Breaking News
Home / ਹਫ਼ਤਾਵਾਰੀ ਫੇਰੀ / ਕਰੋਨਾ : ਪੰਜਾਬ ਨੂੰ ਲੱਗੀ ਬਰੇਕ

ਕਰੋਨਾ : ਪੰਜਾਬ ਨੂੰ ਲੱਗੀ ਬਰੇਕ

ਪੰਜਾਬ ਭਰ ਵਿਚ ਬੱਸਾਂ ਬੰਦ, ਇਮਤਿਹਾਨ ਮੁਲਤਵੀ, 20 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ‘ਤੇ ਰੋਕ
177 ਮੁਲਕ ਕਰੋਨਾ ਦੀ ਚਪੇਟ ‘ਚ, ਮੌਤ ਦਾ ਅੰਕੜਾ 10 ਹਜ਼ਾਰ ਨੂੰ ਛੂਹਣ ਲੱਗਾ
ਚੰਡੀਗੜ੍ਹ : ਕਰੋਨਾ ਨੇ ਭਾਰਤ ਨੂੰ ਵੀ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਦੇ 19 ਸੂਬਿਆਂ ‘ਚ ਕਰੋਨਾ ਦੇ ਜਿੱਥੇ ਮਰੀਜ਼ ਪਾਏ ਗਏ, ਉਥੇ ਪੰਜਾਬ ਵਿਚ ਵੀ ਕਰੋਨਾ ਪੀੜਤ 1 ਮਰੀਜ਼ ਦੀ ਮੌਤ ਤੋਂ ਬਾਅਦ ਪੰਜਾਬ ਦੀ ਰਫ਼ਤਾਰ ਹੀ ਥਮ ਗਈ। ਸਮੁੱਚੇ ਪੰਜਾਬ ਨੂੰ ਬਰੇਕਾਂ ਲਾਉਂਦਿਆਂ ਪੰਜਾਬ ਸਰਕਾਰ ਨੇ ਪਬਲਿਕ ਟਰਾਂਸਪੋਰਟ ਨੂੰ ਬੰਦ ਕਰਨ ਦਾ ਸਖਤ ਫੈਸਲਾ ਲੈ ਲਿਆ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ 20 ਮਾਰਚ ਦੀ ਅੱਧੀ ਰਾਤ ਤੋਂ ਸਰਕਾਰੀ ਅਤੇ ਨਿੱਜੀ ਸਮੁੱਚੀਆਂ ਬੱਸਾਂ ਚੱਲਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਬੀਐਸਈ ਵੱਲੋਂ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਦੀ ਲੜੀ ਤਹਿਤ ਹੀ ਪੰਜਾਬ ਸਰਕਾਰ ਨੇ ਵੀ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾਣ ਵਾਲੇ ਦਸਵੀਂ ਅਤੇ ਬਾਰ੍ਹਵੀਂ ਦੇ ਇਮਤਿਹਾਨਾਂ ਨੂੰ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਤੋਂ ਹੀ ਜਿੱਥੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਪ੍ਰਮੁੱਖ ਸੈਰਗਾਹ ਵਾਲੇ ਸਥਾਨਾਂ ਵਿਚ 31 ਮਾਰਚ ਤੱਕ ਲਈ ਬੰਦ ਰੱਖਣ ਦੀ ਹਦਾਇਤ ਸੀ, ਉਥੇ ਹੀ ਹੁਣ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਰਿਜ਼ੌਰਟ ਆਦਿ ਨੂੰ ਵੀ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਬਲਕਿ ਵਿਆਹ ਅਤੇ ਅੰਤਿਮ ਸਸਕਾਰ ਜਾਂ ਹੋਰ ਕਿਸੇ ਪਰਿਵਾਰਕ ਸਮਾਗਮ ਦੌਰਾਨ 20 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਰੋਕ ਲਗਾ ਦਿੱਤੀ ਹੈ ਜਦੋਂਕਿ ਸਰਕਾਰੀ ਅਤੇ ਸਮਾਜਿਕ ਜਥੇਬੰਦੀਆਂ ਨੂੰ ਪਹਿਲਾਂ ਹੀ ਸਮੁੱਚੇ ਸਮਾਗਮ 31 ਮਾਰਚ ਤੱਕ ਮੁਲਤਵੀ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀ ਇਸ ਪਹਿਲ ਨੂੰ ਪੰਜਾਬ ਵਾਸੀ ਵੀ ਗੰਭੀਰਤਾ ਨਾਲ ਲੈ ਰਹੇ ਹਨ।
ਪੰਜਾਬ ‘ਚ ਕਰੋਨਾ ਨੇ ਲਈ ਇਕ ਦੀ ਜਾਨ
ਨਵਾਂਸ਼ਹਿਰ : ਪੰਜਾਬ ਵਿਚ ਵੀ ਕਰੋਨਾ ਵਾਇਰਸ ਨਾਲ 72 ਸਾਲ ਦੇ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਹੋ ਗਈ ਹੈ। ਬਲਦੇਵ ਸਿੰਘ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦਾ ਰਹਿਣਾ ਵਾਲਾ ਸੀ ਅਤੇ ਉਹ ਜਰਮਨੀ ਤੋਂ ਵਾਪਸ ਪਰਤਿਆ ਸੀ। ਜ਼ਿਕਰਯੋਗ ਹੈ ਕਿ ਭਾਰਤ ‘ਚ ਹੁਣ ਤੱਕ ਕਰੋਨਾ ਕਾਰਨ 4 ਮੌਤਾਂ ਹੋ ਚੁੱਕੀਆਂ ਹਨ।
ਕੈਨੇਡਾ ‘ਚ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਖੇਤਰ ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ
ਟੋਰਾਂਟੋ : ਅਖਬਾਰ ਪ੍ਰਕਾਸ਼ਿਤ ਹੋਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਕਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 735 ਦਾ ਅੰਕੜਾ ਪਾਰ ਕਰ ਚੁੱਕੀ ਸੀ। ਕਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਕਿਊਬਿਕ ਖੇਤਰ ਹਨ। ਓਨਟਾਰੀਓ ਵਿਚ ਜਿੱਥੇ 250 ਤੋਂ ਵੱਧ ਕਰੋਨਾ ਪੀੜਤ ਮਰੀਜ਼ ਪਾਏ ਗਏ, ਉਥੇ ਹੀ ਬ੍ਰਿਟਿਸ਼ ਕੋਲੰਬੀਆ ਵਿਚ 230 ਤੋਂ ਵੱਧ, ਅਲਬਰਟਾ ਵਿਚ 120 ਦੇ ਕਰੀਬ ਤੇ ਕਿਊਬਿਕ ਵਿਚ 95 ਤੋਂ ਵੱਧ ਮਰੀਜ਼ ਕਰੋਨਾ ਵਾਇਰਸ ਤੋਂ ਪੀੜਤ ਸਾਹਮਣੇ ਆ ਚੁੱਕੇ ਹਨ।
ਜਾਂਚ ਤੋਂ ਬਾਅਦ ਛੋਟੇ ਜਥਿਆਂ ਦੇ ਰੂਪ ‘ਚ ਸ਼ਰਧਾਲੂ ਕਰ ਰਹੇ ਦਰਬਾਰ ਸਾਹਿਬ ਦੇ ਦਰਸ਼ਨ
ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੀ ਸੰਗਤ ਦੀ ਘੰਟਾ ਘਰ ਪ੍ਰਵੇਸ਼ ਦੁਆਰ ਵਿਖੇ 24 ਘੰਟੇ ਥਰਮਲ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਦੇ ਸਟਾਫ ‘ਤੇ 31 ਮਾਰਚ ਤੱਕ ਛੁੱਟੀਆਂ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ ਅਤੇ ਆਉਣ ਵਾਲੇ ਸ਼ਰਧਾਲੂਆਂ ਦੀ ਜਾਂਚ ਤੋਂ ਬਾਅਦ ਛੋਟੇ-ਛੋਟੇ ਜਥਿਆਂ ਦੇ ਰੂਪ ‘ਚ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਭੇਜਿਆ ਜਾ ਰਿਹਾ ਹੈ।
ਅਮਰੀਕਾ ਮਲੇਰੀਆ ਦੀ ਦਵਾਈ ਸਹਾਰੇ
ਵਾਸ਼ਿੰਗਟਨ : ਦੁਨੀਆ ਭਰ ਵਿਚ ਜਿੱਥੇ ਕਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ 10 ਹਜ਼ਾਰ ਨੂੰ ਛੂਹਣ ਜਾ ਰਿਹਾ ਹੈ, ਉਥੇ ਹੀ ਚੀਨ, ਇਟਲੀ, ਇਰਾਨ ਤੇ ਅਮਰੀਕਾ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਹੈ ਕਿ ਮਲੇਰੀਆ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਕਰੋਲੋਕਵੀਨ ਕਰੋਨਾ ਦੇ ਮਾਮਲੇ ‘ਚ ਅਸਰਦਾਰ ਹੈ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …