Breaking News
Home / ਹਫ਼ਤਾਵਾਰੀ ਫੇਰੀ / ਸਿੱਧੂ ਦੇ ਡਰੋਂ ਅਮਰਿੰਦਰ ਫਿਰ ਬੋਲਣ ਲੱਗੇ ਦਿੱਲੀ ਦੀ ਭਾਸ਼ਾ

ਸਿੱਧੂ ਦੇ ਡਰੋਂ ਅਮਰਿੰਦਰ ਫਿਰ ਬੋਲਣ ਲੱਗੇ ਦਿੱਲੀ ਦੀ ਭਾਸ਼ਾ

ਕਿਹਾ : ਕਰਤਾਰਪੁਰ ਲਾਂਘਾ ਖੁੱਲ੍ਹਣ ਪਿੱਛੇ ਪਾਕਿ ਦੀ ਹੋ ਸਕਦੀ ਹੈ ਸ਼ਾਜ਼ਿਸ਼
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਪਿੱਛੇ ਪਾਕਿਸਤਾਨ ਦੇ ਗੁਪਤ ਇਰਾਦਿਆਂ ਬਾਰੇ ਚੌਕਸ ਰਹਿਣ ਦਾ ਰਾਗ ਮੁੜ ਅਲਾਪਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਪਿਛਲੇ 70 ਸਾਲਾਂ ਤੋਂ ਲਾਂਘਾ ਖੋਲ੍ਹਣ ਦੀ ਮੰਗ ਕਰ ਰਿਹਾ ਸੀ ਪਰ ਪਾਕਿਸਤਾਨ ਵੱਲੋਂ ਅਚਾਨਕ ਇਸ ਮੰਗ ਨੂੰ ਸਵੀਕਾਰ ਕਰ ਲੈਣ ਪਿੱਛੇ ਕੋਈ ਲੁਕਿਆ ਇਰਾਦਾ ਵੀ ਹੋ ਸਕਦਾ ਹੈ। ਇਸ ਦਾ ਮਕਸਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤ ਕੇ ਭਾਈਚਾਰੇ ਨੂੰ ਦੁਫਾੜ ਕਰਨਾ ਵੀ ਹੋ ਸਕਦਾ ਹੈ। ਲਾਂਘੇ ਨੂੰ ਆਈ ਐਸ ਆਈ ਦੀ ਚਾਲ ਦੱਸਣ ਵਾਲੇ ਅਮਰਿੰਦਰ ਸਿੰਘ ਮੁੜ ਤੋਂ ਦਿੱਲੀ ਦੀ ਬੋਲੀ ਬੋਲਣ ਲੱਗੇ ਹਨ। ਖਾਸ ਕਰਕੇ ਉਸ ਵੇਲੇ ਜਦੋਂ ਨਵਜੋਤ ਸਿੱਧੂ ਨੂੰ ਪਾਕਿ ਵੱਲੋਂ ਉਚੇਚਾ ਸੱਦਾ ਆ ਗਿਆ।
ਸਿੱਧੂ ਵਿਸ਼ੇਸ਼ ਇਜਲਾਸ ‘ਚੋਂ ਰਹੇ ਗੈਰਹਾਜ਼ਰ
ਕੈਬਨਿਟ ਮੰਤਰੀ ਰੰਧਾਵਾ ਨੇ ਲਾਂਘੇ ਦਾ ਸਿਹਰਾ ਸਿੱਧੂ ਸਿਰ ਬੰਨ੍ਹਿਆ
ਚੰਡੀਗੜ੍ਹ : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਦੇ ਵਿਸ਼ੇਸ਼ ਇਜਲਾਸ ਵਿਚੋਂ ਨਵਜੋਤ ਸਿੱਧੂ ਗੈਰਹਾਜ਼ਰ ਰਹੇ, ਪਰ ਉਨ੍ਹਾਂ ਦੀ ਚਰਚਾ ਜ਼ਰੂਰ ਹੁੰਦੀ ਰਹੀ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਸਿਰ ਬੰਨ੍ਹਿਆ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਗਿਲਾ ਹੈ ਕਿ ਅੱਜ ਦੇ ਇਜਲਾਸ ਵਿਚ ਸਿੱਧੂ ਸ਼ਾਮਲ ਨਹੀਂ ਹੋਏ, ਪਰ ਸਿੱਧੂ ਨੂੰ ਲਾਂਘਾ ਖੁੱਲ੍ਹਣ ਸਬੰਧੀ ਇਮਰਾਨ ਖਾਨ ਸਰਕਾਰ ਦਾ ਧੰਨਵਾਦ ਕਰਨ ਲਈ ਪਾਕਿਸਤਾਨ ਜਾਣ ਵਾਲੇ ਪਹਿਲੇ ਜਥੇ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਨੇ ਭਾਵੇਂ ਇਸ ਪ੍ਰੋਜੈਕਟ ਲਈ ਅਹਿਮ ਭੂਮਿਕਾ ਨਿਭਾਈ ਹੈ, ਪਰ ਪਾਕਿਸਤਾਨੀ ਫੌਜ ਦੀ ਯੋਜਨਾ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਗੁਰਬਾਣੀ ਦੇ ‘ਸਿੱਧੇ ਪ੍ਰਸਾਰਣ’ ਦੇ ਰਾਈਟ ਸਾਰੇ ਟੀ.ਵੀ. ਚੈਨਲਾਂ ਨੂੰ ਦੇਣ ਬਾਰੇ ਵਿਧਾਨ ਸਭਾ ਵਲੋਂ ਮਤਾ ਪਾਸ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਗੁਰਬਾਣੀ ਨੂੰ ਦੁਨੀਆਂ ਦੇ ਕੋਨੇ ਕੋਨੇ ਪਹੁੰਚਾਉਣਾ ਚਾਹੀਦਾ ਹੈ ਅਤੇ ਇਹ ਤਾਂ ਹੋ ਸਕਦਾ ਹੈ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਹੁੰਦਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਹਰ ਟੀ.ਵੀ ਚੈਨਲ ਤੇ ਰੇਡੀਓ ‘ਤੇ ਵੀ ਹੋਵੇ। ਬਾਜਵਾ ਨੇ ਇਸ ਸਬੰਧੀ ਸਦਨ ਅੱਗੇ ਮਤਾ ਪੇਸ਼ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਨ ਵਲੋਂ ਬੇਨਤੀ ਕੀਤੀ ਜਾਵੇ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ‘ਸਿੱਧੇ ਪ੍ਰਸਾਰਣ’ ਦੇ ਰਾਈਟ ਸਾਰੇ ਟੀ.ਵੀ. ਚੈਨਲਾਂ ਅਤੇ ਰੇਡੀਓ ਸਟੇਸ਼ਨ ਨੂੰ ਵੀ ਦਿੱਤੇ ਜਾਣ। ਬਾਜਵਾ ਵਲੋਂ ਪੇਸ਼ ਕੀਤਾ ਇਹ ਮਤਾ ਸਦਨ ਵਲੋਂ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ ਸਾਰੇ ਦੇ ਸਾਰੇ ਸਾਈਨ ਬੋਰਡ ਭਾਵੇਂ ਉਹ ਸਰਕਾਰੀ ਵਿਭਾਗਾਂ ਦੇ ਹੋਣ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਉਨ੍ਹਾਂ ‘ਤੇ ਸਭ ਤੋਂ ਪਹਿਲਾਂ ਸੰਸਥਾ ਦਾ ਨਾਂਅ ਗੁਰਮੁਖੀ ਲਿਪੀ ਰਾਹੀਂ ਪੰਜਾਬੀ ਬੋਲੀ ਵਿਚ ਲਿਖਿਆ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਨੇ ਸਦਨ ‘ਚ ਹੱਥ ਜੋੜ ਕੇ ਮੰਗੀ ਮੁਆਫੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰੇ ਸਦਨ ਵਿਚ ਹੱਥ ਜੋੜ ਕੇ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ 93 ਸਾਲ ਦੀ ਹੋ ਗਈ ਹੈ ਅਤੇ ਜੇਕਰ ਸਿਆਸੀ ਜੀਵਨ ਵਿਚ ਉਨ੍ਹਾਂ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਉਹ ਸਾਰਿਆਂ ਤੋਂ ਹੱਥ ਜੋੜ ਕੇ ਮੁਆਫੀ ਮੰਗਦੇ ਹਨ। ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕੀਤਾ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਉਹ ਕਰਤਾਰਪੂਰ ਸਾਹਿਬ ਜਾ ਕੇ ਗੁਰੂ ਦੇ ਚਰਨਾਂ ਵਿਚ ਜ਼ਰੂਰ ਨਤਮਸਤਕ ਹੋਣਗੇ ਅਤੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …