Breaking News
Home / ਜੀ.ਟੀ.ਏ. ਨਿਊਜ਼ / ਜਦੋਂ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸਰਨਾਰਥੀਆਂ ਦੀ ਪਨਾਹਗਾਹ ਬਣਿਆ

ਜਦੋਂ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸਰਨਾਰਥੀਆਂ ਦੀ ਪਨਾਹਗਾਹ ਬਣਿਆ

ਮਾਂਟਰੀਅਲ/ਬਿਊਰੋ ਨਿਊਜ਼ : ਅੱਜ ਕੱਲ੍ਹ ਮਾਂਟਰੀਅਲ ਦਾ ਓਲੰਪਿਕ ਸਟੇਡੀਅਮ ਸ਼ਰਨਾਰਥੀਆਂ ਦੀ ਪਨਾਹਗਾਹ ਵਜੋਂ ਤਿਆਰ ਕੀਤਾ ਗਿਆ ਹੈ। ਇਥੋਂ ਦਾ ਸਟੇਡੀਅਮ ਕਦੇ ਓਲੰਪਿਕ ਖਿਡਾਰੀਆਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਸੀ, ਹੁਣ ਉਸ ਨੂੰ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਨਾਲ ਅਮਰੀਕਾ-ਕੈਨੇਡਾ ਦੀ ਸਰਹੱਦ ਪਾਰ ਕਰਕੇ ਕਿਊਬਿਕ ਦਾਖਲ ਹੋਏ ਲੋਕਾਂ ਦੀ ਜ਼ਿਆਦਾ ਗਿਣਤੀ ਨੂੰ ਵੇਖਦੇ ਹੋਏ ਅਜਿਹਾ ਕੀਤਾ ਗਿਆ ਹੈ।ઠ
ਸ਼ਰਨ ਲੈਣ ਦੇ ਚਾਹਵਾਨਾਂ ਲਈ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ‘ਚ 150 ਬਿਸਤਰੇ ਲਾਏ ਗਏ ਹਨ। ਸ਼ਰਨਾਰਥੀਆਂ ਨੂੰ ਬੱਸਾਂ ਰਾਹੀਂ ਇਥੇ ਲਿਆਂਦਾ ਗਿਆ, ਜਿੱਥੇ ਕਿਊਬਿਕ ਰੈੱਡ ਕਰਾਸ ਦੇ ਵਾਲੰਟੀਅਰਜ਼ ਨੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ।ઠ
ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਓਲੰਪਿਕ ਸਟੇਡੀਅਮ ਨੂੰ ਸ਼ਰਨਾਰਥੀਆਂ ਲਈ ਵਰਤਿਆ ਜਾ ਰਿਹਾ ਹੋਵੇ। ਸ਼ਰਨਾਰਥੀਆਂ ‘ਚੋਂ ਬਹੁਤੇ ਹਾਇਤੀ ਦੇ ਵਾਸੀ ਹਨ, ਜਿਹੜੇ ਅਮਰੀਕਾ ਤੋਂ ਇਸ ਡਰ ਕੇ ਭੱਜ ਆਏ ਕਿ ਜਦੋਂ ਓਬਾਮਾ ਯੁੱਗ ਦੀਆਂ ਨੀਤੀਆਂ ਖ਼ਤਮ ਹੋਣਗੀਆਂ ਤਾਂ ਉਨ੍ਹਾਂ ਨੂੰ ਡੀਪੋਰਟ ਕਰ ਦਿੱਤਾ ਜਾਵੇਗਾ। 2010 ‘ਚ ਆਏ ਜ਼ਬਰਦਸਤ ਭੂਚਾਲ ਮਗਰੋਂ ਇਨ੍ਹਾਂ ਨੂੰ ਆਰਜ਼ੀ ਪ੍ਰੋਟੈਕਟਿਡ ਸਟੇਟਸ ਦਿੱਤਾ ਗਿਆ ਸੀ ਅਤੇ ਉਹ ਜਨਵਰੀ ‘ਚ ਮੁੱਕ ਗਿਆ।
ਜੇ ਇਹ ਪ੍ਰੋਗਰਾਮ 2018 ਤੱਕ ਨਾ ਵਧਾਇਆ ਜਾਂਦਾ ਤਾਂ 60,000 ਹਾਇਤੀਅਨਜ਼ ਨੂੰ ਅਮਰੀਕਾ ਤੋਂ ਬਾਹਰ ਨਿਕਲਣ ਲਈ ਮਜ਼ਬੂਰ ਕੀਤਾ ਜਾ ਸਕਦਾ ਸੀ। ਮਾਂਟਰੀਅਲ ਨਾਰਥ ਦੇ ਮਲਟੀ ਐਥਨਿਕ ਕਮਿਊਨਿਟੀ ਸੈਂਟਰ ਦੇ ਬੁਲਾਰੇ ਨੇ ਦੱਸਿਆ ਕਿ ਮਾਂਟਰੀਅਲ ‘ਚ ਪਨਾਹ ਹਾਸਲ ਕਰਨ ਦੇ ਕਈ ਸ਼ਰਨਾਰਥੀਆਂ ਕੋਲ ਉਹ ਘਰ ਹੀ ਨਹੀਂ ਬਚੇ ਜਿੱਥੇ ਉਹ ਵਾਪਸ ਜਾ ਸਕਣ। ਉਨ੍ਹਾਂ ਦੱਸਿਆ ਕਿ ਹਾਇਤੀ ‘ਚ ਇਨ੍ਹਾਂ ਦਾ ਸਭ ਕੁੱਝ ਖਤਮ ਹੋ ਚੁੱਕਿਆ ਹੈ।ਇਸ ਸਾਲ ਵੀ ਕੈਨੇਡਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਪਨਾਹ ਹਾਸਲ ਕਰਨ ਵਾਲਿਆਂ ਦੀ ਵੱਡੀ ਗਿਣਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਊਬਿਕ ਬਾਰਡਰ ਇਸ ਕੰਮ ਲਈ ਸਭ ਤੋਂ ਪਸੰਦੀਦਾ ਥਾਂ ਬਣ ਗਈ ਹੈ। ਜਨਵਰੀ ਅਤੇ ਜੂਨ ਦੇ ਆਖਿਰ ‘ਚ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਨ ਵਾਲੇ 4,345 ਤੇ 3,350 ਲੋਕ ਕਿਊਬਿਕ ‘ਚ ਹੀ ਦਾਖਲ ਹੋਏ। ਮਾਂਟਰੀਅਲ ਦੇ ਮੇਅਰ ਡੈਨਿਸ ਕੌਡੇਰੇ ਨੇ ਟਵਿੱਟਰ ‘ਤੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਇਮੀਗ੍ਰੇਸ਼ਨ ਸਬੰਧੀ ਨੀਤੀਆਂ ਕਾਰਨ ਹੀ ਇਹ ਸਭ ਹੋ ਰਿਹਾ ਹੈ। ਸਟੇਡੀਅਮ ਨੂੰ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਮਾਂਟਰੀਅਲ ਦੇ ਸੈਲਟਰਜ਼ ਪਹਿਲਾਂ ਹੀ ਭਰ ਚੁੱਕੇ ਹਨ। 3 ਦਿਨਾਂ ‘ਚ ਇਸ ਸਟੇਡੀਅਮ ਨੂੰ ਸ਼ਰਨਾਰਥੀਆਂ ਲਈ ਤਿਆਰ ਕੀਤਾ ਗਿਆ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …