Breaking News
Home / ਹਫ਼ਤਾਵਾਰੀ ਫੇਰੀ / ਅਕਾਲੀ ਦਲ ਵੱਲੋਂ ਕੀਤੀ ਗਈ ਮੋਦੀ ਲਈ ਧੰਨਵਾਦ ਰੈਲੀ ਵਿਚ ਲੰਗਰ ਦੀ ਹੋਈ ਬੇਅਦਬੀ

ਅਕਾਲੀ ਦਲ ਵੱਲੋਂ ਕੀਤੀ ਗਈ ਮੋਦੀ ਲਈ ਧੰਨਵਾਦ ਰੈਲੀ ਵਿਚ ਲੰਗਰ ਦੀ ਹੋਈ ਬੇਅਦਬੀ

ਅੰਨਦਾਤੇ ਦੀ ਰੈਲੀ ‘ਚ ਰੁਲਿਆ ਅੰਨ
10 ਸਕਿੰਟ ਵੀ ਸਿਰ ‘ਤੇ ਸਜਾ ਕੇ ਨਹੀਂ ਰੱਖ ਸਕੇ ਪ੍ਰਧਾਨ ਮੰਤਰੀ ਦਸਤਾਰ
ਮਲੋਟ/ਬਿਊਰੋ ਨਿਊਜ਼ਸ਼੍ਰੋਮਣੀ ਅਕਾਲੀ ਦਲ ਦੀ ‘ਕਿਸਾਨ ਕਲਿਆਣ ਰੈਲੀ’ ਵਿੱਚ ਦਸਤਾਰ ਅਤੇ ਲੰਗਰ ਦੀ ਬੇਅਦਬੀ ਹੋਈ। ਪੰਥਕ ਧਿਰਾਂ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਟੇਜ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਤਾਰ ਸਜਾਈ ਗਈ, ਜੋ ਉਨ੍ਹਾਂ ਨੇ ਇਕ ਪਲ ਵਿਚ ਉਤਾਰ ਕੇ ਵਾਪਸ ਫੜਾ ਦਿੱਤੀ। ਪੰਥਕ ਆਗੂ ਇਸ ਨੂੰ ਦਸਤਾਰ ਦੀ ਬੇਅਦਬੀ ਮੰਨ ਰਹੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਲੋਕਾਂ ਲਈ ਕੁਝ ਥਾਵਾਂ ‘ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਰੈਲੀ ਦੀ ਸਮਾਪਤੀ ਤੋਂ ਕੁਝ ਸਮਾਂ ਬਾਅਦ ਲੰਗਰ ਪੈਰਾਂ ਵਿੱਚ ਰੁਲ ਰਿਹਾ ਸੀ ਅਤੇ ਉਥੇ ਕੋਈ ਵੀ ਅਕਾਲੀ ਆਗੂ ਮੌਜੂਦ ਨਹੀਂ ਸੀ। ਪੰਡਾਲ ‘ਸਵੱਛ ਭਾਰਤ ਮੁਹਿੰਮ’ ਦਾ ਮੂੰਹ ਚਿੜ੍ਹਾਅ ਰਿਹਾ ਸੀ। ਬਾਦਲ ਵਿਰੋਧੀਆਂ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਚਰਚੇ ਸੀ ਕਿ ਸ਼੍ਰੋਮਣੀ ਕਮੇਟੀ ਤਰਫ਼ੋਂ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਆਗੂ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ।ਰੈਲੀ ਵਾਲੀ ਥਾਂ ਨੇੜੇ ਲੰਗਰ ਖਿੱਲਰਿਆ ਪਿਆ ਸੀ ਅਤੇ ਕੁਝ ਥਾਵਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਵੀ ਪਏ ਸਨ। ਕੁਝ ਲੋੜਵੰਦ ਔਰਤਾਂ ਲੰਗਰ ਚੁੱਕ ਰਹੀਆਂ ਸਨ। ਲੰਗਰ ਉੱਪਰੋਂ ਦੀ ਵਾਹਨ ਲੰਘ ਰਹੇ ਸਨ ਅਤੇ ਲੋਕ ਵੀ ਲੰਗਰ ਨੂੰ ਲਤਾੜ ਕੇ ਜਾ ਰਹੇ ਸਨ। ਅਕਾਲੀ ਲੀਡਰਸ਼ਿਪ ਵੱਲੋਂ ਤਿੰਨ ਚਾਰ ਥਾਵਾਂ ‘ਤੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਪੁਲਿਸ ਮੁਲਾਜ਼ਮਾਂ ਲਈ ਵੱਖਰਾ ਲੰਗਰ ਲਾਇਆ ਹੋਇਆ ਸੀ। ਪਤਾ ਲੱਗਾ ਹੈ ਕਿ ਇੱਕ ਡੇਰੇ ਵਿਚੋਂ ਵੀ ਲੰਗਰ ਤਿਆਰ ਹੋ ਕੇ ਆਇਆ ਸੀ।ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਤਰਫ਼ੋਂ ਇੱਕ ਰਾਜਸੀ ਰੈਲੀ ਵਾਸਤੇ ਲੰਗਰ ਭੇਜਿਆ ਗਿਆ ਅਤੇ ਮੁਫ਼ਤ ਵਿੱਚ ਲੰਗਰ ਮਿਲੇ ਹੋਣ ਕਰਕੇ ਇਸ ਦੀ ਰੈਲੀ ਮਗਰੋਂ ਬੇਅਦਬੀ ਹੋਈ ਹੈ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਪੱਗ ਦੀ ਕੀਮਤ ਦਾ ਅਹਿਸਾਸ ਨਹੀਂ, ਜਿਨ੍ਹਾਂ ਨੇ ਇੱਕ ਪਲ ਵਿੱਚ ਦਸਤਾਰ ਉਤਾਰ ਦਿੱਤੀ।ਇਸੇ ਦੌਰਾਨ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਪ੍ਰਧਾਨ ਮੰਤਰੀ ਦੀ ਮਲੋਟ ਰੈਲੀ ਵਿਚੋਂ ਗੈਰਹਾਜ਼ਰ ਰਹੇ। ਸ਼੍ਰੋਮਣੀ ਅਕਾਲੀਦਲ ਨੇ ਉਨ੍ਹਾਂ ਨੂੰ ਇਸ ਰੈਲੀ ਲਈ ਨਾ ਕੋਈ ਸੱਦਾ ਭੇਜਿਆ ਅਤੇ ਨਾ ਹੀ ਘੁਬਾਇਆ ਨੇ ਖੁਦ ਆਉਣ ਦੀ ਲੋੜ ਸਮਝੀ। ਘੁਬਾਇਆ ਸਾਰਾ ਦਿਨ ਆਪਣੇ ਜੱਦੀ ਪਿੰਡ ਘੁਬਾਇਆ ਵਿੱਚ ਰਹੇ। ਰੈਲੀ ਦੇ ਕਿਸੇ ਵੀ ਬੈਨਰ ਅਤੇ ਪੋਸਟਰ ‘ਤੇ ਘੁਬਾਇਆ ਦੀ ਤਸਵੀਰ ਨਹੀਂ ਸੀ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …