ਟੀਕਾਕਰਨ ਬਾਰੇ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਅਸੀਂ ਪੂਰੀ ਤਰ੍ਹਾਂ ਟਰੈਕ ‘ਤੇ ਹਾਂ
ਓਟਵਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਕੈਨੇਡੀਅਨਾਂ ਨੂੰ ਸਹੀ ਸਮੇਂ ‘ਤੇ ਕਰੋਨਾ ਵੈਕਸੀਨ ਲਗਾਈ ਜਾਵੇਗੀ। ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਇਹ ਤਹੱਈਆ ਪ੍ਰਗਟਾਇਆ ਜਾ ਚੁੱਕਿਆ ਹੈ ਕਿ ਮਈ ਦੇ ਅੰਤ ਤੱਕ ਸਾਰੇ ਬਾਲਗ ਅਮੈਰੀਕਨਜ ਲਈ ਵਾਧੂ ਕੋਵਿਡ-19 ਵੈਕਸੀਨ ਹੋਵੇਗੀ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਹਾਲ ਦੀ ਘੜੀ ਇਹ ਆਖਣ ਲਈ ਤਿਆਰ ਨਹੀਂ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਤੇਜ਼ੀ ਨਾਲ ਹੋਵੇਗਾ। ਪਰ ਇਸ ਗੱਲ ਲਈ ਉਹ ਪੂਰੀ ਤਰ੍ਹਾਂ ਸਕਾਰਾਤਮਕ ਹਨ ਕਿ ਅਜਿਹਾ ਹੋਵੇਗਾ।
ਬਿਡੇਨ ਵੱਲੋਂ ਅਮਰੀਕਾ ਵਿੱਚ ਟੀਕਾਕਰਣ ਵਿੱਚ ਲਿਆਂਦੀ ਗਈ ਤੇਜ਼ੀ ਦੇ ਸਬੰਧ ਵਿੱਚ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਟੀਕਾਕਰਣ ਦੀ ਰਫਤਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਅਸੀਂ ਪੂਰੀ ਤਰ੍ਹਾਂ ਟਰੈਕ ਉੱਤੇ ਹਾਂ ਤੇ ਸਗੋਂ ਮਾਰਚ ਦੇ ਅੰਤ ਤੱਕ ਅਸੀਂ ਜਿੱਥੇ ਹੋਣਾ ਚਾਹੁੰਦੇ ਸੀ ਉਸ ਨਾਲੋਂ ਵੀ ਸਾਡਾ ਸ਼ਡਿਊਲ ਐਡਵਾਂਸ ਹੀ ਚੱਲ ਰਿਹਾ ਹੈ।
ਪਹਿਲੇ ਮਹੀਨਿਆਂ ਵਿੱਚ ਵੈਕਸੀਨ ਦੀ ਡਲਿਵਰੀ ਵਿੱਚ ਹੋਈ ਦੇਰ ਕਾਰਨ ਮਾਸ ਵੈਕਸੀਨੇਸ਼ਨ ਕੰਪੇਨ ਵਿੱਚ ਹੋਈ ਦੇਰ ਨੂੰ ਪ੍ਰਧਾਨ ਮੰਤਰੀ ਦਰੁਸਤ ਹੁੰਦਾ ਵੇਖਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜਿੰਨੀ ਵੈਕਸੀਨ ਦੀ ਸਾਨੂੰ ਲੋੜ ਹੈ ਜੇ ਉਹ ਸਮਾਂ ਰਹਿੰਦਿਆਂ ਸਾਨੂੰ ਹਾਸਲ ਹੋ ਜਾਂਦੀ ਹੈ ਤਾਂ ਅਸੀਂ ਮਾਰ ਨਹੀਂ ਖਾਵਾਂਗੇ। ਫੈਡਰਲ ਸਰਕਾਰ ਵੱਲੋਂ ਇਹ ਤਹੱਈਆ ਪ੍ਰਗਟਾਇਆ ਗਿਆ ਸੀ ਕਿ ਜਿਹੜੇ ਕੈਨੇਡੀਅਨ ਟੀਕਾਕਰਣ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਤੰਬਰ ਦੇ ਅੰਤ ਤੱਕ ਟੀਕਾਕਰਣ ਹੋ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਹੋਰਨਾਂ ਵੈਕਸੀਨਜ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੀ ਸਪਲਾਈ ਜਲਦ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਟੀਚਾ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਜਾ ਸਕਦਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਹਫਤੇ ਹੈਲਥ ਕੈਨੇਡਾ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਨੂੰ ਮਨਜੂਰੀ ਦਿੱਤੇ ਜਾਣ ਨਾਲ ਇਸ ਦੀ ਸਪਲਾਈ ਵੀ ਆਉਣੀ ਸ਼ੁਰੂ ਹੋ ਗਈ ਹੈ ਤੇ ਇਸੇ ਤਰ੍ਹਾਂ ਜੇ ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਡੋਜ਼ ਵਾਲੀ ਵੈਕਸੀਨ ਨੂੰ ਵੀ ਮਨਜੂਰੀ ਦੇ ਦਿੱਤੀ ਜਾਂਦੀ ਹੈ ਤਾਂ ਸੋਨੇ ‘ਤੇ ਸੁਹਾਗੇ ਵਾਲਾ ਕੰਮ ਹੋ ਜਾਵੇਗਾ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …