11.5 C
Toronto
Tuesday, October 27, 2026
spot_img
Homeਹਫ਼ਤਾਵਾਰੀ ਫੇਰੀਪੰਜਾਬ ਕਾਂਗਰਸ ਨੂੰ ਵੋਟ ਬੈਂਕ ਖਿਸਕਣ ਦਾ ਡਰ

ਪੰਜਾਬ ਕਾਂਗਰਸ ਨੂੰ ਵੋਟ ਬੈਂਕ ਖਿਸਕਣ ਦਾ ਡਰ

ਪੰਜਾਬ ਕਾਂਗਰਸ ਨੂੰ ਵੋਟ ਬੈਂਕ ਖਿਸਕਣ ਦਾ ਡਰਕੇਸੀ ਵੇਣੂਗੋਪਾਲ ਨੇ ਗਠਜੋੜ ਬਾਰੇ ਸੂਬੇ ਦੇ ਆਗੂਆਂ ਨਾਲ ਕੀਤੀ ਸਲਾਹ
ਚੰਡੀਗੜ੍ਹ/ਬਿਊਰੋ ਨਿਊਜ਼ :ਪੰਜਾਬ ਕਾਂਗਰਸ ਦੀ ਲੀਡਰਸ਼ਿਪ ਕਿਸੇ ਵੀ ਰੂਪ ‘ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨਾਲ ਲੋਕ ਸਭਾ ਚੋਣਾਂ ਵਿਚ ਸਮਝੌਤਾ ਨਹੀਂ ਕਰਨਾ ਚਾਹੁੰਦੀ।
ਕਾਂਗਰਸ ਪਾਰਟੀ ਨੂੰ ਡਰ ਹੈ ਕਿ ਇਸ ਨਾਲ ਉਸ ਦਾ ਵੋਟ ਬੈਂਕ ਖਿਸਕ ਸਕਦਾ ਹੈ ਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਚੋਣਾਂ ਤੋਂ ਬਾਅਦ ਇਹ ਸਾਡੇ ਕੋਲ ਵਾਪਸ ਆ ਜਾਵੇਗਾ। ਇਹ ਡਰ ਉਸ ਚਰਚਾ ‘ਚ ਸਾਹਮਣੇ ਆਇਆ ਜਦ ਪਾਰਟੀ ਦੀ ਸੂਬਾਈ ਲੀਡਰਸ਼ਿਪ, ਸੰਸਦ ਮੈਂਬਰ ਤੇ ਸੀਨੀਅਰ ਆਗੂਆਂ ਵਿਚਾਲੇ ਦਿੱਲੀ ਵਿਚ ਗੱਲ ਹੋਈ। ਕਾਂਗਰਸ ਤੇ ‘ਆਪ’ ਆਈਐੱਨਡੀਆਈਏ (ਇੰਡੀਆ) ਗਠਜੋੜ ਦੀਆਂ ਭਾਈਵਾਲ ਪਾਰਟੀਆਂ ਹਨ ਤੇ ਇਨ੍ਹੀਂ ਦਿਨੀਂ ਭਾਈਵਾਲ ਪਾਰਟੀਆਂ ਵਿਚਾਲੇ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ, ਪਰ ਪੰਜਾਬ ਕਾਂਗਰਸ ਸੰਗਠਨ ਨਾਲ ਜੁੜੇ ਆਗੂ ‘ਆਪ’ ਨਾਲ ਗੱਠਜੋੜ ਨਹੀਂ ਚਾਹੁੰਦੇ। ਲੋਕ ਸਭਾ ਚੋਣਾਂ ਲਈ ‘ਆਪ’ ਨਾਲ ਗੱਠਜੋੜ ਕੀਤਾ ਜਾਵੇ ਜਾਂ ਨਹੀਂ? ਇਸ ‘ਤੇ ਰਾਇ ਲੈਣ ਲਈ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਬੁੱਧਵਾਰ ਨੂੰ ਦਿੱਲੀ ਵਿਚ ਪੰਜਾਬ ਦੇ ਪਾਰਟੀ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਸੀ। ਇਸ ਵਿਚ ਸੰਸਦ ਮੈਂਬਰਾਂ ਤੋਂ ਇਲਾਵਾ ਪੰਜਾਬ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ। ਸਾਰਿਆਂ ਨੇ ਆਪੋ-ਆਪਣੀ ਰਾਇ ਗੱਠਜੋੜ ਨੂੰ ਲੈ ਕੇ ਦਿੱਤੀ। ਜਿੱਥੇ ਸੰਸਦ ਮੈਂਬਰਾਂ ਦਾ ਇਕ ਵੱਡਾ ਧੜਾ ਇਹ ਚਾਹੁੰਦਾ ਸੀ ਕਿ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਹੋਵੇ, ਉਥੇ ਸੂਬਾਈ ਲੀਡਰਸ਼ਿਪ ਦਾ ਕਹਿਣਾ ਸੀ ਕਿ ਇਸ ਸਮੇਂ ਆਮ ਆਦਮੀ ਪਾਰਟੀ ਸੂਬੇ ਵਿਚ ਸਰਕਾਰ ਚਲਾ ਰਹੀ ਹੈ ਤੇ ਜਿਸ ਤਰ੍ਹਾਂ 2022 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ 72 ਫ਼ੀਸਦੀ ਵੋਟ ਸ਼ੇਅਰ ਮਿਲਿਆ ਸੀ, ਉਹ ਸੰਗਰੂਰ ਲੋਕ ਸਭਾ ਉੱਪ ਚੋਣ ਵਿਚ 50 ਫ਼ੀਸਦੀ ਤੇ ਜਲੰਧਰ ਉੱਪ ਚੋਣ ਵਿਚ 34 ਫ਼ੀਸਦੀ ਤੱਕ ਆ ਗਿਆ ਹੈ, ਜਦਕਿ ਕਾਂਗਰਸ ਦਾ ਵੋਟ ਸ਼ੇਅਰ 15 ਤੋਂ ਵੱਧ ਕੇ 28 ਫ਼ੀਸਦੀ ਹੋ ਗਿਆ ਹੈ।
ਸੱਤਾਧਾਰੀ ਪਾਰਟੀ ਦਾ ਗ੍ਰਾਫ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਾ ਉਤਰਨ ਕਾਰਨ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ।
ਮੁੱਖ ਵਿਰੋਧੀ ਸਿਆਸੀ ਪਾਰਟੀ ਹੋਣ ਕਾਰਨ ਇਸ ਦਾ ਫ਼ਾਇਦਾ ਕਾਂਗਰਸ ਨੂੰ ਹੋਵੇਗਾ ਪਰ ਪਾਰਟੀ ਨੇ ‘ਆਪ’ ਨਾਲ ਸਮਝੌਤਾ ਕਰ ਲਿਆ ਤਾਂ ਪਾਰਟੀ ਦਾ ਵੋਟ ਬੈਂਕ ਵੀ ਨਿਰਾਸ਼ ਹੋ ਕੇ ਭਾਜਪਾ ਜਾਂ ਅਕਾਲੀ ਦਲ ‘ਚ ਜਾ ਸਕਦਾ ਹੈ। ਆਪ ਨਾਲ ਨਾਰਾਜ਼ ਲੋਕ ਵੀ ਅਕਾਲੀ ਦਲ ਤੇ ਭਾਜਪਾ ਵੱਲ ਜਾ ਸਕਦੇ ਹਨ।
ਅਕਾਲੀ-ਭਾਜਪਾ ਗਠਜੋੜ ਨਾਲ ਮਿਲੇਗਾ ਫਾਇਦਾ
ਕਾਂਗਰਸ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਕਿ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿਚ ਬੇਸ਼ੱਕ ਪੂਰਾ ਦੇਸ਼ ਭਾਜਪਾ ਨੂੰ ਵੋਟ ਦੇ ਰਿਹਾ ਸੀ ਪਰ ਪੰਜਾਬ ਇਸ ਖ਼ਿਲਾਫ਼ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਵੀ ਜਾਂਦਾ ਹੈ ਤਾਂ ਵੀ ਇਸ ਦਾ ਲਾਭ ਕਾਂਗਰਸ ਨੂੰ ਹੀ ਹੋਵੇਗਾ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਗੱਠਜੋੜ ਤੋਂ ਵੱਖ ਹੋਏ ਅਕਾਲੀ ਦਲ ਤੋਂ ਵੀ ਵੋਟਰ ਨਾਰਾਜ਼ ਹਨ। ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਹੁਣ ਅਕਾਲੀ ਦਲ ਨਾਲ ਸਮਝੌਤੇ ‘ਚ ਛੇ ਸੀਟਾਂ ਚਾਹੁੰਦੀ ਹੈ। ਬੈਠਕ ਵਿਚ ਇਹ ਵੀ ਤੈਅ ਹੋਇਆ ਹੈ ਕਿ ਪਾਰਟੀ ਹਰ ਸੀਟ ਦਾ ਸਰਵੇ ਕਰਵਾਏਗੀ ਤੇ ਇਹ ਵੀ ਦੇਖੇਗੀ ਕਿ ਕਿਸ ਸੀਟ ‘ਤੇ ਕਾਂਗਰਸ ਮਜ਼ਬੂਤ ਹੈ ਤੇ ਕਿਸ ਸੀਟ ‘ਤੇ ਕੋਈ ਹੋਰ ਪਾਰਟੀ।

 

RELATED ARTICLES
POPULAR POSTS