Breaking News
Home / ਪੰਜਾਬ / ਕੇਂਦਰ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਦਾ ਕਰੇ ਫੈਸਲਾ : ਟਿਕੈਤ

ਕੇਂਦਰ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਦਾ ਕਰੇ ਫੈਸਲਾ : ਟਿਕੈਤ

ਕਿਹਾ, ਅਸੀਂ ਦਬਾਅ ਹੇਠ ਆ ਕੇ ਕੇਂਦਰ ਸਰਕਾਰ ਨਾਲ ਨਹੀਂ ਕਰਾਂਗੇ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਬਾਰੇ ਫ਼ੈਸਲਾ ਕਰਨ ਲਈ ਖੁੱਲ੍ਹਾ ਸਮਾਂ ਦਿੰਦਿਆਂ ਕਿਹਾ ਕਿ ਉਹ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਲਈ ਫ਼ੈਸਲਾ ਕਰੇ। ਉਦੋਂ ਤਕ ਕਿਸਾਨ ਮੋਰਚਿਆਂ ‘ਤੇ ਡਟੇ ਰਹਿਣਗੇ। ਉਨ੍ਹਾਂ ਕੇਂਦਰ ਸਰਕਾਰ ਦੇ ਕਿਸੇ ਤਰ੍ਹਾਂ ਦੇ ਦਬਾਅ ਹੇਠ ਨਾ ਆਉਣ ਦਾ ਦਾਅਵਾ ਵੀ ਕੀਤਾ।
ਟਿਕੈਤ ਨੇ ਕਿਹਾ, ‘ਅਸੀਂ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ 2 ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਉਸ ਤੋਂ ਬਾਅਦ ਹੀ ਕੋਈ ਹੋਰ ਯੋਜਨਾ ਉਲੀਕਾਂਗੇ। ਅਸੀਂ ਦਬਾਅ ਹੇਠ ਆ ਕੇ ਕੇਂਦਰ ਨਾਲ ਗੱਲਬਾਤ ਨਹੀਂ ਕਰਾਂਗੇ।’ ਉਨ੍ਹਾਂ ਨੇ ਚੱਕਾ ਜਾਮ ਦੇ ਸ਼ਾਂਤਮਈ ਤਰੀਕੇ ਨਾਲ ਪੂਰਾ ਹੋਣ ‘ਤੇ ਤਸੱਲੀ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਚੱਕਾ ਜਾਮ ਨਾ ਕਰਨ ਦਾ ਫ਼ੈਸਲਾ ਕੁੱਝ ਰਿਪੋਰਟਾਂ ਮਗਰੋਂ ਲਿਆ ਗਿਆ ਸੀ, ਜਿਨ੍ਹਾਂ ਵਿੱਚ ਇਹ ਸੂਚਨਾ ਮਿਲੀ ਸੀ ਕਿ ਉਕਤ ਦੋਨਾਂ ਰਾਜਾਂ ਵਿੱਚ ਮਾੜੇ ਅਨਸਰਾਂ ਵੱਲੋਂ ਗੜਬੜ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਟਿਕੈਤ ਦੀ ਯੂਨੀਅਨ ਵੱਲੋਂ ਨਵੰਬਰ ਮਹੀਨੇ ਤੋਂ ਦਿੱਲੀ-ਮੇਰਠ ਮਾਰਗ ਬੰਦ ਕੀਤਾ ਹੋਇਆ ਹੈ। ਇਸੇ ਦੌਰਾਨ ਸਖ਼ਤ ਸੁਰੱਖਿਆ ਬੰਦੋਬਸਤ ਦੀ ਨਿੰਦਾ ਕਰਦਿਆਂ ਰਾਕੇਸ਼ ਟਿਕੈਤ ਨੇ ਪੁਲਿਸ ਬੈਰੀਕੇਡਾਂ ‘ਤੇ ਸੁਰੱਖਿਆ ਬਲਾਂ ਵੱਲ ਸਨਮਾਨ ਵਜੋਂ ਸਿਰ ਝੁਕਾਇਆ ਤੇ ਕਿਹਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ।
ਕਿਸਾਨ ਇਨ੍ਹਾਂ ਦੀ ਹਿਫ਼ਾਜ਼ਤ ਕਰਨਗੇ। ਇਸ ਲਈ ਦੋਨੋਂ ਕਿਸਾਨ ਤੇ ਸਿਪਾਹੀਆਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਪਵੇਗਾ। ਗਾਜ਼ੀਪੁਰ ਹੱਦ ਸਖ਼ਤ ਬੈਰੀਕੇਡਾਂ ਦੀ ਕੰਧ ਹੋਣ ਦੇ ਬਾਵਜੂਦ ਉਨ੍ਹਾਂ ਦੂਜੇ ਪਾਸੇ ਸੁਰੱਖਿਆ ਬਲਾਂ ਦੇ ਲੋਕਾਂ ਗੱਲਬਾਤ ਕੀਤੀ ਅਤੇ ਕਿਹਾ, ‘ਆਪਣੇ ਦੋਨੋਂ ਹੱਥ ਜੋੜ ਕੇ ਮੇਰਾ ਪ੍ਰਣਾਮ। ਹੁਣ ਤੁਸੀਂ ਸਾਰੇ ਮੇਰੇ ਖੇਤਾਂ ਦੀ ਰਾਖੀ ਕਰੋਗੇ।’ ਗਾਜ਼ੀਪੁਰ ਹੱਦ ‘ਤੇ ਹਜ਼ਾਰਾਂ ਕਿਸਾਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਆ ਕੇ ਪ੍ਰਦਰਸ਼ਨ ਕਰ ਰਹੇ ਹਨ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …