Breaking News
Home / ਪੰਜਾਬ / ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਯਾਤਰੂਆਂ ਦੇ ਰਾਤ ਠਹਿਰਨ ਦੇ ਕੀਤੇ ਜਾਣਗੇ ਪ੍ਰਬੰਧ : ਦੁਰਾਨੀ

ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਯਾਤਰੂਆਂ ਦੇ ਰਾਤ ਠਹਿਰਨ ਦੇ ਕੀਤੇ ਜਾਣਗੇ ਪ੍ਰਬੰਧ : ਦੁਰਾਨੀ

ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਗਵਰਨਿੰਗ ਕੌਂਸਲ ਦੀ 7ਵੀਂ ਬੈਠਕ ਹੋਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਯਾਤਰੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਠਹਿਰਨ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਕਰਤਾਰਪੁਰ ਗੁਰਦੁਆਰਾ ਗਵਰਨਿੰਗ ਕੌਂਸਲ ਦੀ 7ਵੀਂ ਬੈਠਕ ਹੋਈ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਮੇਟੀ ਰੂਮ ਵਿਖੇ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਸਦਭਾਵਨਾ ਮੰਤਰਾਲੇ ਦੇ ਸਕੱਤਰ ਆਫ਼ਤਾਬ ਅਕਬਰ ਦੁਰਾਨੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਕਈ ਹੋਰ ਵਿਭਾਗਾਂ ਅਤੇ ਧਾਰਮਿਕ ਤੇ ਆਪਸੀ ਸਦਭਾਵਨਾ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪਾਕਿ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਬੈਠਕ ਦੌਰਾਨ ਸਕੱਤਰ ਦੁਰਾਨੀ ਨੇ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਵਿਖੇ ਆਉਣ ਵਾਲੇ ਭਾਰਤੀ ਯਾਤਰੂਆਂ ਦੇ ਰਾਤ ਗੁਰਦੁਆਰਾ ਸਾਹਿਬ ਵਿਖੇ ਠਹਿਰਨ ਲਈ ਜਲਦੀ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਪੁਰਾਣੇ ਦੁਵੱਲੇ ਸਮਝੌਤੇ ‘ਚ ਸੋਧ ਕਰਨ ਦੀ ਗੱਲ ਕਹੀ।
ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਕਰਤਾਰਪੁਰ ਲਾਂਘੇ ਦੇ ਰੱਖ-ਰਖਾਅ, ਸਹੂਲਤਾਂ ਅਤੇ ਟਰਾਂਸਪੋਰਟ ਦੇ ਲਈ ਭਾਰਤੀ ਯਾਤਰੂਆਂ ਤੋਂ ਲਈ ਜਾ ਰਹੀ 20 ਡਾਲਰ ਫ਼ੀਸ ਵੀ ਘੱਟ ਕਰਨ ‘ਤੇ ਵਿਚਾਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਭਾਰਤੀ ਯਾਤਰੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਆਧਾਰ ਕਾਰਡ ਲਾਜ਼ਮੀ ਕੀਤਾ ਜਾਵੇ। ਬੈਠਕ ਉਪਰੰਤ ਸਭ ਅਧਿਕਾਰੀ ਸਰਹੱਦ ਦੇ ਜ਼ੀਰੋ ਪੁਆਇੰਟ ‘ਤੇ ਵੀ ਪਹੁੰਚੇ ਅਤੇ ਇਸ ਮੌਕੇ ਗੁਰਦੁਆਰਾ ਦੇ ਪ੍ਰਬੰਧਕਾਂ ਵਲੋਂ ਸਕੱਤਰ ਦੁਰਾਨੀ ਅਤੇ ਹੋਰਨਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …