ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 16 ਸਾਲ ਤੋਂ ਘਟ ਉਮਰ ਦੇ ਬੱਚਿਆਂ ਦੀ ਖੁਸ਼ੀ ਅਤੇ ਸੁਰੱਖਿਆ ਲਈ ਸੋਸ਼ਲ ਮੀਡੀਆ ਐਪਸ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਲੰਡਨ ‘ਚ 10 ਡਾਊਨਿੰਗ ਸਟਰੀਟ ਤੋਂ ਆਪਣੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਨਾਬਾਲਗ ਬੱਚਿਆਂ ਦਾ ਪਿਤਾ ਅਤੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਹ ਸਹੀ ਫ਼ੈਸਲਾ ਹੈ। ਉਨ੍ਹਾਂ ਮੰਨਿਆ ਕਿ ਅਜਿਹੀ ਪਾਬੰਦੀ ਲਗਾਉਣਾ ਇੰਨਾ ਸੌਂਖਾ ਨਹੀਂ ਹੋਵੇਗਾ ਕਿਉਂਕਿ ਦੁਨੀਆ ਦੀਆਂ ਬਹੁਤ ਹੀ ਤਾਕਤਵਰ ਤਕਨਾਲੋਜੀ ਕੰਪਨੀਆਂ ਇਸ ‘ਚ ਸ਼ਾਮਲ ਹਨ ਪਰ ਬੱਚਿਆਂ ਦੀ ਸਿਹਤ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਇਹ ਕਦਮ ਜ਼ਰੂਰੀ ਹੈ।
ਸਟਾਰਮਰ ਨੇ ਕਿਹਾ, ”ਇਹ ਸਾਡੇ ਮੁਲਕ ਲਈ ਵੱਡਾ ਪਲ ਹੈ। ਇਹ ਸਾਡੇ ਬੱਚਿਆਂ ਅਤੇ ਭਵਿੱਖ ਲਈ ਵੱਡਾ ਕਦਮ ਹੈ ਕਿਉਂਕਿ ਸਰਕਾਰ 16 ਸਾਲ ਤੋਂ ਘਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਹੁੰਚ ‘ਤੇ ਪਾਬੰਦੀ ਲਗਾਏਗੀ।” ਮਾਪਿਆਂ ਸਮੇਤ ਹੋਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਸਰਕਾਰ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ, ਬੁਲਿੰਗ ਅਤੇ ਮਾਨਸਿਕ ਤਣਾਅ ਤੋਂ ਬਚਾਉਣ ਲਈ ਟਿਕਟੌਕ, ਸਨੈਪਚੈਟ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਐਪਸ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਟਾਰਮਰ ਮੁਤਾਬਕ ਇਹ ਐਪਸ ਨਸ਼ੇ ਵਾਂਗ ਹਨ, ਜੋ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦਾ ਨੁਕਸਾਨ ਕਰਦੇ ਹਨ। ਇਹ ਕਾਨੂੰਨ ਅਗਲੇ ਸਾਲ ਬਸੰਤ ਰੁੱਤ ਤੱਕ ਲਾਗੂ ਹੋ ਸਕਦਾ ਹੈ ਜਿਸ ਵਿੱਚ ਗੇਮਿੰਗ ਅਤੇ ਲਾਈਵ ਸਟ੍ਰੀਮਿੰਗ ਪਲੈਟਫਾਰਮਾਂ ‘ਤੇ ਉਮਰ ਦੀ ਪੁਸ਼ਟੀ ਵੀ ਲਾਜ਼ਮੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਆਸਟਰੇਲੀਆ 16 ਸਾਲ ਤੋਂ ਘਟ ਉਮਰ ਦੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ‘ਤੇ ਰੋਕ ਲਗਾ ਚੁੱਕਿਆ ਹੈ।
ਬਰਤਾਨੀਆ ‘ਚ ਬੱਚਿਆਂ ਲਈ ਸੋਸ਼ਲ ਮੀਡੀਆ ਐਪਸ ‘ਤੇ ਲੱਗੇਗੀ ਰੋਕ
RELATED ARTICLES

