Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ : ਮੁੱਖ ਮੰਤਰੀ ਬਨਾਮ ਰਾਜਪਾਲ

ਪੰਜਾਬ ਵਿਧਾਨ ਸਭਾ : ਮੁੱਖ ਮੰਤਰੀ ਬਨਾਮ ਰਾਜਪਾਲ

ਭਰੋਸੇ ਦੇ ਮਤੇ ਨਾਲ ਇਜਲਾਸ ਸ਼ੁਰੂ ਅਤੇ ਵੋਟਿੰਗ ਨਾਲ ਹੋਵੇਗਾ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ ਮੰਗਲਵਾਰ 27 ਸਤੰਬਰ ਨੂੰ ਭਰੋਸੇ ਦੇ ਵੋਟ ਨਾਲ ਸ਼ੁਰੂ ਹੋਇਆ ਅਤੇ ਹੁਣ 3 ਅਕਤੂਬਰ ਨੂੰ ਵੋਟਿੰਗ ਨਾਲ ਸਮਾਪਤ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕਰਨ ਮੌਕੇ ਹਾਕਮ ਧਿਰ ਅਤੇ ਕਾਂਗਰਸ ਦਰਮਿਆਨ ਤਿੱਖੀਆਂ ਝੜਪਾਂ ਵੀ ਹੋਈਆਂ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਰੋਸਗੀ ਮਤੇ ਨੂੰ ਗੈਰਕਾਨੂੰਨੀ ਤੇ ਗੈਰਸੰਵਿਧਾਨਕ ਕਰਾਰ ਦਿੱਤਾ। ਰੌਲੇ-ਰੱਪੇ ਕਰਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਦੌਰਾਨ ਇਕ ਦਿਨ ਲਈ ਸੱਦੇ ਇਜਲਾਸ ਦੀ ਮਿਆਦ 3 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਤੇ ਉਸੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਭਰੋਸਗੀ ਮਤੇ ‘ਤੇ ਬਹਿਸ ਦਾ ਜਵਾਬ ਦੇਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਸਦਨ ਵਿੱਚ ਭਰੋਸਗੀ ਮਤਾ ਪੇਸ਼ ਕਰਨ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਕਾਰਵਾਈ ਨੂੰ ਵਿਧਾਨ ਸਭਾ ਦੀ ਨਿਯਮਾਂਵਲੀ ਅਤੇ ਸੰਵਿਧਾਨ ਦੀ ਖਿਲਾਫਵਰਜ਼ੀ ਕਰਾਰ ਦਿੰਦਿਆਂ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਵਲੋਂ 22 ਸਤੰਬਰ ਦਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਰੱਦ ਕਰ ਦਿੱਤਾ ਗਿਆ ਸੀ ਤਾਂ ਸਰਕਾਰ ਨੇ 27 ਸਤੰਬਰ ਨੂੰ ਮੁੜ ਇਜਲਾਸ ਬੁਲਾਇਆ ਸੀ। 27 ਸਤੰਬਰ ਦੇ ਸਪੈਸ਼ਲ ਇਜਲਾਸ ਦੇ ਏਜੰਡੇ ਦੀ ਰਾਜਪਾਲ ਨੇ ਜਾਣਕਾਰੀ ਮੰਗੀ ਤਾਂ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਉਨ੍ਹਾਂ ‘ਤੇ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰਨ ਦੇ ਆਰੋਪ ਲਗਾਏ। ਪਰ ਫਿਰ ‘ਆਪ’ ਨੂੰ ਇਜਲਾਸ ਦੀ ਜਾਣਕਾਰੀ ਦੇਣੀ ਹੀ ਪਈ। ਇਸ ਤੋਂ ਬਾਅਦ ਰਾਜਪਾਲ ਨੇ ਸੰਵਿਧਾਨ ਦਾ ਪਾਠ ਸੀਐਮ ਭਗਵੰਤ ਮਾਨ ਨੂੰ ਪੜ੍ਹਾ ਕੇ ਇਜਲਾਸ ਦੀ ਮਨਜੂਰੀ ਦੇ ਦਿੱਤੀ ਸੀ।
ਪੰਜਾਬ ‘ਚ ਨਵੇਂ ਸਿਰੇ ਤੋਂ ਚੋਣਾਂ ਕਰਵਾਏ ‘ਆਪ’ ਸਰਕਾਰ : ਵੜਿੰਗ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸੱਦੇ ਗਏ ਸਪੈਸ਼ਲ ਇਜਲਾਸ ‘ਤੇ ਸਵਾਲ ਚੁੱਕਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਜਲਾਸ ਤਿੰਨ ਮੁੱਦਿਆਂ ਜਿਵੇਂ ਜੀ ਐਸ ਟੀ, ਬਿਜਲੀ ਅਤੇ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਸੱਦਿਆ ਸੀ। ਪ੍ਰੰਤੂ ਇਜਲਾਸ ਦੌਰਾਨ ਇਨ੍ਹਾਂ ਤਿੰਨੋਂ ਮੁੱਦਿਆਂ ‘ਤੇ ਕੋਈ ਚਰਚਾ ਨਹੀਂ ਕੀਤੀ ਗਈ। ਉਨ੍ਹਾਂ ਭਗਵੰਤ ਮਾਨ ਸਰਕਾਰ ‘ਤੇ ਆਰੋਪ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੱਦਿਆ ਗਿਆ ਸੀ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਰੋਸਗੀ ਮਤਾ ਲਿਆਉਣ ਦਾ ਇੰਨਾ ਹੀ ਸ਼ੌਕ ਹੈ ਤਾਂ ਉਹ ਸਦਨ ਨੂੰ ਭੰਗ ਕਰਕੇ ਨਵੇਂ ਸਿਰੇ ਚੋਣਾਂ ਕਰਵਾਉਣ ਅਤੇ ਫਿਰ ਭਰੋਸਗੀ ਮਤਾ ਲਿਆਉਣ ਦੀ ਗੱਲ ਕਰਨ।

 

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …