ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਸਰਕਾਰ ਨੇ ਓਨਟਾਰੀਓ ਦੇ ਸਕੂਲਾਂ ‘ਚ ਮੋਬਾਇਲ ਫੋਨ ਲਿਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਨਵੇਂ ਨਿਯਮ ਸਤੰਬਰ ਤੋਂ ਲਾਗੂ ਹੋਣਗੇ। ਸਿੱਖਿਆ ਮੰਤਰੀ ਲਿਜ਼ਾ ਥੌਂਪਸਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਓਨਟਾਰੀਓ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ-ਲਿਖਾਈ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਮੋਬਾਇਲ ਫੋਨ ‘ਤੇ ਪਾਬੰਦੀ ਰਾਹੀਂ ਵਿਦਿਆਰਥੀਆਂ ਦਾ ਧਿਆਨ ਭਟਕਣ ਤੋਂ ਰੋਕਿਆ ਜਾ ਸਕੇਗਾ ਅਤੇ ਇਸ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਨ-ਲਿਖਣ ਅਤੇ ਗਣਿਤ ਦੇ ਸਵਾਲ ਹੱਲ ਕਰਨ ਲਈ ਵਧੇਰੇ ਸਮਾਂ ਮਿਲੇਗਾ। ਦੱਸਣਯੋਗ ਹੈ ਕਿ ਓਨਟਾਰੀਓ ਦੇ ਕੁਝ ਸਕੂਲਾਂ ‘ਚ ਪਹਿਲਾਂ ਹੀ ਮੋਬਾਇਲ ਫੋਨ ਲਿਆਉਣ ‘ਤੇ ਪਾਬੰਦੀ ਹੈ ਪਰ ਹੁਣ ਇਨ੍ਹਾਂ ਨੂੰ ਮੁਕੰਮਲ ਤੌਰ ‘ਤੇ ਬੈਨ ਕਰ ਦਿੱਤਾ ਗਿਆ। ਸਿਰਫ਼ ਉਨ੍ਹਾਂ ਹਾਲਾਤ ‘ਚ ਫੋਨ ਵਰਤਣ ਦੀ ਇਜਾਜ਼ਤ ਹੋਵੇਗੀ ਜਦੋਂ ਕਿਸੇ ਅਧਿਆਪਕ ਨੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝਾਉਣੀ ਹੋਵੇਗੀ ਜਾਂ ਮੈਡੀਕਲ ਕਾਰਜਨਾਂ ਕਰਕੇ ਵਿਦਿਆਰਥੀ ਲਈ ਫੋਨ ਰੱਖਣਾ ਲਾਜ਼ਮੀ ਹੋਵੇ। ਪੀ.ਸੀ. ਪਾਰਟੀ ਦੀ ਸਰਕਾਰ ਨੇ ਪਿਛਲੇ ਸਾਲ ਸੈਕਸ ਸਿੱਖਿਆ ਪਾਠਕ੍ਰਮ ਬਾਰੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਦੌਰਾਨ ਕਲਾਸ ਰੂਮ ‘ਚ ਮੋਬਾਇਲ ਫੋਨ ‘ਤੇ ਸੰਭਾਵਤ ਪਾਬੰਦੀ ਬਾਰੇ ਵੀ ਵਿਚਾਰ ਦਰਜ ਕੀਤੇ ਸਨ। ਦੂਜੇ ਪਾਸੇ ਕਈ ਸਕੂਲ ਬੋਰਡਾਂ ਦਾ ਮੰਨਣਾ ਹੈ ਕਿ ਮੋਬਾਇਲ ਫੋਨ ‘ਤੇ ਪਾਬੰਦੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗੀ। ਕਾਫ਼ੀ ਸਮਾਂ ਪਹਿਲਾਂ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਪਾਬੰਦੀ ਲਾਗੂ ਕੀਤੀ ਗਈ ਪਰ ਕੁਝ ਵਰ੍ਰਿਆਂ ਮਗਰੋਂ ਇਸ ਨੂੰ ਹਟਾਉਣਾ ਹੀ ਬਿਹਤਰ ਸਮਝਿਆ ਗਿਆ। ਸਕੂਲ ਬੋਰਡ ਸਪੱਸ਼ਟ ਤੌਰ ‘ਤੇ ਆਖ ਚੁੱਕਿਆ ਹੈ ਕਿ ਮੋਬਾਇਲ ਫੋਨਜ਼ ‘ਤੇ ਮੁਕੰਮਲ ਪਾਬੰਦੀ ਸਿਰਫ਼ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਓਨਟਾਰੀਓ ਸਰਕਾਰ ਵੱਲੋਂ ਸੰਭਾਵਤ ਤੌਰ ‘ਤੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲਿਟੀਕਲ ਸਾਇੰਸ ਦੇ ਉਸ ਅਧਿਐਨ ਨੂੂੰ ਮੁੱਖ ਕਰਦਿਆਂ ਪਾਬੰਦੀ ਲਾਗੂ ਕੀਤੀ ਗਈ ਜਿਸ ‘ਚ ਕਿਹਾ ਗਿਆ ਸੀ ਕਿ ਮੋਬਾਇਲ ਫੋਨ ‘ਤੇ ਪਾਬੰਦੀ ਰਾਹੀਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਰਤ ਕੀਤੀ ਜਾ ਸਕਦੀ ਹੈ।
ਵਿਦਿਆਰਥੀਆਂ ਵੱਲੋਂ ਵਿਰੋਧ
ਪੜ੍ਹਾਈ ਕਰਨ ਦੇ ਸਮੇਂ ਦੌਰਾਨ ਮੋਬਾਇਲ ਫੋਨ ਬੈਨ ਕਰਨ ਦੇ ਫੈਸਲੇ ਤੋਂ ਵਿਦਿਆਰਥੀ ਨਾ ਖੁਸ਼ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਡਗ ਫੋਰਡ ਸਰਕਾਰ ਨੇ ਫਰਮਾਨ ਜਾਰੀ ਕੀਤਾ ਕਿ ਸੂਬੇ ਦੇ ਸਕੂਲਾਂ ‘ਚ ਪੜ੍ਹਾਈ ਕਰਨ ਵੇਲੇ ਵਿਦਿਆਰਥੀ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਬਾਬਤ ਜਦੋਂ ‘ਰਾਇਡੂ ਸੈਂਟਰ’ ਦੇ ਵਿਦਿਆਰਥੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …