ਆਈਐਸ ਤੋਂ ਪ੍ਰਭਾਵਿਤ ਸੀ ਹਮਲਾਵਰ, ਪੁਲਿਸ ਨੇ ਗੋਲੀ ਮਾਰ ਕੇ ਮਾਰਿਆ
ਨਿਊਯਾਰਕ/ਬਿਊਰੋ ਨਿਊਜ਼
ਨਿਊਯਾਰਕ ‘ਚ ਵਰਲਡ ਟਰੇਡ ਸੈਂਟਰ ਨੇੜੇ ਬੁੱਧਵਾਰ ਨੂੰ ਭੀੜ-ਭੜੱਕੇ ਵਾਲੇ ਸਾਈਕਲ ਟਰੈਕ ‘ਤੇ ਉਜ਼ਬੇਕ ਵਿਅਕਤੀ ਨੇ ‘ਅੱਲਾ-ਹੂ-ਅਕਬਰ’ ਦੇ ਨਾਅਰੇ ਲਾਉਂਦਿਆਂ ਪਿਕਅੱਪ ਟਰੱਕ ਚਾੜ੍ਹ ਦਿੱਤਾ, ਜਿਸ ਕਾਰਨ ਅੱਠ ਵਿਅਕਤੀ ਦਰੜੇ ਗਏ ਅਤੇ 11 ਵਿਅਕਤੀ ਫੱਟੜ ਹੋਏ ਹਨ। ਆਈਐਸਆਈਐਸ ਤੋਂ ਪ੍ਰੇਰਿਤ ਇਸ ਹਮਲੇ ਨੂੰ 9/11 ਤੋਂ ਬਾਅਦ ਇਸ ਸ਼ਹਿਰ ਵਿਚ ਸਭ ਤੋਂ ਮਾਰੂ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ। 29 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇਕ ਪੁਲਿਸ ਅਫ਼ਸਰ ਨੇ ਉਸ ਦੇ ਢਿੱਡ ਵਿਚ ਗੋਲੀ ਮਾਰੀ। ਮੀਡੀਆ ਮੁਤਾਬਕ ਇਸ ਉਜ਼ਬੇਕ ਵਿਅਕਤੀ ਦਾ ਨਾਂ ਸੈਫੁੱਲਾ ਹਬੀਬੁਲਾਵਿਚ ਸਾਇਪੋਵ ਹੈ, ਜੋ ਪਰਵਾਸੀ ਹੈ ਤੇ 2010 ਵਿੱਚ ਕਾਨੂੰਨੀ ਤੌਰ ‘ਤੇ ਅਮਰੀਕਾ ਆਇਆ ਸੀ।
ਪੁਲਿਸ ਨੇ ਦੱਸਿਆ ਕਿ ਪੈਦਲ ਤੇ ਸਾਈਕਲ ਟਰੈਕ ‘ਚ ਦਾਖ਼ਲ ਹੋਣ ਬਾਅਦ ਹਮਲਾਵਰ ਨੇ ਟਰੱਕ ਦੱਖਣ ਵੱਲ ਦੌੜਾ ਦਿੱਤਾ ਅਤੇ ਟਰੱਕ ਅੱਧਾ ਕਿਲੋਮੀਟਰ ਤੱਕ ਅੱਗੇ ਆਉਣ ਵਾਲੇ ਲੋਕਾਂ ਨੂੰ ਦਰੜਦਾ ਗਿਆ। ਮੌਕੇ ‘ਤੇ ਹੀ ਛੇ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਦੋ ਜਣੇ ਹਸਪਤਾਲ ਵਿਚ ਪਹੁੰਚ ਕੇ ਦਮ ਤੋੜ ਗਏ। ਇਸ ਹਮਲੇ ਵਿਚ ਅਰਜਨਟੀਨਾ ਦੇ ਪੰਜ ਤੇ ਬੈਲਜੀਅਮ ਦਾ ਇਕ ਨਾਗਰਿਕ ਮਾਰਿਆ ਗਿਆ ਜਦੋਂ ਕਿ ਦੋ ਲਾਸ਼ਾਂ ਦੀ ਅਜੇ ਸ਼ਨਾਖ਼ਤ ਨਹੀਂ ਹੋਈ ਹੈ। ਇਸ ਹਮਲੇ ਵਿੱਚ ਮਾਰੇ ਗਏ ਪੰਜ ਅਰਜਨਟੀਨਾ ਦੇ ਨਾਗਰਿਕਾਂ ਦੀ ਇਸ ਮੁਲਕ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕਰ ਦਿੱਤੀ ਹੈ। ਇਹ ਦਸ ਦੋਸਤ ਇਕੱਠੇ ਹੋ ਕੇ ਆਪਣੀ ਗਰੈਜੂਏਸ਼ਨ ਦੀ 30ਵੀਂ ਵਰ੍ਹੇਗੰਢ ਦਾ ਨਿਊਯਾਰਕ ਵਿੱਚ ਜਸ਼ਨ ਮਨਾਉਣ ਆਏ ਸਨ।
ਨਿਊਯਾਰਕ ਪੁਲਿਸ ਵਿਭਾਗ ਮੁਤਾਬਕ ਸਕੂਲ ਬੱਸ ਵਿਚ ਟੱਕਰ ਮਾਰਨ, ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਜਣੇ ਫੱਟੜ ਹੋ ਗਏ, ਬਾਅਦ ਇਹ ਸ਼ੱਕੀ ਟਰੱਕ ਵਿੱਚੋਂ ਬਾਹਰ ਨਿਕਲਿਆ ਅਤੇ ‘ਹਥਿਆਰ ਹੋਣ’ ਦਾ ਸਵਾਂਗ ਰਚਾਉਣ ਲੱਗਾ। ਇਸ ਬਾਅਦ ਪੁਲਿਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਵੈਸਟ ਸਾਈਡ ਹਾਈਵੇਅ ਨਾਲ ਸਾਈਕਲ ਟਰੈਕ ‘ਤੇ ਇਕ ਤੇਜ਼ ਰਫ਼ਤਾਰ ਟਰੱਕ ਆ ਚੜ੍ਹਿਆ ਅਤੇ ਉਹ ਲੋਕਾਂ ਨੂੰ ਕੁਚਲਦਾ ਜਾ ਰਿਹਾ ਸੀ। ਉਸ ਨੇ 9 ਜਾਂ 10 ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਟਰੱਕ ਵਿੱਚੋਂ ਇਕ ਅੰਗਰੇਜ਼ੀ ਵਿਚ ਲਿਖਿਆ ਪੱਤਰ ਮਿਲਿਆ ਹੈ, ਜਿਸ ‘ਚ ਇਸਲਾਮਿਕ ਸਟੇਟ ਦਾ ਜ਼ਿਕਰ ਹੈ। ਮੌਕੇ ਤੋਂ ਇਕ ਪੈਲੇਟ ਬੰਦੂਕ ਤੇ ਪੇਂਟਬਾਲ ਗੰਨ ਮਿਲੀ ਹੈ। ਨਿਊਯਾਰਕ ਸਿਟੀ ਮੇਅਰ ਬਿਲ ਡੀ ਬਲੈਸਿਓ ਨੇ ਕਿਹਾ ਕਿ ਇਸ ਘਟਨਾ ਨੂੰ ਅੱਤਵਾਦੀ ਕਾਰਵਾਈ, ‘ਖਾਸ ਤੌਰ ‘ਤੇ ਕਾਇਰਤਾ ਵਾਲੀ ਕਾਰਵਾਈ’ ਮੰਨਿਆ ਜਾ ਰਿਹਾ ਹੈ।
ਸਾਰੇ ਭਾਰਤੀ ਸੁਰੱਖਿਅਤ: ਕੌਂਸਲੇਟ ઠ
ਨਿਊਯਾਰਕ: ਭਾਰਤੀ ਕੌਂਸਲੇਟ ਜਨਰਲ ਨੇ ਦੱਸਿਆ ਕਿ ਅੱਤਵਾਦੀ ਹਮਲੇ ਵਿਚ ਕੋਈ ਭਾਰਤੀ ਫੱਟੜ ਨਹੀਂ ਹੋਇਆ ਹੈ। ਕੌਂਸਲੇਟ ਨੇ ਟਵੀਟ ਕੀਤਾ, ‘ਨਿਊਯਾਰਕ ਪੁਲਿਸ ਵਿਭਾਗ ਵਿੱਚ ਸਾਡੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਇਸ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਵਿਚ ਭਾਰਤੀ ਨਾਂ ਵਾਲਾ ਕੋਈ ਵਿਅਕਤੀ ਨਹੀਂ ਹੈ। ਹੁਣ ਤੱਕ ਮੁੱਢਲੀ ਜਾਣਕਾਰੀ ਇਹੀ ਹੈ। ਹੋਰ ਜਾਣਕਾਰੀ ਲਈ ਭਾਰਤੀ ਮਿਸ਼ਨ ਨਿਊਯਾਰਕ ਪੁਲਿਸ ਵਿਭਾਗ ਦੇ ਸੰਪਰਕ ਵਿੱਚ ਹੈ।’
ਨਿਊਯਾਰਕ ‘ਚ ਇਕ ਬਿਮਾਰ ਕਿਸਮ ਦੇ ਵਿਅਕਤੀ ਨੇ ਹਮਲਾ ਕੀਤਾ। ਮੱਧ ਪੂਰਬ ਵਿਖੇ ਆਈਐਸ ਨੂੰ ਹਰਾਉਣ ਪਿੱਛੋਂ ਹੁਣ ਆਈਐਸ ਨੂੰ ਅਸੀਂ ਅਮਰੀਕਾ ਵਿਚ ਦਾਖਲ ਨਹੀਂ ਹੋਣ ਦਿਆਂਗੇ।
ਡੋਨਾਲਡ ਟਰੰਪ
ਨਿਊਯਾਰਕ ‘ਚ ਹੋਏ ਅੱਤਵਾਦੀ ਹਮਲੇ ਦੀ ਮੈਂ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਮੇਰੀ ਦਿਲੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹੈ। ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਮੈਂ ਕਾਮਨਾ ਕਰਦਾ ਹਾਂ।
ਨਰਿੰਦਰ ਮੋਦੀ
ਮੇਰੇ ਘਰ ਤੋਂ ਕੁਝ ਦੂਰੀ ‘ਤੇ ਹੋਇਆ ਹਮਲਾ : ਪ੍ਰਿਯੰਕਾ ਚੋਪੜਾ
ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਵਿਚ ਵੀ ਸੈਲੀਬ੍ਰਿਟੀ ਬਣ ਚੁੱਕੀ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਮੈਨਹਟਨ ਵਿਖੇ ਜੇ ਇਕ ਅੱਤਵਾਦੀ ਟਰੱਕ ਡਰਾਈਵਰ ਨੇ ਕਈ ਵਿਅਕਤੀਆਂ ਨੂੰ ਕੁਚਲਿਆ ਹੈ, ਇਹ ਘਟਨਾ ਉਸਦੇ ਘਰ ਤੋਂ ਕੁਝ ਦੂਰ ਹੀ ਵਾਪਰੀ। ਪ੍ਰਿਯੰਕਾ ਨੇ ਕਿਹਾ ਕਿ ਨਿਊਯਾਰਕ ਸ਼ਹਿਰ ਬਹੁਤ ਸ਼ਾਂਤ ਹੈ, ਇਹ ਮੇਰਾ ਦੂਜਾ ਘਰ ਬਣ ਚੁੱਕਾ ਹੈ। ਜੋ ਭਿਆਨਕ ਘਟਨਾ ਵਾਪਰੀ ਹੈ, ਇਸ ਨੇ ਨਿਊਯਾਰਕ ਦੀ ਸ਼ਾਂਤੀ ਨੂੰ ਭੰਗ ਕੀਤਾ ਹੈ। ਮੈਂ ਆਪਣੇ ਘਰ ਆ ਰਹੀ ਸੀ ਤਾਂ ਅਚਾਨਕ ਵੱਖ-ਵੱਖ ਮੋਟਰ ਗੱਡੀਆਂ ਦੇ ਸ਼ਾਇਰਨ ਵੱਜਣ ‘ਤੇ ਮੈਨੂੰ ਪਤਾ ਲੱਗਾ ਕਿ ਕੋਈ ਮਾੜੀ ਘਟਨਾ ਵਾਪਰ ਗਈ ਹੈ।