Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਤੇ ਮੈਕਸੀਕੋ ‘ਤੇ ਟੈਕਸ ਲਾਉਣ ਦਾ ਫੈਸਲਾ ਡੋਨਾਲਡ ਟਰੰਪ ਨੇ 30 ਦਿਨਾਂ ਲਈ ਟਾਲਿਆ

ਕੈਨੇਡਾ ਤੇ ਮੈਕਸੀਕੋ ‘ਤੇ ਟੈਕਸ ਲਾਉਣ ਦਾ ਫੈਸਲਾ ਡੋਨਾਲਡ ਟਰੰਪ ਨੇ 30 ਦਿਨਾਂ ਲਈ ਟਾਲਿਆ

ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਜਸਟਿਨ ਟਰੂਡੋ ਅਤੇ ਕਲੌਡੀਆ ਸ਼ੀਨਬੌਮ ਨਾਲ ਗੱਲਬਾਤ
ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਵਸਤਾਂ ‘ਤੇ 25 ਫੀਸਦ ਟੈਕਸ ਲਾਉਣ ਦੇ ਆਪਣੇ ਫੈਸਲੇ ‘ਤੇ ਅਗਲੇ 30 ਦਿਨਾਂ ਲਈ ਰੋਕ ਲਾ ਦਿੱਤੀ ਹੈ। ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਮੈਕਸੀਕੋ ਦੀ ਆਪਣੀ ਹਮਰੁਤਬਾ ਕਲੌਡੀਆ ਸ਼ੀਨਬੌਮ ਨਾਲ ਗੱਲਬਾਤ ਮਗਰੋਂ ਇਹ ਫੈਸਲਾ ਲਿਆ ਹੈ। ਟਰੰਪ ਨੇ ਟੈਰਿਫ ਦੇ ਮੁੱਦੇ ਨੂੰ ਲੈ ਕੇ ਟਰੂਡੋ ਨਾਲ ਇਕ ਦਿਨ ਵਿਚ ਦੋ ਗੇੜ ਦੀ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਕੈਨੇਡਾ ਤੇ ਮੈਕਸੀਕੋ ਨੇ ਅਮਰੀਕਾ ਵੱਲੋਂ ਟੈਰਿਫ ਦੀ ਸ਼ਰਤ ਹਟਾਉਣ ਬਦਲੇ ਅਮਰੀਕਾ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ‘ਤੇ ਸਖ਼ਤੀ ਦਾ ਭਰੋਸਾ ਦਿੱਤਾ ਹੈ। ਉਂਝ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਮਰੀਕਾ ਵੱਲੋਂ ਚੀਨ ਤੋਂ ਦਰਾਮਦ ਵਸਤਾਂ ‘ਤੇ ਲੱਗਣ ਵਾਲਾ 10 ਫੀਸਦ ਟੈਰਿਫ ਲਾਗੂ ਹੋਏਗਾ ਜਾਂ ਉਸ ਨੂੰ ਵੀ ਟਾਲ ਦਿੱਤਾ ਗਿਆ ਹੈ। ਚੀਨ ਤੋਂ ਸਾਰਾ ਸਾਮਾਨ ਸਮੁੰਦਰੀ ਜਾਂ ਹਵਾਈ ਰਸਤੇ ਹੀ ਅਮਰੀਕਾ ਪਹੁੰਚਦਾ ਹੈ। ਚੇਤੇ ਰਹੇ ਕਿ ਕੈਨੇਡਾ, ਮੈਕਸੀਕੋ ਤੇ ਚੀਨ ‘ਤੇ ਟੈਕਸ ਲਾਉਣ ਦੇ ਫੈਸਲੇ ਮਗਰੋਂ ਵਪਾਰਕ ਜੰਗ ਛਿੜਣ ਦੇ ਖਦਸ਼ਿਆਂ ਦਰਮਿਆਨ ਟਰੰਪ ਨੇ ਲੰਘੇ ਦਿਨੀਂ ਕੈਨੇਡਾ ਤੇ ਮੈਕਸੀਕੋ ਨਾਲ ਗੱਲਬਾਤ ਦੀ ਇੱਛਾ ਜਤਾਈ ਸੀ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਰਾਸ਼ਟਰਪਤੀ ਟਰੰਪ ਨਾਲ ਚੰਗੀ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਹੱਦੀ 1.3 ਬਿਲੀਅਨ ਡਾਲਰ ਦੀ ਯੋਜਨਾ ਲਾਗੂ ਕਰ ਰਿਹਾ ਹੈ, ਜਿਸ ਵਿਚ ਨਵੇਂ ਹੈਲੀਕਾਪਟਰਾਂ, ਤਕਨਾਲੋਜੀ ਅਤੇ ਕਰਮਚਾਰੀਆਂ ਨਾਲ ਸਰਹੱਦ ਨੂੰ ਮਜ਼ਬੂਤ ਕਰਨਾ, ਅਮਰੀਕੀ ਭਾਈਵਾਲਾਂ ਨਾਲ ਤਾਲਮੇਲ ਵਧਾਉਣਾ ਅਤੇ ਫੈਂਟਾਨਿਲ (ਦਰਦ ਨਿਵਾਰਕ ਦਵਾਈ) ਦੇ ਪ੍ਰਵਾਹ ਨੂੰ ਰੋਕਣ ਲਈ ਸਰੋਤਾਂ ਵਿੱਚ ਵਾਧਾ ਕਰਨਾ ਆਦਿ ਸ਼ਾਮਲ ਹਨ।
ਵਿਰੋਧੀ ਧਿਰ ਵੱਲੋਂ ਸਰਹੱਦ ‘ਤੇ ਫੌਜ ਤੇ ਨਿਗਰਾਨ ਭੇਜਣ ਦੀ ਅਪੀਲ
ਕੈਨੇਡਾ ਵਿੱਚ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਲੀਵਰ ਨੇ ਟਰੂਡੋ ਨੂੰ ਸਰਹੱਦ ‘ਤੇ ਫੌਜ ਦੇ ਜਵਾਨ, ਹੈਲੀਕਾਪਟਰ ਅਤੇ ਨਿਗਰਾਨ ਭੇਜਣ ਦੀ ਅਪੀਲ ਕੀਤੀ ਹੈ। ਪੋਲੀਵਰ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਦੇ ਸਰਹੱਦੀ ਏਜੰਟਾਂ ਨੂੰ ਕਿਹਾ ਕਿ ਉਹ ਅਧਿਕਾਰਤ ਸਰਹੱਦੀ ਕਰਾਸਿੰਗ ਤੱਕ ਸੀਮਤ ਨਾ ਰਹਿਣ ਬਲਕਿ ਸਰਹੱਦ ‘ਤੇ ਹਰ ਜਗ੍ਹਾ ਗਸ਼ਤ ਕਰਨ ਅਤੇ ਘੱਟੋ-ਘੱਟ 2,000 ਨਵੇਂ ਸੀਬੀਐੱਸਏ ਏਜੰਟਾਂ ਨੂੰ ਨਿਯੁਕਤ ਕਰਨ ਤਾਂ ਕਿ ਨਸ਼ੀਲੇ ਪਦਾਰਥਾਂ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਸਕੇ।
ਮੁਲਾਜ਼ਮ ਆਗੂਆਂ ਵੱਲੋਂ ਕੈਨੇਡਾ ਵਾਸੀਆਂ ਨੂੰ ਇਕਜੁੱਟ ਰਹਿਣ ਦਾ ਸੱਦਾ
ਕੈਨੇਡਾ ਦੇ ਨਿੱਜੀ ਕਾਮਿਆਂ ਦੀ ਸਭ ਤੋਂ ਵੱਡੀ ਯੂਨੀਅਨ ਯੂਨੀਫਾਰ ਦੀ ਕੌਮੀ ਪ੍ਰਧਾਨ ਲੈਨਾ ਪਾਇਨੇ ਨੇ ਕਿਹਾ ਕਿ ਬੇਸ਼ੱਕ 30 ਦਿਨ ਦੀ ਮੋਹਲਤ ਨਾਲ ਕੁਝ ਰਾਹਤ ਮਿਲੀ ਹੈ, ਪਰ ਟੈਕਸ ਜੰਗ ਦੀਆਂ ਧਮਕੀਆਂ ਤੋਂ ਡਰਨ ਤੇ ਇਹ ਪ੍ਰਭਾਵ ਲੈਣ ਦੀ ਲੋੜ ਨਹੀਂ ਕਿ ਕੈਨੇਡਾ ਆਪਣੇ ਅਕੀਦਿਆਂ ਤੋਂ ਪਿੱਛੇ ਹਟੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਕਜੁੱਟ ਹੋਣ ਲਈ ਕਿਹਾ। ਟੈਰਿਫ ਇਕ ਮਹੀਨੇ ਲਈ ਟਲਣ ਤੋਂ ਬਾਅਦ ਕੈਨੇਡਾ ਦੇ ਸ਼ਰਾਬ ਠੇਕੇਦਾਰਾਂ ਨੇ ਅਮਰੀਕੀ ਸ਼ਰਾਬ ‘ਤੇ ਲਾਈ ਪਾਬੰਦੀ ਤੁਰੰਤ ਹਟਾ ਲਈ ਤੇ ਅਮਰੀਕਾ ਦੀ ਥਾਂ ਕੈਨੇਡੀਆਈ ਉਤਪਾਦਨ ਨੂੰ ਪਹਿਲ ਦੇਣ ਵਾਲੀਆਂ ਤਖ਼ਤੀਆਂ ਵੀ ਹਟਾ ਦਿੱਤੀਆਂ ਹਨ।

 

Check Also

ਅਮਰੀਕਾ ‘ਚੋਂ ਡਿਪੋਰਟ ਕੀਤੇ ਗਏ 104 ਭਾਰਤੀ ਵਤਨ ਪਰਤੇ

ਅੰਮ੍ਰਿਤਸਰ ਪੁੱਜੇ ਭਾਰਤੀਆਂ ‘ਚ ਹਰਿਆਣਾ ਦੇ 35 ਅਤੇ ਗੁਜਰਾਤ ਦੇ 33 ਵਿਅਕਤੀ ਅੰਮ੍ਰਿਤਸਰ : ਅਮਰੀਕਾ …