ ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਦੇ ਪਾਸਪੋਰਟ ਨੂੰ ਜ਼ਬਤ ਕਰ ਲਿਆ ਹੈ ਅਤੇ ਸੀਬੀਆਈ ਨੂੰ ਝੂਠੀ ਜਾਣਕਾਰੀ ਦੇਣ ਲਈ ਉਸ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਟਾਈਟਲਰ ਦਾ ਪਾਸਪੋਰਟ ਸੀਬੀਆਈ ਨੂੰ ਸੌਂਪਿਆ ਅਤੇ ਢੁਕਵੀਂ ਕਾਰਵਾਈ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਟਾਈਟਲਰ ਲਈ ਪਾਸਪੋਰਟ ਦਫਤਰ ਨੂੰ ਇਹ ਗਲਤ ਅਤੇ ਝੂਠੀ ਜਾਣਕਾਰੀ ਦਿੱਤੀ ਕਿ ਉਸ ਵਿਰੁੱਧ ਕੋਈ ਅਪਰਾਧਕ ਮਾਮਲਾ ਪੈਂਡਿੰਗ ਨਹੀਂ ਹੈ। ਟਾਈਟਲਰ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਹ ਇਕ ਗਲਤੀ ਸੀ, ਜਿਸਦੀ ਜਾਣਕਾਰੀ ਫਾਰਮ ਦਾ ਨਿਰੀਖਣ ਕਰਨ ਵਾਲੇ ਕਲਰਕ ਨੇ ਦਿੱਤੀ ਸੀ।
ਟਾਈਟਲਰ ਨੇ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਮੁੜ ਇਨਕਾਰ ਕੀਤਾ : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ 1984 ਦੇ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਪੌਲੀਗ੍ਰਾਫ਼ (ਝੂਠ ਫੜਨ ਵਾਲਾ) ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿਤਾ। ਇਸ ਮਾਮਲੇ ਵਿਚ ਸੀਬੀਆਈ ਨੇ ਤਿੰਨ ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ। ਵਧੀਕ ਚੀਫ਼ ਮੈਟਰੋਪਾਲੀਟਨ ਮੈਜਿਸਟ੍ਰੇਟ ਸ਼ਿਵਾਲੀ ਸ਼ਰਮਾ ਸਾਹਮਣੇ ਦਾਇਰ ਹਲਫ਼ਨਾਮੇ ਵਿਚ ਟਾਈਟਲਰ ਨੇ ਟੈਸਟ ਕਰਵਾਉਣ ਤੋਂ ਇਨਕਾਰ ਕੀਤਾ। ਮਾਮਲੇ ਦੇ ਮੁੱਖ ਗਵਾਹ ਵਿਵਾਦਤ ਹਥਿਆਰ ਕਾਰੋਬਾਰੀ ਅਭਿਸ਼ੇਕ ਵਰਮਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਸ ਦੇ ਮੁਵੱਕਲ ਦੀ ਤਬੀਅਤ ਠੀਕ ਨਹੀਂ ਹੈ ਜਿਸ ਨੂੰ ਵੇਖਦਿਆਂ ਨਿੱਜੀ ਪੇਸ਼ੀ ਲਈ ਸਮਾਂ ਦਿੱਤਾ ਜਾਵੇ। ਅਦਾਲਤ ਨੇ ਵਰਮਾ ਦੇ ਵਕੀਲ ਨੂੰ ਸਮਾਂ ਦਿੰਦਿਆਂ ਅਗਲੇਰੀ ਕਾਰਵਾਈ ਲਈ 2 ਜੂਨ ਦੀ ਤਰੀਕ ਤੈਅ ਕਰ ਦਿਤੀ। ਇੱਥੇ ਦੱਸਣਾ ਬਣਦਾ ਹੈ ਕਿ ਅਦਾਲਤ ਨੇ 9 ਮਈ ਨੂੰ ਟਾਈਟਲਰ ਅਤੇ ਵਰਮਾ ਨੂੰ ਹਦਾਇਤ ਦਿੱਤੀ ਸੀ ਕਿ ਉਹ ਇਸ ਬਾਰੇ ਸਪੱਸ਼ਟ ਜਵਾਬ ਦੇਣ ਕਿ ਟੈਸਟ ਕਰਵਾਉਣਾ ਚਾਹੁੰਦੇ ਹਨ ਜਾਂ ਨਹੀਂ। ਅਦਾਲਤ ਨੇ ਕਿਹਾ ਸੀ ਕਿ ਜੇ ਸਹਿਮਤੀ ਲਈ ਕੋਈ ਸ਼ਰਤ ਹੈ ਤਾਂ ਟਾਈਟਲਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …