Breaking News
Home / ਹਫ਼ਤਾਵਾਰੀ ਫੇਰੀ / ਪ੍ਰੀਖਿਆ ਕੇਂਦਰ ‘ਚ ਦਾਖ਼ਲ ਹੋਣ ਤੋਂ ਪਹਿਲਾਂ ਅੰਮ੍ਰਿਤਧਾਰੀ ਸਿੱਖਾਂ ਦੀ ਲੁਹਾਈ ਸ੍ਰੀ ਸਾਹਿਬ

ਪ੍ਰੀਖਿਆ ਕੇਂਦਰ ‘ਚ ਦਾਖ਼ਲ ਹੋਣ ਤੋਂ ਪਹਿਲਾਂ ਅੰਮ੍ਰਿਤਧਾਰੀ ਸਿੱਖਾਂ ਦੀ ਲੁਹਾਈ ਸ੍ਰੀ ਸਾਹਿਬ

Examintaion Sikh News 1ਅੰਬਾਲਾ/ਬਿਊਰੋ ਨਿਊਜ਼ : ਸਰਕਾਰੀ ਤਕਨੀਕੀ ਸੰਸਥਾਨ (ਪੁਰਸ਼) ਕੇਂਦਰ ‘ਤੇ ਪਟਵਾਰੀ ਦੀ ਪ੍ਰੀਖਿਆ ਦੇਣ ਆਏ ਸ੍ਰੀ ਸਾਹਿਬ ਪਾਈ ਸਿੱਖ ਨੌਜਵਾਨਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਪ੍ਰੀਖਿਆ ਦੇਣ ਆਏ ਪ੍ਰੀਖਿਆਰਥੀ ਸੁਖਵਿੰਦਰ ਸਿੰਘ ਦੀ ਸ੍ਰੀ ਸਾਹਿਬ ਉਤਰਵਾਈ ਗਈ ਅਤੇ ਰੂਪਿੰਦਰ ਸਿੰਘ ਸਮੇਤ ਦਰਜਨ ਭਰ ਸਿੱਖ ਨੌਜਵਾਨਾਂ ਦੇ ਕੜੇ ਉਤਰਵਾ ਕੇ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਦਿੱਤਾ ਗਿਆ। ਇੰਨਾ ਹੀ ਨਹੀਂ, ਇਕ ਹੋਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਕਰਨਵੀਰ ਸਿੰਘ ਨੂੰ ਵੀ ਜਦ ਸ੍ਰੀ ਸਾਹਿਬ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਕਰਨਵੀਰ ਸਿੰਘ ਨੇ ਫੋਰੀ ਇਸ ਦੀ ਸੂਚਨਾ ਪਰਿਵਾਰ ਅਤੇ ਅਕਾਲੀ ਆਗੂਆਂ ਨੂੰ ਦਿੱਤੀ, ਜਿਸ ਤੋਂ ਬਾਅਦ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਹਰਪਾਲ ਸਿੰਘ ਮਛਾਡਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਗੋਬਿੰਦਗੜ੍ਹ, ਸੂਬਾਈ ਬੁਲਾਰੇ ਸੰਤ ਸਿੰਘ ਕੰਧਾਰੀ, ਰਣਬੀਰ ਸਿੰਘ ਫੌਜੀ, ਗੁਰਚਰਨ ਸਿੰਘ ਬਲਿਸ਼, ਅਮਰਜੀਤ ਸਿੰਘ ਸੁੰਦਰਨਗਰ, ਸਤਵੰਤ ਸਿੰਘ ਢੀਂਡਸਾ ਅਤੇ ਸੁਰਜੀਤ ਸਿੰਘ ਵਾਲੀਆ ਐਡਵੋਕੇਟ ਉਥੇ ਪੁੱਜੇ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਖਾਵੇ ਦਾ ਪਤਾ ਚਲਦੇ ਹੀ ਐਸ.ਡੀ.ਐਮ. ਸ਼ਕਤੀ ਸਿੰਘ ਅਤੇ ਏ.ਸੀ.ਪੀ. ਰਾਜ ਕੁਮਾਰ ਪ੍ਰੀਖਿਆ ਕੇਂਦਰ ਪੁੱਜੇ। ਜਦ ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਤਾਂ ਵਿਖਾਵਾਕਾਰੀ ਸਿੱਖਾਂ ਨੇ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਕਰਾਇਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਦੋਵੇਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਫੋਰੀ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਸਿੱਖ ਆਗੂ ਸ਼ਾਂਤ ਹੋਏ, ਪਰ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਨਾ ਕੀਤਾ ਗਿਆ ਤਾਂ ਉਹ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਜਟਵਾੜ (ਅੰਬਾਲਾ) ਐਤਵਾਰ ਨੂੰ ਪਟਵਾਰੀ ਦੀ ਪ੍ਰੀਖਿਆ ਦੇਣ ਲਈ ਸਰਕਾਰੀ ਤਕਨੀਕੀ ਸੰਸਥਾਨ (ਪੁਰਸ਼) ਅੰਬਾਲਾ ਸ਼ਹਿਰ ਵਿਚ ਪੁੱਜਾ ਤਾਂ ਕੇਂਦਰ ਤੋਂ ਬਾਅਦ ਸੁਰੱਖਿਆ ਕਰਮੀ ਏ.ਐਸ.ਆਈ. ਰਮੇਸ਼ ਚੰਦ ਨੇ ਉਸ ਨੂੰ ਇਹ ਕਹਿ ਕੇ ਅੰਦਰ ਜਾਣ ਤੋਂ ਰੋਕ ਦਿੱਤਾ ਕਿ ਉਹ ਸ੍ਰੀ ਸਾਹਿਬ (ਛੋਟੀ ਕਿਰਪਾਨ) ਪਾ ਕੇ ਅੰਦਰ ਨਹੀਂ ਜਾ ਸਕਦਾ। ਸੁਖਵਿੰਦਰ ਸਿੰਘ ਵੱਲੋਂ ਇਹ ਦੱਸਣ ‘ਤੇ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਅਤੇ 5 ਕਕਾਰ ਪਾਉਣਾ ਉਸ ਦੀ ਧਾਰਮਿਕ ਮਰਿਆਦਾ ਹੈ, ਦੇ ਬਾਵਜੂਦ ਵੀ ਸੁਰੱਖਿਆ ਕਰਮੀ ਨਹੀਂ ਮੰਨਿਆ। ਸੁਖਵਿੰਦਰ ਸਿੰਘ ਮੁਤਾਬਕ ਏ.ਐਸ.ਆਈ. ਨੇ ਕਿਹਾ ਕਿ ਅਸੀਂ ਪੰਜਾਬ ਦੇ ਤਤਕਾਲੀਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਕਿਰਪਾਨ ਪਾ ਕੇ ਸੰਸਦ ਵਿਚ ਨਹੀਂ ਜਾਣ ਦਿੱਤਾ ਸੀ ਤਾਂ ਤੂੰ ਕਿਵੇਂ ਪ੍ਰੀਖਿਆ ਕੇਂਦਰ ਅੰਦਰ ਜਾ ਸਕਦਾ ਹੈ। ਸਮੇਂ ਦੀ ਨਜ਼ਾਕਤ ਤੇ ਮਜਬੂਰੀ ਨੂੰ ਵੇਖਦੇ ਹੋਏ ਸੁਖਵਿੰਦਰ ਸਿੰਘ ਸ੍ਰੀ ਸਾਹਿਬ ਬਾਹਰ ਉਤਾਰ ਕੇ ਪ੍ਰੀਖਿਆ ਦੇਣ ਅੰਦਰ ਚਲਿਆ ਗਿਆ। ਇਸ ਵਿਚਾਲੇ ਉਪਰੋਕਤ ਪਿੰਡ ਵਾਸੀ ਰੂਪਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਸਮੇਤ ਇਕ ਦਰਜਨ ਤੋਂ ਵੱਧ ਪ੍ਰੀਖਿਆਰਥੀ ਜਦ ਪ੍ਰੀਖਿਆ ਦੇਣ ਲਈ ਕੇਂਦਰ ਵਿਚ ਜਾਣ ਲੱਗੇ ਤਾਂ ਸੁਰੱਖਿਆ ਕਰਮੀ ਏ.ਐਸ.ਆਈ. ਰਮੇਸ਼ ਚੰਦ ਨੇ ਹੱਥਾਂ ਵਿਚ ਪਾਏ ਹੋਏ ਕੜੇ ਉਤਰਵਾ ਲਏ। ਇਸ ਤੋਂ ਪਹਿਲਾਂ ਕਰਨਵੀਰ ਸਿੰਘ ਵਾਸੀ ਪਿੰਡ ਜਟਵਾੜ (ਅੰਬਾਲਾ) ਪਟਵਾਰੀ ਦੀ ਪ੍ਰੀਖਿਆ ਦੇਣ ਲਈ ਸਰਕਾਰੀ ਤਕਨੀਕੀ ਸੰਸਥਾਨ (ਪੁਰਸ਼) ਅੰਬਾਲਾ ਸ਼ਹਿਰ ਵਿਚ ਪੁੱਜਿਆ ਤਾਂ ਕੇਂਦਰ ਮੁਖੀ ਫਕੀਰ ਚੰਦ ਨੇ ਉਸ ਨੂੰ ਹਾਲ ਦੇ ਬਾਹਰ ਇਹ ਕਹਿ ਕੇ ਰੋਕ ਲਿਆ ਕਿ ਉਹ ਸ੍ਰੀ ਸਾਹਿਬ (ਛੋਟੀ ਕਿਰਪਾਨ) ਪਾ ਕੇ ਪ੍ਰੀਖਿਆ ਵਿਚ ਨਹੀਂ ਬੈਠ ਸਕਦਾ। ਕਰਨਵੀਰ ਸਿੰਘ ਨੇ ਕੇਂਦਰ ਮੁਖੀ ਨੂੰ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਦਿੱਤੀ। ਪਰ ਕੇਂਦਰ ਮੁਖੀ ਨੇ ਉਸ ਦੀ ਇਕ ਨਹੀਂ ਸੁਣੀ ਅਤੇ ਉਸ ਨੂੰ ਬਾਹਰ ਕੱਢ ਦਿੱਤਾ। ਪ੍ਰੀਖਿਆਰਥੀ ਮੁਤਾਬਕ ਉਸ ਨੇ ਕੇਂਦਰ ਤੋਂ ਬਾਹਰ ਆ ਕੇ ਆਪਣੇ ਮੋਬਾਈਲ ਤੋਂ ਇਸ ਦੀ ਸੂਚਨਾ ਪਰਿਵਾਰ ਅਤੇ ਅਕਾਲੀ ਆਗੂਆਂ ਨੂੰ ਦਿੱਤੀ। ਇਸ ਦੌਰਾਨ ਕਰਨਵੀਰ ਸਿੰਘ ਵੱਲੋਂ ਆਪਣੇ ਪਰਿਵਾਰ ਅਤੇ ਸ਼ੁਭ ਚਿੰਤਕਾਂ ਨੂੰ ਫੋਨ ਕਰਨ ਕਾਰਨ ਕਈ ਸੀਨੀਅਰ ਅਕਾਲੀ ਆਗੂ ਅਤੇ ਪਤਵੰਤੇ ਵੀ ਪ੍ਰੀਖਿਆ ਕੇਂਦਰ ਦੇ ਬਾਹਰ ਪੁੱਜ ਗਏ। ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਹਰਪਾਲ ਸਿੰਘ ਮਛਾਡਾ, ਕੌਮੀ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਗੋਬਿੰਦਗੜ੍ਹ, ਸੂਬਾਈ ਬੁਲਾਰੇ ਸੰਤ ਸਿੰਘ ਕੰਧਾਰੀ, ਰਣਬੀਰ ਸਿੰਘ ਫੌਜੀ, ਗੁਰਚਰਨ ਸਿੰਘ ਬਲਿਸ਼, ਅਮਰਜੀਤ ਸਿੰਘ ਸੁੰਦਰਨਗਰ, ਸਤਵੰਤ ਸਿੰਘ ਢੀਂਡਸਾ ਅਤੇ ਸੁਰਜੀਤ ਸਿੰਘ ਵਾਲੀਆ ਐਡਵੋਕੇਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਿੱਖ ਰਹਿਤ ਮਰਿਆਦਾ ਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ। ਇਸ ਤੋਂ ਬਾਅਦ ਕਾਫ਼ੀ ਤਕਰਾਰ ਤੋਂ ਬਾਅਦ ਕਰੀਬ ਇਕ ਘੰਟੇ ਦੇਰੀ ਨਾਲ ਪ੍ਰੀਖਿਆਰਥੀ ਨੂੰ ਪ੍ਰੀਖਿਆ ਲਈ ਅੰਦਰ ਜਾਣ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਸਰਕਾਰ ਨਾਲ ਗੱਲਬਾਤ ਕਰੇ : ਸਿੰਘ ਸਾਹਿਬ
ਕੁਰੂਕਸ਼ੇਤਰ : ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਹੋਰ ਧਾਰਮਿਕ ਚਿੰਨ੍ਹਾਂ ‘ਤੇ ਕਦੇ ਨੁਕਤਾਚੀਨੀ ਨਹੀਂ ਕਰਦੇ, ਪਰ ਸਿੱਖ ਰਹਿਤ ਮਰਿਆਦਾ ਦੇ ਅਭਿੰਨ ਅੰਗ ਪੰਜ ਕਕਾਰਾਂ ਨੂੰ ਵਾਰ-ਵਾਰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ।  ਇਹ ਸ਼ਰਮਨਾਕ ਘਟਨਾਵਾਂ ਹਨ ਤੇ ਛੋਟੀ ਸੋਚ ਦਾ ਨਤੀਜਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਚਾਹੀਦਾ ਹੈ ਕਿ ਉਹ ਇਸ ਗੰਭੀਰ ਵਿਸ਼ੇ ‘ਤੇ ਸਰਕਾਰ ਨਾਲ ਗੱਲਬਾਤ ਕਰੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ। ਜਥੇਦਾਰ ਸਾਹਿਬ ਨੇ ਕਿਹਾ ਕਿ ਭਵਿੱਖ ਵਿਚ ਜੇਕਰ ਅਜਿਹੀ ਘਟਨਾ ਹੁੰਦੀ ਹੈ ਤਾਂ ਉਹ ਗੰਭੀਰ ਕਦਮ ਚੁੱਕਣ ਲਈ ਮਜਬੂਰ ਹੋਣਗੇ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …