ਨਵਜੋਤ ਸਿੱਧੂ ਨੇ ਮੋਦੀ ਸਰਕਾਰ ਨੂੰ ਰੱਜ ਕੇ ਭੰਡਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦੇ ਜੀਐਸਟੀ ਨੂੰ ਆਰਥਿਕ ਅੱਤਵਾਦ ਦਾ ਨਾਂ ਦਿੰਦਿਆਂ ਆਖਿਆ ਕਿ ਇਸ ਨੂੰ ਲਾਗੂ ਕਰਕੇ ਸੂਬਿਆਂ ਦੀ ਵਿੱਤੀ ਅਜ਼ਾਦੀ ਖੋਹ ਲਈ ਗਈ ਹੈ। ਉਹ ਇੱਥੇ ਕਾਂਗਰਸ ਪਾਰਟੀ ਵੱਲੋਂ ਜੀਐਸਟੀ ਖ਼ਿਲਾਫ਼ ਕੀਤੇ ਰੋਸ ਵਿਖਾਵੇ ਵਿੱਚ ਸ਼ਾਮਲ ਹੋਏ।
ਕਾਂਗਰਸ ਨੇ ਹਾਲ ਗੇਟ ਤੋਂ ਕਾਂਗਰਸ ਭਵਨ ਤੱਕ ਰੋਸ ਮਾਰਚ ਕੀਤਾ ਅਤੇ ਕਾਰਕੁਨਾਂ ਨੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।
ਪਾਰਟੀ ਕਾਰਕੁਨਾਂ ਨੇ ਜੀਐਸਟੀ ਖ਼ਿਲਾਫ਼ ਕਾਲੀਆਂ ਝੰਡੀਆਂ, ਤਖਤੀਆਂ ਤੇ ਬੈਨਰ ਵੀ ਫੜੇ ਹੋਏ ਸਨ। ਇਕ ਹਾਥੀ ਉਪਰ ਵੀ ਜੀਐਸਟੀ ਮੁਰਦਾਬਾਦ (ਗੱਬਰ ਸਿੰਘ ਟੈਕਸ) ਦੇ ਬੈਨਰ ਲਟਕਾਏ ਹੋਏ ਸਨ। ਰੋਸ ਮਾਰਚ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਨੇ ਕੀਤੀ। ਉਹ ਆਪਣੀ ਕਾਰ ਦੀ ਛੱਤ ਖੋਲ੍ਹ ਕੇ ਖੜ੍ਹੇ ਹੋ ਗਏ ਅਤੇ ਕਾਲੀ ਝੰਡੀ ਲਹਿਰਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਇਸ ਟੈਕਸ ਰਾਹੀਂ ਕੇਂਦਰ ਸਰਕਾਰ ਨੇ ਸੂਬਿਆਂ ਦੀ ਵਿੱਤੀ ਅਜ਼ਾਦੀ ‘ਤੇ ਹਮਲਾ ਕੀਤਾ ਹੈ। ਇਹ ਨਵਾਂ ਟੈਕਸ ਆਰਥਿਕ ਅੱਤਵਾਦ ਹੈ, ਜਿਸ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਨੇ ਮਾਲੀਆ ਆਪਣੇ ਹੱਥ ਲੈ ਲਿਆ ਹੈ ਅਤੇ ਸੂਬੇ ਹੁਣ ਕੇਂਦਰ ਸਰਕਾਰ ‘ਤੇ ਨਿਰਭਰ ਹੋ ਗਏ ਹਨ। ਆਪਣਾ ਹੱਕ ਲੈਣ ਲਈ ਸੂਬਿਆਂ ਨੂੰ ਤਰਲੇ ਮਿੰਨਤਾਂ ਕਰਨੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਮਾਲੀਏ ਵਿੱਚੋਂ ਲਗਪਗ 36 ਸੌ ਕਰੋੜ ਰੁਪਏ ਦਾ ਹਿੱਸਾ ਬਕਾਇਆ ਹੈ। ਕੇਂਦਰ ਸਰਕਾਰ ਨੇ ਸੂਬਿਆਂ ਦਾ ਲਗਪਗ ਇਕ ਲੱਖ ਕਰੋੜ ਰੁਪਿਆ ਰੋਕ ਕੇ ਰੱਖਿਆ ਹੋਇਆ ਹੈ, ਜਿਸ ਦੇ ਵਿਆਜ ਤੋਂ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਵਤੀਰੇ ਕਾਰਨ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਭੁਗਤਾਨ ਲਈ ਕਰਜ਼ਾ ਲੈਣ ਵਾਸਤੇ ਮਜਬੂਰ ઠਹੋਈ ਹੈ। ਜੀਐਸਟੀ ਕਾਰਨ ਸਿਰਫ਼ ਗੁਜਰਾਤ ਹੀ ਨਹੀਂ, ਪੰਜਾਬ ਸਮੇਤ ਹੋਰ ਸੂਬੇ ਵੀ ਪ੍ਰਭਾਵਿਤ ਹੋਏ ਹਨ ਅਤੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੀਐਸਟੀ ਦੀਆਂ ઠਦਰਾਂ ਵਾਰ ਵਾਰ ਬਦਲੀਆਂ ਜਾ ਰਹੀਆਂ ਹਨ, ਜਿਸ ਕਾਰਨ ਵਪਾਰੀ ਵਰਗ ਵੀ ਪ੍ਰੇਸ਼ਾਨ ਹੈ। ਆਮ ਆਦਮੀ ਵੀ ਇਸ ਤੋਂ ਪ੍ਰਭਾਵਿਤ ਹੈ।